ਬੇਰੁਜ਼ਗਾਰ ਈ.ਟੀ.ਟੀ.ਟੈੱਟ ਪਾਸ ਅਧਿਆਪਕਾਂ ਲਈ ਮੁਸੀਬਤ ਬਣਿਆ 'ਕੋਰੋਨਾ ਵਾਇਰਸ'

Thursday, Apr 02, 2020 - 04:34 PM (IST)

ਬੇਰੁਜ਼ਗਾਰ ਈ.ਟੀ.ਟੀ.ਟੈੱਟ ਪਾਸ ਅਧਿਆਪਕਾਂ ਲਈ ਮੁਸੀਬਤ ਬਣਿਆ 'ਕੋਰੋਨਾ ਵਾਇਰਸ'

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ): ਕੈਪਟਨ ਸਰਕਾਰ ਦੇ ਸੱਤਾ 'ਚ ਆਉਣ ਤੋਂ ਹੀ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀ ਦੀ ਬਜਾਏ ਸਰਕਾਰ ਤੋਂ ਉਨ੍ਹਾਂ ਨੂੰ ਸਿਰਫ ਡਾਂਗਾਂ ਹੀ ਨਸੀਬ ਹੋਈਆਂ। ਇਸ ਦੌਰਾਨ ਸਿੱਖਿਆ ਮੰਤਰੀ ਵਲੋਂ ਮੀਟਿੰਗਾਂ ਵੀ ਕੀਤੀਆਂ ਗਈਆਂ ਪਰ ਉਨ੍ਹਾਂ 'ਚ ਵੀ ਲਾਰੇ ਹੀ ਪੱਲੇ ਪਏ।

ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: ਦੇਖਭਾਲ ਕਰਨ ਵਾਲੀ ਔਰਤ ਨੇ ਹੀ ਕੀਤੀ ਬੱਚੀ ਦੀ ਬੁਰੀ ਤਰ੍ਹਾਂ ਕੁੱਟਮਾਰ

ਈ.ਟੀ.ਟੀ. ਟੈੱਟ ਪਾਸ ਅਧਿਆਪਕ ਆਪਣੇ ਸੰਘਰਸ਼ ਦੌਰਾਨ 4 ਵਾਰ ਟੈਂਕੀ (ਦੀਨਾ ਨਗਰ, ਮੌਹਾਲੀ,ਬਹਾਰਦਰਗੜ੍ਹ, ਸੰਗਰੂਰ) 'ਤੇ ਚੜ੍ਹੇ, ਤਿੰਨ ਵਾਰ ਤਾਂ  ਸਿੱਖਿਆ ਮੰਤਰੀ ਬਦਲੇ ਗਏ (ਅਰੁਣਾ ਚੌਧਰੀ, ਓ.ਪੀ. ਸੋਨੀ, ਵਿਜੇਇੰਦਰ ਸਿੰਗਲਾ) ਅਨੇਕਾਂ ਵਾਰ ਡਾਂਗਾਂ ਖਾਧੀਆਂ ਪਰ ਸਰਕਾਰ ਟਸ ਤੋਂ ਮਸ ਨਾ ਹੋਈ। ਇਸ ਦੇ ਨਾਲ-ਨਾਲ ਅਧਿਆਪਕਾਂ ਵਲੋਂ ਹੋਰ ਵੱਖ-ਵੱਖ ਤਰੀਕੇ ਨਾਲ ਵੀ ਸੰਘਰਸ਼ ਕੀਤਾ ਗਿਆ, ਜਿਸ 'ਚ ਭੁੱਖ ਹੜਤਾਲਾਂ, ਮਰਨ ਵਰਤ ਰੱਖਣਾ, ਬੇਰੁਜ਼ਗਾਰੀ ਦੇ ਸਤਾਏ ਨਹਿਰਾਂ 'ਚ ਛਾਲਾਂ ਮਾਰਨ ਨੂੰ ਮਜ਼ਬੂਰ ਹੋਣਾ, ਜੇਲ ਭਰੋ ਅੰਦੋਲਨ ਕਰਨਾ ਅਤੇ ਸਰਕਾਰ ਦੇ ਅੜੀਅਲ ਰਵੱਈਏ ਤੋਂ ਅੱਕ ਕੇ ਸੜਕਾਂ ਜਾਮ ਕਰਨੀਆਂ ਸ਼ਾਮਲ ਰਿਹਾ। ਜਦੋਂ ਤੱਕ ਸੰਘਰਸ਼ ਚੱਲਿਆ ਓਦੋਂ ਤੱਕ ਹਰ ਤਿਉਹਾਰ ਦਾ ਰੰਗ ਕਾਲਾ ਹੀ ਰਿਹਾ, ਕਾਲਾ ਦੁਸਹਿਰਾ, ਕਾਲੀ ਦੀਵਾਲੀ ਅਤੇ ਕਾਲੀ ਹੌਲੀ ਆਦਿ।

