ਸਿਆਸੀ ਬਿਸਾਤ ''ਤੇ ''ਕੈਪਟਨ'' ਨੇ ਖੇਡਿਆ ''ਮਾਸਟਰ ਸਟ੍ਰੋਕ'', ਸਿੱਧੂ ਸਣੇ ਵਿਰੋਧੀਆਂ ਨੂੰ ਕੀਤਾ ਚਾਰੇ ਖਾਨੇ ਚਿੱਤ

Friday, Jun 04, 2021 - 10:20 AM (IST)

ਚੰਡੀਗੜ੍ਹ (ਅਸ਼ਵਨੀ/ਹਰੀਸ਼) : ਸਿਆਸਤ ਦੀ ਬਿਸਾਤ ’ਤੇ ਹਰ ਮੋਹਰੇ ਦੀ ਚਾਲ ਨਿਰਧਾਰਿਤ ਹੈ। ਇਹ ਸਿਰਫ ਖੇਡਣ ਵਾਲੇ ’ਤੇ ਨਿਰਭਰ ਹੈ ਕਿ ਚਾਲ ਕਦੋਂ ਚੱਲਣੀ ਹੈ। ਘੱਟ ਤੋਂ ਘੱਟ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਰਗੇ ਹੰਢੇ ਹੋਏ ਖਿਡਾਰੀ ਤਾਂ ਇਸ ਗੱਲ ਨੂੰ ਬਾਖੂਬੀ ਜਾਣਦੇ ਹਨ। ਵੀਰਵਾਰ ਨੂੰ ਉਨ੍ਹਾਂ ਨੇ ਜੋ ਦਾਅ ਚੱਲਿਆ, ਉਸ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਕੈਪਟਨ ਅਸਲ ਵਿਚ ਸਿਆਸੀ ਬਿਸਾਤ ਦੇ ਵੀ ਕੈਪਟਨ ਹਨ। ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਨਾ ਸਿਰਫ਼ ਸਾਬਕਾ ਨੇਤਾ ਵਿਰੋਧੀ ਧਿਰ ਸੁਖਪਾਲ ਖਹਿਰਾ ਸਮੇਤ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਵਿਧਾਇਕ ਪਿਰਮਲ ਸਿੰਘ ਦੀ ਪੰਜਾਬ ਕਾਂਗਰਸ ਵਿਚ ਐਂਟਰੀ ਕਰਵਾ ਦਿੱਤੀ, ਸਗੋਂ ਇਹ ਵੀ ਸਪੱਸ਼ਟ ਸੁਨੇਹਾ ਦੇ ਦਿੱਤਾ ਕਿ ਉਨ੍ਹਾਂ ਦੇ ਫ਼ੈਸਲਿਆਂ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਮਨਜ਼ੂਰੀ ਵੀ ਸ਼ਾਮਲ ਹੁੰਦੀ ਹੈ। ਪਾਰਟੀ ਦਫ਼ਤਰ ਵਲੋਂ ਜਾਰੀ ਬਿਆਨ ਵਿਚ ਲਿਖਿਆ ਗਿਆ ਹੈ ਕਿ ਵਿਧਾਇਕਾਂ ਦੀ ਇਹ ਐਂਟਰੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਮਨਜ਼ੂਰੀ ਨਾਲ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਕੈਪਟਨ ਨੇ ਇਸ ਦਾਅ ਨਾਲ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਵਿਰੋਧੀ ਤੇਵਰ ਵਿਖਾਉਣ ਵਾਲੇ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਵੀ ਸਾਫ਼ ਸੁਨੇਹਾ ਦੇ ਦਿੱਤਾ ਹੈ ਕਿ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਬੇਮਾਇਨੇ ਹਨ। ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਹਾਲ ਹੀ ਵਿਚ ਵਿਧਾਇਕਾਂ ਨੂੰ ਇਕੱਠਾ ਕਰ ਕੇ ਸਰਕਾਰ ਡੇਗਣ ਦਾ ਐਲਾਨ ਕੀਤਾ ਸੀ। ਕਿਹਾ ਇਹ ਵੀ ਜਾ ਰਿਹਾ ਹੈ ਕਿ ਸੁਖਪਾਲ ਖਹਿਰਾ ਦੇ ਜ਼ਰੀਏ ਕੈਪਟਨ ਨੇ ਨਵਜੋਤ ਸਿੰਘ ਸਿੱਧੂ ਸਾਹਮਣੇ ਇੱਕ ਤੇਜ਼ ਤਰਾਰ ਚਿਹਰਾ ਖੜ੍ਹਾ ਕਰ ਦਿੱਤਾ ਹੈ। ਸੁਖਪਾਲ ਸਿੰਘ ਖਹਿਰਾ ਕਾਂਗਰਸ ਤੋਂ ਬਾਹਰ ਰਹਿੰਦੇ ਹੋਏ ਨਵਜੋਤ ਸਿੱਧੂ ਦੇ ਸੁਰ ਵਿਚ ਸੁਰ ਮਿਲਾਉਂਦੇ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਦੀ ਲਪੇਟ 'ਚ ਆਏ 'ਮਿਲਖਾ ਸਿੰਘ' ਦੀ ਫਿਰ ਵਿਗੜੀ ਸਿਹਤ, PGI 'ਚ ਕਰਵਾਇਆ ਦਾਖ਼ਲ

