ਪੰਜਾਬ ਤੋਂ ਵਧ ਹਿਮਾਚਲ ਦੇ ਗੇੜੇ ਕੱਢ ਰਿਹੈ ਕੈਪਟਨ ਦਾ ਹੈਲੀਕਾਪਟਰ
Tuesday, Aug 21, 2018 - 10:55 AM (IST)
ਪਟਿਆਲਾ— ਕੈਪਟਨ ਸਰਕਾਰ ਦੇ ਹੈਲੀਕਾਪਟਰ ਦੀ ਗੂੰਜ ਹੁਣ ਪੰਜਾਬ ਤੋਂ ਵੱਧ ਪਹਾੜਾਂ 'ਚ ਪੈਂਦੀ ਹੈ। ਮੁੱਖ ਮੰਤਰੀ ਦਾ ਔਸਤਨ ਹਰ ਮਹੀਨੇ ਹਿਮਾਚਲ ਪ੍ਰਦੇਸ਼ ਦਾ ਗੇੜਾ ਰਿਹਾ ਹੈ। ਇਹ ਗੱਲ ਤਾਂ ਹੁਣ ਸਾਰਿਆਂ ਨੂੰ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਾਦੀਆਂ ਨਾਲ ਨੇੜਿਓਂ ਜੁੜੇ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦਾ ਫਾਰਮ ਹਾਊਸ ਵੀ ਹਿਮਾਚਲ ਪ੍ਰਦੇਸ਼ ਵਿਚ ਪੈਂਦਾ ਹੈ। ਹਿਮਾਚਲ ਪ੍ਰਦੇਸ਼ ਦੇ ਆਮ ਰਾਜ ਪ੍ਰਬੰਧ ਵਿਭਾਗ ਤੋਂ ਆਰ.ਟੀ.ਆਈ. ਵਿਚ ਪ੍ਰਾਪਤ ਵੇਰਵਿਆਂ ਤੋਂ ਇਹ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ 19 ਮਈ ਤੋਂ 23 ਮਈ 2018 ਤੱਕ ਬਤੌਰ ਸਰਕਾਰੀ ਮਹਿਮਾਨ ਮਨਾਲੀ ਦੇ ਹੋਟਲ ਉਰਵਸ਼ੀ ਰਿਟਰੀਟ ਵਿਚ ਰੁੱਕੇ। ਉਨ੍ਹਾਂ ਦੇ ਨੇੜਲੇ ਦੋ ਸਟਾਫ ਮੈਂਬਰ ਵੀ ਨਾਲ ਸਨ। ਜ਼ੈਡ ਪਲੱਸ ਸੁਰੱਖਿਆ ਹੋਣ ਕਰਕੇ ਹਿਮਾਚਲ ਸਰਕਾਰ ਨੇ 5 ਦਿਨ ਸਖਤ ਸੁਰੱਖਿਆ ਪਹਿਰਾ ਰੱਖਿਆ। ਕਰੀਬ 45 ਸੁਰੱਖਿਆ ਅਫਸਰਾਂ ਅਤੇ ਮੁਲਾਜ਼ਮਾਂ ਲਈ ਰੁੱਕਣ ਦਾ ਵਖਰਾ ਪ੍ਰਬੰਧ ਕੀਤਾ ਗਿਆ। ਪਾਇਲਟ ਅਤੇ ਐਸਕਾਰਟ ਲਈ 2 ਇਨੋਵਾ ਅਤੇ 2 ਜਿਪਸੀਆਂ ਦਿੱਤੀਆਂ ਗਈਆ। ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਮਨਾਲੀ ਦੌਰੇ ਦਾ ਖਰਚਾ ਵੀ ਚੁੱਕਿਆ ਹੈ।
ਦੱਸਣਯੋਗ ਹੈ ਕਿ ਅਮਰਿੰਦਰ ਦਾ ਇਹ ਦੌਰਾ ਕਾਫੀ ਚਰਚਾ ਵਿਚ ਵੀ ਰਿਹਾ ਹੈ। ਦੋ ਹਫਤਿਆਂ ਮਗਰੋਂ ਹੀ ਮੁੱਖ ਮੰਤਰੀ ਮੁੜ 8 ਜੂਨ ਨੂੰ ਹਿਮਾਚਲ ਪ੍ਰਦੇਸ਼ ਚਲੇ ਗਏ ਜਿਥੇ ਉਹ ਕਾਂਡਿਆਲੀ ਵਿਚ 12 ਜੂਨ 2018 ਤੱਕ ਰਹੇ। ਇਨ੍ਹਾਂ 5 ਦਿਨਾਂ ਦਾ ਖਰਚਾ ਵੀ ਪ੍ਰਾਹੁਣਚਾਰੀ ਮਹਿਕਮੇ ਨੇ ਚੁੱਕਿਆ। ਦੂਜੇ ਪਾਸੇ ਹੈਲੀਕਾਪਟਰ ਦਾ ਖਰਚਾ ਪੰਜਾਬ ਸਰਕਾਰੀ ਚੁੱਕਦੀ ਹੈ। ਇਸੇ ਤਰ੍ਹਾਂ ਕੈਪਟਨ 