ਇਹ ਵੀ ਪੜ੍ਹੋ:ਭਾਈ ਨਿਰਮਲ ਸਿੰਘ ਜੀ ਦੇ ਰੂਹਾਨੀ ਜੀਵਨ 'ਤੇ ਇਕ ਸੰਖੇਪ ਝਾਤ

ਸਰਕਾਰ ਵਲੋਂ ਉਨ੍ਹਾਂ ਦੇ ਸੰਘਰਸ਼ ਨੂੰ ਖਰਾਬ ਕਰਨ ਲਈ ਕਈ ਦਾਅ ਵੀ ਖੇਡੇ, ਜਿਵੇਂ ਕਿ ਉਨ੍ਹਾਂ ਦੀ ਭਰਤੀ ਦੀ ਯੋਗਤਾ ਹੀ ਬਦਲ ਦਿੱਤੀ, ਜਿਸ ਦੇ ਆਧਾਰ 'ਤੇ ਉਨ੍ਹਾਂ ਨੇ ਕੋਰਸ ਕੀਤਾ ਤੇ ਟੈੱਟ ਪਾਸ ਕੀਤਾ। ਉਹ ਯੋਗਤਾ ਤਾਂ ਹੋਰ ਸੀ ਪਰ ਨੌਕਰੀ ਦੇਣ ਲੱਗੇ ਬੀ.ਏ. ਦੀ ਮੰਗ ਰੱਖ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਸੰਘਰਸ਼ ਦੀ ਦਿਸ਼ਾ ਯੋਗਤਾ ਬਦਲਾਉਣ ਵੱਲ ਕਰਨੀ ਪਈ ਪਰ ਜਦੋਂ ਹੁਣ ਸੰਘਰਸ਼ ਅੰਤਿਮ ਪੜਾਅ 'ਤੇ ਸੀ, ਉਦੋਂ ਦੇਸ਼ ਉਪਰ 'ਕਰੋਨਾ ਵਾਇਰਸ' ਮਹਾਮਾਰੀ ਫੈਲ ਗਈ ਜਿਸ ਦੇ ਨਾਲ ਕਿ ਉਨ੍ਹਾਂ ਨੂੰ ਆਪਣਾ 200 ਦਿਨਾਂ ਤੋਂ ਚੱਲਦਾ ਆ ਰਿਹਾ ਸੰਘਰਸ਼ ਮੁਲਤਵੀ ਕਰਨਾ ਪਿਆ। ਇਸ ਲੰਬੇਂ ਸੰਘਰਸ਼ ਕਾਰਨ ਸਰਕਾਰ ਵਲੋਂ 1664 ਪੋਸਟਾਂ ਕੱਢੀਆ ਤਾਂ ਗਈਆਂ ਪਰ ਪੋਸਟਾਂ ਦੀ ਗਿਣਤੀ ਨਿਗੁਣੀ ਹੀ ਸਾਬਤ ਹੋਈ ਹੈ, ਕਿਉਂਕਿ ਪੰਜਾਬ 'ਚ 14136 ਟੈੱਟ ਪਾਸ ਬੇਰੁਜ਼ਗਾਰ ਪਹਿਲਾਂ ਹੀ ਮੌਜੂਦ ਹਨ ਤੇ ਹੁਣ ਸਾਲ 2018 ਦੇ ਟੈੱਟ ਦਾ ਨਤੀਜਾ ਆ ਗਿਆ। ਜਿਸ ਦੇ ਨਾਲ ਕਿ ਉਨ੍ਹਾਂ ਬੇਰੁਜ਼ਗਾਰਾਂ ਦੀ ਗਿਣਤੀ ਹੋਰ ਵੀ ਵੱਧ ਗਈ। ਸੋ ਕੇਵਲ 1664 ਪਸੋਟਾਂ ਦੀ ਗਿਣਤੀ 'ਊਠ ਦੇ ਮੂੰਹ ਵਿੱਚ ਜ਼ੀਰਾ' ਸਾਬਤ ਹੋਈ ਹੈ।

