ਬੇਅਬਾਦ ਪਈਆਂ ਜ਼ਮੀਨਾਂ ਨੂੰ ਕੀਤਾ ਆਬਾਦ, ਕੈਪਟਨ ਸਰਕਾਰ ਵਲੋਂ ਪਿੰਡਾਂ ''ਚ ਪਾਰਕ ਬਣਾਉਣ ਦਾ ਆਗਾਜ਼
Sunday, Mar 15, 2020 - 11:05 AM (IST)
ਫਰੀਦਕੋਟ (ਹਾਲੀ) - ਸਰਕਾਰ ਕੋਈ ਵੀ ਆਵੇ, ਵਿਕਾਸ ਕੰਮ ਕਰਦੀ ਹੈ ਅਤੇ ਅਰਬਾਂ ਰੁਪਏ ਖਰਚ ਹੁੰਦੇ ਹਨ। ਕੁਝ ਅਜਿਹੇ ਕੰਮ ਵੀ ਕੀਤੇ ਜਾਂਦੇ ਹਨ, ਜੋ ਵਿਲੱਖਣ, ਚਿਰਾਂ ਤੱਕ ਯਾਦ ਰਹਿਣ ਵਾਲੇ, ਘੱਟ ਖਰਚ ਕਰਕੇ ਬਹੁਮੰਤਵੀ ਫਾਇਦੇ ਅਤੇ ਸਿਰਫ ਜਨਤਕ ਹਿੱਤ 'ਚ ਕੀਤੇ ਜਾਂਦੇ ਹਨ, ਜਿਨਾਂ ਨੂੰ ਇਸ ਵੇਲੇ ਪੰਜਾਬ 'ਚ ਪਹਿਲ ਦੇ ਰਹੀ ਹੈ ਉਹ ਹੈ ਕਾਂਗਰਸ ਸਰਕਾਰ। ਇਨਾਂ ਵਿਲੱਖਣ ਖੂਬੀਆਂ ਵਾਲੇ ਕੰਮਾਂ ਦਾ ਅਗਰ ਜ਼ਿਕਰ ਕਰਨਾ ਹੋਵੇਗਾ ਤਾਂ ਪੰਜਾਬ 'ਚ ਸਭ ਤੋਂ ਪਹਿਲਾਂ ਫਰੀਦਕੋਟ ਜ਼ਿਲੇ ਦੇ ਪਿੰਡ ਸਾਦਿਕ ਦਾ ਨਾਮ ਆਉਂਦਾ ਹੈ, ਜਿਥੇ ਘੱਟ ਰੁਪਏ ਦੀ ਲਾਗਤ ਨਾਲ ਉਜਾੜ ਹੋਏ ਸਟੇਡੀਅਮ ਦੀ ਥਾਂ ਨੂੰ ਇਕ ਐਸਾ ਸੁੰਦਰ ਪਾਰਕ ਬਣਾ ਦਿੱਤਾ, ਜੋ ਇਲਾਕੇ ਦੇ ਲੋਕਾਂ ਲਈ ਸੈਰਗਾਹ ਅਤੇ ਬੱਚਿਆਂ ਲਈ ਖੇਡ ਮੈਦਾਨ ਵਜੋਂ ਵਿਕਸਤ ਹੋ ਗਿਆ ਹੈ। ਇਥੋਂ ਹੀ ਪੰਜਾਬ ਅੰਦਰ ਕੈਪਟਨ ਸਰਕਾਰ ਨੇ ਸ਼ਹਿਰਾਂ ਵਾਂਗ ਪਿੰਡਾਂ 'ਚ ਪਾਰਕ ਸੱਭਿਆਚਾਰ ਪੈਦਾ ਕਰਨ ਦੀ ਸ਼ੁਰੂਆਤ ਕੀਤੀ ਹੈ, ਜੋ ਰਾਜ ਦੇ ਦਰਜ਼ਨਾਂ ਪਿੰਡਾਂ ਤੱਕ ਪਹੁੰਚ ਚੁੱਕੀ ਹੈ।
ਪਿੰਡ ਸਾਦਿਕ ਦੇ ਨਿਵਾਸੀਆਂ ਅਨੁਸਾਰ ਮਹਿੰਗੇ ਭਾਅ ਦੀ 5 ਏਕੜ ਦੇ ਕਰੀਬ ਵਾਲੀ ਜ਼ਮੀਨ, ਜੋ ਪਿੰਡ ਦਾ ਦਿਲ ਮੰਨੀ ਜਾਂਦੀ ਹੈ, ਬੇਆਬਾਦ ਪਈ ਸੀ। ਪੰਚਾਇਤੀ ਜ਼ਮੀਨ ਉਪਰ ਲੋਕ ਨਾਜਾਇਜ਼ ਕਬਜ਼ੇ ਕਰ ਰਹੇ ਸਨ। ਨਸ਼ੇ ਦੇ ਆਦੀ ਨੌਜਵਾਨ ਇਸ ਨੂੰ 'ਆਪਣੇ ਕੰਮ' ਲਈ ਵਰਤਨ ਲੱਗੇ ਹੋਏ ਸਨ। ਅਕਾਲੀ ਸਰਕਾਰ ਸਮੇਂ 2016 'ਚ ਇਸਦੇ ਦੁਆਲੇ ਜਾਲੀ ਲਗਾ ਕੇ ਚਾਰਦੀਵਾਰੀ ਕੀਤੀ ਗਈ ਸੀ ਪਰ ਉਹ ਹੁਣ ਗਾਇਬ ਅਤੇ ਜੰਗਾਲ ਨਾਲ ਖਤਮ ਹੋ ਲੱਗੀ ਸੀ। ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਨੇ 2 ਸਾਲ ਪਹਿਲਾਂ ਪਿੰਡ ਦੇ ਸਰਪੰਚ ਸ਼ਿਵਰਾਜ ਸਿੰਘ ਢਿਲੋਂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਕ ਸੋਨੂੰ ਨਾਲ ਮਸ਼ਵਰਾ ਕਰਕੇ ਇਸ ਨੂੰ ਨਮੂੰਨੇ ਦੇ ਪ੍ਰੋਜੈਕਟ ਵਜੋਂ ਚੁਣਿਆ ਅਤੇ ਕੰਮ ਸ਼ੁਰੂ ਕਰ ਦਿੱਤਾ। ਇਸ 5 ਏਕੜ ਜਮੀਨ ਉਪਰ ਸਿਰਫ 35 ਲੱਖ ਰੁਪਏ ਖਰਚ ਕਰਕੇ ਇਸ ਦਾ ਮੁਹੰਦਰਾਂ ਹੀ ਬਦਲ ਦਿੱਤਾ। ਮਾਹਿਰਾਂ ਨੇ ਇਸਦੀ ਲੈਂਡ ਸਕੇਪਿੰਡ ਤਿਆਰ ਕੀਤੀ, ਸੋਲਰ ਲਾਈਟਾਂ ਲਾਈਆਂ, 600 ਫੁੱਟ ਡੂੰਘਾ ਪਾਣੀ ਦਾ ਬੋਰ ਕੀਤਾ, ਫੁੱਲ ਬੂਟੇ ਅਤੇ ਘਾਹ ਲਗਾ ਲਾਅਨ ਤਿਆਰ ਕੀਤਾ। ਇਸ ਨੂੰ ਹਮੇਸ਼ਾ ਹਰਿਆ ਭਰਿਆ ਰੱਖਣ ਲਈ ਅੰਡਰ ਗਰਾਂਊਡ ਪਾਣੀ ਦੇ ਫੁਹਾਰੇ ਲਗਾਏ, ਇੰਟਰਲੌਕਿੰਗ ਟਾਇਲਾਂ ਨਾਲ ਸੈਰ ਲਈ ਟ੍ਰੈਕ ਤਿਆਰ ਕੀਤਾ। ਕੁਲ ਮਿਲਾਕੇ ਇਸ ਦਾ ਨਕਸ਼ਾ ਕੁਝ ਇਸ ਤਰ੍ਹਾਂ ਬਣ ਗਿਆ ਕਿ ਇਸ ਵੇਲੇ ਇਥੇ ਬੱਚੇ ਸਾਰਾ ਦਿਨ ਖੇਡਦੇ ਹਨ, ਬਜ਼ੁਰਗ ਆਰਾਮ ਕਰਦੇ ਹਨ ਅਤੇ ਸੁਭਾ ਸ਼ਾਮ ਸੈਂਕੜੇ ਲੋਕ ਸੈਰ ਕਰਨ ਦੇ ਨਾਲ ਨਾਲ ਫੁੱਲਾਂ ਦੀ ਖੁਸ਼ਬੂ ਵੀ ਲੈਂਦੇ ਹਨ।