27 ਅਤੇ 28 ਅਪ੍ਰੈਲ 2017 ਨੂੰ ਸ਼ਿਮਲਾ/ਕਾਂਡਿਆਲੀ ਅਤੇ ਇਸ ਤੋਂ ਬਾਅਦ 18 ਮਈ ਤੋਂ 22 ਮਈ 2017 ਤੱਕ ਸ਼ਿਮਲਾ/ਕਾਂਡਿਆਲੀ ਵਿਚ ਰਹੇ। ਜਦੋਂ ਕਿ ਮੁੱਖ ਮੰਤਰੀ ਨੇ ਸਹੁੰ ਚੁੱਕਣ ਮਗਰੋਂ ਪੰਜਾਬ ਦੇ ਬਹੁਤ ਘੱਟ ਗੇੜੇ ਲਾਏ ਹਨ। ਅਹਿਮ ਸਮਾਗਮਾਂ 'ਤੇ ਵੀ ਵਜ਼ੀਰ ਹੀ ਹਾਜ਼ਰੀ ਭਰਦੇ ਹਨ। ਪੰਜਾਬ ਦੇ ਬਹੁਤੇ ਜ਼ਿਲਿਆਂ ਵਿਚ ਮੁੱਖ ਮੰਤਰੀ ਨੇ ਇਕ ਵੀ ਗੇੜਾਂ ਹਾਲੇ ਤੱਕ ਨਹੀਂ ਮਾਰਿਆ ਹੈ।
ਆਓ ਜਾਣਦੇ ਹਾਂ ਕੈਪਟਨ ਕਦੋਂ ਅਤੇ ਕਿੱਥੇ ਗਏ—
ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਤੋਂ ਆਰ.ਟੀ.ਆਈ. ਤਹਿਤ ਸਰਕਾਰੀ ਹੈਲੀਕਾਪਟਰ ਦੀ ਹਾਸਲ ਕੀਤੀ ਲਾਗ ਬੁੱਕ ਮੁਤਾਬਕ ਹੈਲੀਕਾਪਟਰ ਦੇ ਦਰਜਨਾਂ ਗੇੜੇ ਚੰਡੀਗੜ੍ਹ-ਸ਼ਿਮਲਾ ਦੇ ਲੱਗੇ ਹਨ। ਕੈਪਟਨ ਸਰਕਾਰ ਦੇ ਹੈਲੀਕਾਪਟਰ ਦਾ 27 ਅਪ੍ਰੈਲ 2017 ਨੂੰ ਸ਼ਿਮਲਾ, 5 ਦਿਨਾਂ ਮਗਰੋਂ ਮੁੜ ਪਹਿਲੀ ਮਈ ਨੂੰ ਸ਼ਿਮਲਾ ਤੇ 31 ਮਈ ਨੂੰ ਤੇ 1 ਜੂਨ 2017 ਨੂੰ ਵੀ ਸ਼ਿਮਲਾ ਦਾ ਹੀ ਟੂਰ ਰਿਹਾ ਹੈ। 24 ਜੂਨ 2017 ਨੂੰ ਤਾਂ ਹੈਲੀਕਾਪਟਰ ਨੇ ਸ਼ਿਮਲਾ ਦੇ ਦੋ ਗੇੜੇ ਲਾਏ। ਇੰਝ ਹੀ 15 ਸਤੰਬਰ ਅਤੇ 17 ਸਤੰਬਰ 2017 ਨੂੰ ਵੀ ਹੈਲੀਕਾਪਟਰ ਹਿਮਾਚਲ ਗਿਆ। ਹੈਲੀਕਾਪਟਰ ਦੇ 20 ਅਕਤੂਬਰ ਅਤੇ 23 ਅਕਤੂਬਰ 2017 ਨੂੰ ਵੀ ਸ਼ਿਮਲਾ ਦੇ ਗੇੜੇ ਰਹੇ। ਜਦੋਂ ਕਿ ਗੱਠਜੋੜ ਸਰਕਾਰ ਸਮੇਂ ਸਰਕਾਰੀ ਹੈਲੀਕਾਪਟਰ ਨੂੰ ਭੋਗਾਂ ਅਤੇ ਵਿਆਹਾਂ 'ਤੇ ਜਾਣ ਲਈ ਵਰਤਿਆ ਜਾਂਦਾ ਸੀ। ਹੈਲੀਕਾਪਟਰ ਦਾ 27 ਦਸੰਬਰ 2017 ਨੂੰ ਦੇਹਰਾਦੂਨ ਦਾ ਗੇੜਾ ਰਿਹਾ ਹੈ। ਇਸੇ ਤਰ੍ਹਾਂ 8 ਜੁਲਾਈ 2017 ਨੂੰ ਹੈਲੀਕਾਪਟਰ ਨੇ ਕੇਦਾਰਨਾਥ ਅਤੇ ਬਦਰੀਨਾਥ ਦਾ ਚੱਕਰ ਲਾਇਆ। ਉਸ ਤੋਂ ਪਹਿਲਾਂ 7 ਅਪ੍ਰੈਲ 2017 ਨੂੰ ਹੈਲੀਕਾਪਟਰ ਵੈਸ਼ਨੋ ਦੇਵੀ ਦਾ ਚੱਕਰ ਲਗਾ ਕੇ ਆਇਆ ਸੀ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਤੋਂ ਇਲਾਵਾ ਹੈਲੀਕਾਪਟਰ ਦੀ ਵਰਤੋਂ ਦੂਜੇ ਵੀ. ਆਈ. ਪੀਜ਼. ਨੇ ਵੀ ਕੀਤੀ ਹੈ।