ਇਹ ਵੀ ਪੜ੍ਹੋ: ਸਾਨੂੰ ਕੋਰੋਨਾ ਤੋਂ ਬਚਾਅ ਸਕਦੈ ਹਨ ਇਹ ਛੋਟੇ-ਛੋਟੇ ਉਪਾਅ

ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਬੇਰੁਜ਼ਗਾਰ ਜੋ ਬਹੁਤ ਗਿਣਤੀ ਦਿਹਾੜੀ ਜਾਂ ਕੋਈ ਹੋਰ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਸੀ, ਪਰ ਕੋਰੋਨਾ ਵਾਇਰਸ ਕਾਰਨ ਲਾਗੂ ਕਰਫਿਊ/ਤਾਲਾਬੰਦੀ ਕਾਰਨ ਅੱਜ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਹਨ ਕਿ ਉਨ੍ਹਾਂ ਦੇ ਸਾਰੇ ਕੰਮ ਕਾਰ ਠੱਪ ਹੋ ਗਏ ਹਨ। ਜਿਸ ਕਾਰਨ ਘਰ ਦੇ ਹਾਲਾਤ ਇਸ ਕਦਰ ਖਰਾਬ ਹਨ ਕਿ ਭਾਂਡੇ ਤੱਕ ਖਾਲੀ ਹੋਣ ਦੇ ਕਿਨਾਰੇ ਹਨ। ਹੁਣ ਸਵਾਲ ਇਹ ਹੈ ਕਿ, ਕੀ ਉਹ ਅਧਿਆਪਕ ਮੰਗ ਕੇ ਖਾਣਗੇ? ਇਸ ਦਾ ਜਵਾਬ 'ਨਹੀਂ' ਹੈ, ਕਿਉਂਕਿ ਉਨ੍ਹਾਂ ਨੇ ਜੇਕਰ ਮੰਗ ਕੇ ਹੀ ਖਾਣਾ ਹੁੰਦਾ ਤਾਂ ਮੰਗਾਂ ਦੀ ਪੂਰਤੀ ਲਈ ਸਰਕਾਰ ਖਿਲਾਫ ਸੰਘਰਸ਼ ਦਾ ਰਾਹ ਹੀ ਨਾ ਅਖਤਿਆਰ ਕਰਦੇ।ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਆਪਣੀ ਜੁਝਾਰੂ ਵਿਰਾਸਤ ਤੋਂ ਸਬਕ ਲੈ ਕੇ, ਪੰਜਾਬ ਸਰਕਾਰ ਦੀ ਬੇਰੁਜ਼ਗਾਰਾਂ ਦਾ ਹਰੇਕ ਪੱਖੋ ਘਾਣ ਕਰਨ ਵਾਲੀਆਂ ਚਾਲਾਂ ਤੇ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ ਅਤੇ ਖਾਲੀ ਹਜ਼ਾਰਾਂ ਅਸਾਮੀਆਂ ਦੀ ਗਿਣਤੀ ਅਨੁਸਾਰ ਭਰਤੀ ਦਾ ਇਸ਼ਤਹਾਰ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਫਿਰ ਤੋਂ ਸੰਘਰਸ਼ ਦਾ ਮੈਦਾਨ ਭਖਾਉਣ ਲਈ ਤਿਆਰ ਬਰ ਤਿਆਰ ਰਹਿਣਗੇ।


author

Shyna

Content Editor

Related News