ਇਸ ਪ੍ਰਾਜੈਕਟ ਦੇ ਬਾਰੇ ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿਲੋ ਦਾ ਕਹਿਣਾ ਹੈ ਕਿ ਪੰਜਾਬ ਦੀ ਸਰਕਾਰ ਦੇ ਨਾਲ ਨਾਲ ਉਨ੍ਹਾਂ ਦਾ ਨਿੱਜੀ ਤੌਰ 'ਤੇ ਇਕ ਸੁਪਨਾ ਸੀ ਕਿ ਪੰਜਾਬ ਦੇ ਪਿੰਡਾਂ 'ਚ ਸ਼ਹਿਰਾਂ ਵਾਂਗ ਪਾਰਕ ਬਣਾਏ ਜਾਣ ਅਤੇ ਇਸ ਕੰਮ ਲਈ ਪਿੰਡਾਂ ਵਿਚ ਪਈਆਂ ਬੇਆਬਾਦ ਜ਼ਮੀਨਾਂ ਨੂੰ ਚੁਣਿਆ ਗਿਆ। ਸਰਕਾਰ ਬਣਦਿਆਂ ਇਹ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਵੇਲੇ ਉਨ੍ਹਾਂ ਨੂੰ ਦੇਖ ਕੇ ਪੂਰੇ ਪੰਜਾਬ ਦੇ ਪਿੰਡਾਂ ਵਿਚ ਪਾਰਕ ਸੱਭਿਆਚਾਰ ਪੈਦਾ ਹੋਣ ਲੱਗਾ ਹੈ। ਪਿੰਡਾਂ 'ਚ ਲੋਕ ਹੁਣ ਪਾਰਕਾਂ 'ਚ ਸੈਰ ਕਰਨ ਲੱਗੇ ਹਨ। ਬੇਅਬਾਦ ਪਈਆਂ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਹੋਣੋ ਵੀ ਬਚੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਉਹ ਹੁਣ ਤੱਕ ਨਾਜਾਇਜ਼ ਕਬਜ਼ੇ ਛੁਡਵਾ ਕੇ 6 ਪਿੰਡਾਂ ਵਿਚ ਪਾਰਕ ਉਸਾਰ ਚੁੱਕੇ ਹਨ ਅਤੇ ਕਈ ਹੋਰਾਂ ਵਿਚ ਉਸਾਰੇ ਜਾਣ ਦੇ ਪ੍ਰਾਜੈਕਟਰ ਤਿਆਰ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਡੀ ਟੀਮ ਦੀ ਹਮੇਸ਼ਾ ਇਹੀ ਸੋਚ ਸੀ ਕਿ ਸਰਕਾਰ ਦਾ ਪੈਸੇ ਐਸੀ ਥਾਂ ਖਰਚ ਕੀਤਾ ਜਾਵੇ, ਜਿਸ ਨੂੰ ਲੋਕ ਚਿਰਾਂ ਤੱਕ ਯਾਦ ਰੱਖਣ ਅਤੇ ਹਰ ਵਿਅਕਤੀ ਇਸ ਦਾ ਲਾਹਾ ਲੈ ਸਕੇ ਅਤੇ ਟੀਮ ਨੇ ਇਹ ਕਰ ਦਿਖਾਇਆ ਹੈ। ਹੁਣ ਪਿੰਡ ਦੇ ਲੋਕ ਪਿੰਡ ਪਾਰਕ ਬਣਾਉਣ ਦੀ ਮੰਗ ਨੂੰ ਪਹਿਲ ਦੇਣ ਲੱਗੇ ਹਨ ਅਤੇ ਇਸ ਤਰ੍ਹਾਂ ਕਰਕੇ ਸਰਕਾਰ ਦਾ ਪਿੰਡਾਂ 'ਚ ਪਾਰਕ ਸੱਭਿਆਚਾਕ ਪੈਦਾ ਕਰਨ ਦਾ ਸੁਪਨਾ ਸਾਕਾਰ ਹੋ ਰਿਹਾ ਹੈ।