ਕੈਪਟਨ ਵੱਲੋਂ ਸੂਬਾ ਸਰਕਾਰ ਦੇ 3 ਸਾਲ ਪੂਰੇ ਹੋਣ ''ਤੇ ਅਹਿਮ ਐਲਾਨਾਂ ਦੀ ਸੰਭਾਵਨਾ
Saturday, Mar 14, 2020 - 09:13 PM (IST)
ਜਲੰਧਰ,(ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਕੁਝ ਅਹਿਮ ਐਲਾਨ ਕੀਤੇ ਜਾਣ ਦੀਆਂ ਸੰਭਾਵਨਾਵਾਂ ਹਨ। ਜਿਨ੍ਹਾਂ ਨੂੰ ਮੁੱਖ ਮੰਤਰੀ ਨਾਲ ਜੁੜੇ ਅਧਿਕਾਰੀਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਨਾਲ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ । ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋ ਜਨਤਾ ਨੂੰ ਰਾਹਤ ਦੇਣ ਸਬੰਧੀ ਕੁਝ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ ।
ਜਾਣਕਾਰੀ ਹਲਕਿਆਂ ਅਨੁਸਾਰ ਬਿਜਲੀ ਦਰਾਂ 'ਚ ਰਾਹਤ ਦੇਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਬਿਜਲੀ ਡਿਊਟੀ 'ਚ ਕਟੌਤੀ ਕਰਨ ਬਾਰੇ ਵੀ ਕੈਪਟਨ ਅਮਰਿੰਦਰ ਸਿੰਘ ਵਿਚਾਰ ਕਰ ਰਹੇ ਹਨ । ਮੁੱਖ ਮੰਤਰੀ ਦੇ ਨੇੜਲੇ ਆਗੂਆਂ ਨੇ ਦੱਸਿਆ ਕਿ ਰੇਤ ਅਤੇ ਬੱਜਰੀ ਬਾਰੇ ਵੀ ਸਰਕਾਰ ਵਿਚਾਰ-ਵਟਾਂਦਰਾ ਕਰਨ ਲੱਗੀ ਹੋਈ ਹੈ ਪਰ ਅੰਤਿਮ ਫ਼ੈਸਲਾ ਮੁੱਖ ਮੰਤਰੀ ਦੀ ਸਹਿਮਤੀ ਨਾਲ ਲਿਆ ਜਾਵੇਗਾ। ਮੁੱਖ ਮੰਤਰੀ ਤਿੰਨ ਸਾਲ ਪੂਰੇ ਕਰਨ 'ਤੇ ਕੁਝ ਐਲਾਨ ਕਰਨਗੇ ਕਿਉਂਕਿ ਉਨ੍ਹਾਂ ਦਾ ਵਿਚਾਰ ਹੈ ਕਿ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਐਲਾਨਾਂ ਨਾਲ ਅਗਲੇ ਡੇਢ ਸਾਲ ਤੱਕ ਸਰਕਾਰ ਨੂੰ ਚਲਾਉਣਾ ਹੈ। ਇਸ ਤੋਂ ਇਲਾਵਾ, ਰਾਜ ਦੀ ਮਾਲੀ ਹਾਲਤ 'ਤੇ ਵੀ ਸਰਕਾਰ ਨੇ ਨਜ਼ਰ ਰੱਖਣੀ ਹੈ, ਪਰ ਹੁਣ ਕਿਉਂਕਿ ਸਰਕਾਰ ਦੀ ਨਿਤਾ-ਪ੍ਰਤੀ ਆਮਦਨ ਖ਼ਰਚਿਆਂ ਦੇ ਮੁਕਾਬਲੇ 'ਚ ਜ਼ਿਆਦਾ ਹੋ ਚੁੱਕੀ ਹੈ ਇਸ ਲਈ ਸਰਕਾਰ 'ਤੇ ਬੋਝ ਹਲਕਾ ਜ਼ਰੂਰ ਹੋਇਆ ਹੈ ਜਿਸ ਕਾਰਨ ਸਰਕਾਰ ਵੱਲੋਂ ਜਨਤਾ ਨੂੰ ਰਿਆਇਤਾਂ ਦੇਣ ਦਾ ਐਲਾਨ ਬਜਟ ਇਜਲਾਸ ਨਾਲ ਸ਼ੁਰੂ ਕਰ ਦਿੱਤਾ ਗਿਆ ਸੀ ।
ਬਿਜਲੀ ਦਰਾਂ ਬਾਰੇ ਪੰਜਾਬ ਕਾਂਗਰਸ ਨੇ ਵੀ ਮਾਮਲਾ ਚੁੱਕਿਆ ਸੀ। ਪੰਜਾਬ ਰਾਜ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਗ਼ੈਰ-ਸਰਕਾਰੀ ਕੰਪਨੀਆਂ ਕੀਤੇ ਗਏ ਸਮਝੌਤਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਬਿਜਲੀ ਸਮਝੌਤਿਆਂ ਬਾਰੇ ਮੁੜ ਵਿਚਾਰ ਕਰਨ ਦਾ ਐਲਾਨ ਕੀਤਾ ਹੋਇਆ ਹੈ। ਬਿਜਲੀ ਸਮਝੌਤਿਆਂ ਬਾਰੇ ਵਿਧਾਨ ਸਭਾ ਦੇ ਅਗਲੇ ਇਜਲਾਸ 'ਚ ਸਰਕਾਰ ਸਫ਼ੈਦ-ਪੱਤਰ ਵੀ ਲਿਆਉਣ ਜਾ ਰਹੀ ਹੈ । ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਕਿਹਾ ਹੈ ਕਿ ਰੇਤ-ਬੱਜਰੀ ਦਾ ਮਾਮਲਾ ਵੀ ਜਨਤਾ ਨਾਲ ਜੁੜਿਆ ਹੋਇਆ ਹੈ , ਪਰ ਇਸ ਨਾਲ ਸਰਕਾਰੀ ਆਮਦਨ ਦਾ ਵੀ ਸਬੰਧ ਹੈ । ਰੇਤ ਮਾਫ਼ੀਆ ਦੀ ਨਕੇਲ ਕੱਸਣ ਵਰਗੇ ਫ਼ੈਸਲੇ ਵੀ ਮੁੱਖ ਮੰਤਰੀ ਦੇ ਵਿਚਾਰ ਅਧੀਨ ਹਨ। ਕੈਪਟਨ ਅਮਰਿੰਦਰ ਸਿੰਘ ਇਹ ਵਿਚਾਰ ਵੀ ਕਰ ਰਹੇ ਹਨ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਭਨਾਂ ਮੁੱਦਿਆਂ ਨੂੰ ਨਬੇੜ ਦਿੱਤਾ ਜਾਵੇ ਤਾਂ ਕਿ ਵਿਰੋਧੀ ਧਿਰ ਕੋਲ ਕੋਈ ਮੁੱਦਾ ਨਾ ਰਹਿ ਜਾਵੇ।