ਮੀਂਹ ਨੇ ਕੈਪਟਨ ਦੇ ਨਾਲ-ਨਾਲ ਬਾਦਲਾਂ ਦੇ ''ਵਿਕਾਸ'' ਦੀ ਪੋਲ ਖੋਲ੍ਹੀ : ਹਰਪਾਲ ਚੀਮਾ
Thursday, Jul 18, 2019 - 08:49 PM (IST)
ਚੰਡੀਗੜ੍ਹ (ਰਮਨਜੀਤ)–ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੀਂਹ ਨਾਲ ਸੂਬੇ ਭਰ 'ਚ ਹੋ ਰਹੇ ਭਾਰੀ ਨੁਕਸਾਨ ਲਈ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ 2-3 ਦਿਨ ਦੇ ਮੀਂਹ ਨੇ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਦੇ ਪਿਛਲੇ 20 ਸਾਲਾਂ 'ਚ ਕੀਤੇ 'ਵਿਕਾਸ' ਦੀ ਪੋਲ ਖੋਲ੍ਹ ਦਿੱਤੀ ਹੈ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਬਰਸਾਤ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ 'ਚ ਸਿੰਚਾਈ ਪ੍ਰਬੰਧਨ ਵਾਂਗ ਡਰੇਨ (ਨਿਕਾਸੀ) ਪ੍ਰਬੰਧਨ ਵੀ ਢਹਿ-ਢੇਰੀ ਹੋ ਚੁੱਕਿਆ ਹੈ, ਕੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਪੀੜਤ ਲੋਕਾਂ ਨੂੰ ਦੱਸਣਗੇ ਕਿ ਮਾਨਸੂਨ ਤੋਂ ਪਹਿਲਾਂ ਸੂਬੇ ਦੇ ਬਰਸਾਤੀ ਅਤੇ ਨਿਕਾਸੀ ਨਾਲਿਆਂ ਦੀ ਸਾਫ-ਸਫਾਈ ਲਈ ਰੱਖਿਆ ਜਾਂਦਾ ਕਰੋੜਾਂ ਰੁਪਏ ਦਾ ਬਜਟ ਕਿੱਥੇ ਖ਼ਰਚ ਹੁੰਦਾ ਹੈ।
ਚੀਮਾ ਨੇ ਕਿਹਾ ਕਿ ਹਰ ਸਾਲ ਹਜ਼ਾਰਾਂ ਏਕੜ ਫ਼ਸਲ ਬਰਬਾਦ ਕਰਨ ਵਾਲੀ ਘੱਗਰ ਨਦੀ ਨੂੰ ਚੈਨਲਾਈਜ਼ ਕਰਨ ਦਾ ਪ੍ਰਾਜੈਕਟ ਦਹਾਕਿਆਂ ਤੋਂ ਲਟਕਿਆ ਹੋਇਆ ਹੈ, ਕੀ ਸੂਬਾ ਅਤੇ ਕੇਂਦਰ ਸਰਕਾਰਾਂ ਸਪਸ਼ਟ ਕਰਨਗੀਆਂ ਕਿ ਇਹ ਪ੍ਰਾਜੈਕਟ ਪੂਰਾ ਕਰਨ ਦੀ ਜ਼ਿੰਮੇਵਾਰੀ ਕਿਸ ਗੁਆਂਢੀ ਮੁਲਕ ਦੀ ਹੈ? ਉਨ੍ਹਾਂ ਕਿਹਾ ਕਿ ਘੱਗਰ ਦੇ ਮੁੱਦੇ 'ਤੇ ਅਕਾਲੀਆਂ ਅਤੇ ਕਾਂਗਰਸੀਆਂ ਨੇ ਵੋਟਾਂ ਦੀ ਸਿਆਸਤ ਤੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਇਲਾਵਾ ਕੁੱਝ ਨਹੀਂ ਕੀਤਾ।