ਕੈਪਟਨ ਸਰਕਾਰ ਦੀ ''ਦੋਹਰੀ ਨੀਤੀ'', ਸਿਰਫ ਇਨ੍ਹਾਂ ਕਿਸਾਨਾਂ ਦੇ ਹੀ ਹੋਣਗੇ ''ਕਰਜ਼ੇ ਮੁਆਫ''

02/01/2019 12:45:02 PM

ਫਰੀਦਕੋਟ : ਪੰਜਾਬ ਸਰਕਾਰ ਸਿਰਫ ਆਪਣੇ ਚਹੇਤਿਆਂ ਦੇ ਹੀ ਕਰਜ਼ੇ ਮੁਆਫ ਕਰਨਾ ਚਾਹੁੰਦੀ ਹੈ, ਇਸੇ ਲਈ ਤਾਂ 'ਕਿਸਾਨ ਕਰਜ਼ਾ ਮੁਆਫੀ' ਲਈ ਸਰਕਾਰ ਨੇ ਦੋਹਰੀ ਨੀਤੀ ਅਪਣਾਈ ਹੈ, ਜਿਸ ਤਹਿਤ ਸਿਰਫ ਉਨ੍ਹਾਂ ਕਿਸਾਨਾਂ ਦੇ ਹੀ ਕਰਜ਼ੇ ਮੁਆਫ ਕੀਤੇ ਜਾਣਗੇ, ਜੋ ਕਿ 'ਕਿਸਾਨ ਕਰਜ਼ਾ ਮੁਕਤੀ' ਸਮਾਰੋਹਾਂ 'ਚ ਸ਼ਾਮਲ ਹੋਣਗੇ। ਇਸ ਸਬੰਧੀ ਫਰੀਦਕੋਟ 'ਚ ਹੋਣ ਵਾਲੇ ਕਰਜ਼ਾ ਮੁਆਫੀ ਦੇ ਸਮਾਰੋਹ ਲਈ ਜ਼ਿਲਾ ਪ੍ਰਸ਼ਾਸਨ ਦੀ ਹਦਾਇਤ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਮੁਤਾਬਕ ਕਿਹਾ ਗਿਆ ਹੈ ਕਿ ਸਿਰਫ ਉਨ੍ਹਾਂ ਕਿਸਾਨਾਂ ਦੇ ਖਾਤਿਆਂ 'ਚ ਕਰਜ਼ਾ ਮੁਆਫੀ ਦੀ ਰਕਮ ਕ੍ਰੈਡਿਟ ਕੀਤੀ ਜਾਵੇਗੀ, ਜਿਹੜੇ ਕਰਜ਼ਾ ਮੁਆਫੀ ਦੇ ਸਮਾਰੋਹ 'ਚ ਸ਼ਾਮਲ ਹੋਣਗੇ, ਜਦੋਂ ਕਿ ਬਾਕੀ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ ਜਾਵੇਗਾ। 
ਦੱਸ ਦੇਈਏ ਕਿ ਜ਼ਿਲਾ ਬਠਿੰਡਾ ਦੇ ਪਿੰਡ ਮਹਿਰਾਜ ਤੋਂ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਕਿਸਾਨ ਕਰਜ਼ਾ ਮੁਆਫੀ' ਸਕੀਮ ਦਾ ਆਗਾਜ਼ ਕੀਤਾ ਸੀ, ਜਿਸ ਤਹਿਤ ਹੁਣ 2 ਫਰਵਰੀ ਨੂੰ ਫਰੀਦਕੋਟ 'ਚ ਵੀ ਜ਼ਿਲਾ ਪੱਧਰੀ 'ਕਿਸਾਨ ਕਰਜ਼ਾ ਮੁਕਤੀ' ਸਮਾਰੋਹ ਕਰਾਇਆ ਜਾ ਰਿਹਾ ਹੈ। ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਕਰਜ਼ਾ ਮੁਆਫ ਕਰਨਾ ਚਾਹੁੰਦੀ ਹੈ ਤਾਂ ਆਪਣੇ ਵਾਅਦੇ ਮੁਤਾਬਕ ਸਾਰੇ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ ਆਪਣੇ ਚਹੇਤਿਆਂ ਦਾ ਹੀ ਕਰਜ਼ਾ ਮੁਆਫ ਕਰਨਾ ਚਾਹੁੰਦੀ ਹੈ। ਕਿਸਾਨਾਂ ਨੇ ਸਰਕਾਰ ਦੀ ਇਸ ਨੀਤੀ ਨੂੰ ਡਰਾਮੇਬਾਜ਼ੀ ਕਰਾਰ ਦਿੱਤਾ ਹੈ। 


Babita

Content Editor

Related News