ਕੋਟਕਪੂਰਾ ਤੇ ਬਹਿਬਲ ਕਲਾਂ ਮਾਮਲੇ ਦੀ ਹੋਵੇਗੀ ਸੀ. ਬੀ. ਆਈ. ਜਾਂਚ : ਕੈਪਟਨ (ਵੀਡੀਓ)
Monday, Jul 30, 2018 - 12:56 PM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਕਿ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਕੈਪਟਨ ਨੇ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ 'ਚ ਕਈ ਆਲਾ ਅਧਿਕਾਰੀ ਵੀ ਸ਼ਾਮਲ ਹਨ, ਇਸ ਲਈ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਜਾਵੇਗੀ।
ਕੈਪਟਨ ਨੇ ਕਿਹਾ ਕਿ ਬਰਗਾੜੀ ਕਾਂਡ ਬਾਰੇ ਉਨ੍ਹਾਂ ਨੂੰ ਰਿਪੋਰਟ ਮਿਲ ਚੁੱਕੀ ਹੈ। ਕੈਪਟਨ ਨੇ ਦੱਸਿਆ ਇਨ੍ਹਾਂ ਮਾਮਲਿਆਂ 'ਤੇ ਬਣਾਏ ਗਏ ਜਸਟਿਸ ਰਣਜੀਤ ਕਮਿਸ਼ਨ ਨੇ ਉਨ੍ਹਾਂ ਨੂੰ ਇਹ ਰਿਪੋਰਟ 30 ਜੂਨ ਨੂੰ ਸੌਂਪੀ ਸੀ, ਜੋ 4 ਹਿੱਸਿਆਂ 'ਚ ਸੀ ਪਰ ਉਨ੍ਹਾਂ ਨੂੰ ਰਿਪੋਰਟ ਦਾ ਸਿਰਫ ਇਕ ਹਿੱਸਾ ਹੀ ਮਿਲਿਆ ਹੈ। ਕੈਪਟਨ ਨੇ ਕਿਹਾ ਕਿ ਕਮਿਸ਼ਨ ਦੀ ਸਿਫਾਰਿਸ਼ 'ਤੇ ਸਰਕਾਰ ਇਨ੍ਹਾਂ ਮਾਮਲਿਆਂ 'ਤੇ ਬਣਦੀ ਕਾਰਵਾਈ ਕਰੇਗੀ।
ਜਾਣੋ ਕੀ ਹੈ ਮਾਮਲਾ
12 ਅਕਤੂਬਰ, 2015 ਨੂੰ ਪਿੰਡ ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ, ਜਿਸ ਦੇ ਖਿਲਾਫ ਸਿੱਖ ਸੰਗਤਾਂ ਵਲੋਂ ਕੋਟਕਪੂਰਾ ਨਾਲ ਲੱਗਦੇ ਪਿੰਡ ਬਹਿਬਲ ਕਲਾਂ 'ਚ ਧਰਨਾ ਦਿੱਤਾ ਗਿਆ ਸੀ। ਇਸ ਧਰਨੇ ਦੌਰਾਨ 14 ਅਕਤੂਬਰ, 2015 ਨੂੰ ਪੁਲਸ ਨੇ ਗੋਲੀਬਾਰੀ ਕਰ ਦਿੱਤੀ, ਜਿਸ ਦੌਰਾਨ ਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ। ਧਰਨਾ ਦੇ ਰਹੇ ਲੋਕਾਂ ਮੁਤਾਬਕ ਪੁਲਸ ਨੇ ਬਿਨਾਂ ਕਿਸੇ ਕਾਰਨ ਸ਼ਾਂਤੀਪੂਰਨ ਧਰਨੇ 'ਤੇ ਬੈਠ ਕੇ ਸਤਨਾਮ-ਵਾਹਿਗੁਰੂ ਦਾ ਜਾਪ ਕਰ ਰਹੀਆਂ ਸਿੱਖ ਸੰਗਤਾਂ 'ਤੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਤੋਂ ਬਾਅਦ ਸਿੱਖ ਸੰਗਤਾਂ ਵਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