ਉਥੇ ਹੀ, ਹੁਣ ਖਹਿਰਾ ਨੇ ਕੈਪਟਨ ਦੀ ਅਗਵਾਈ ਨੂੰ ਸਵੀਕਾਰ ਕਰਦੇ ਹੋਏ ਕਾਂਗਰਸ ਜੁਆਇਨ ਕੀਤੀ ਹੈ। ਸੁਖਪਾਲ ਖਹਿਰਾ ਨੇ ਕਾਂਗਰਸ ਵਿਚ ਐਂਟਰੀ ਦੇ ਤੁਰੰਤ ਬਾਅਦ ਐਲਾਨ ਵੀ ਕਰ ਦਿੱਤਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵਰਗੇ ਨੇਤਾ ਹੀ ਦੇਸ਼ ਨੂੰ ਸ਼ਾਂਤੀ ਅਤੇ ਵਿਕਾਸ ਵੱਲ ਲਿਜਾ ਸਕਦੇ ਹਨ। ਕਿਹਾ ਇਹ ਵੀ ਜਾ ਰਿਹਾ ਹੈ ਕਿ ਵਿਧਾਇਕਾਂ ਦੀ ਇਸ ਐਂਟਰੀ ਦੇ ਨਾਲ ਹੀ ਕੈਪਟਨ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੀ ਵਜਾ ਦਿੱਤਾ ਹੈ ਅਤੇ ਵਿਰੋਧੀਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਚੋਣ ਮੈਦਾਨ ਵਿਚ ਮਹਾਰਥੀਆਂ ਦੀ ਕੋਈ ਘਾਟ ਨਹੀਂ ਹੈ। ਜੇਕਰ ਕੋਈ ਕਾਂਗਰਸ ਖ਼ਿਲਾਫ਼ ਖੜ੍ਹਾ ਹੁੰਦਾ ਹੈ ਤਾਂ ਨਵਾਂ ਉਮੀਦਵਾਰ ਮੈਦਾਨ ਵਿਚ ਉਤਰਣ ਲਈ ਤਿਆਰ ਹੈ। ਹਾਲਾਂਕਿ ਵਿਧਾਇਕਾਂ ਦੀ ਐਂਟਰੀ ਨਾਲ ਹੀ ਪੰਜਾਬ ਕਾਂਗਰਸ ਵਿਚ ਨਵੀਂ ਸੁਗਬੁਗਾਹਟ ਦਾ ਵੀ ਆਗਾਜ਼ ਹੋ ਗਿਆ ਹੈ। ਖ਼ਾਸ ਤੌਰ ’ਤੇ ਕੈਪਟਨ ਖ਼ਿਲਾਫ਼ ਵਿਰੋਧ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਜਿਸ ਸੁਖਪਾਲ ਖਹਿਰਾ ਨੇ ਕਾਂਗਰਸ ਦੇ ਅਕਸ ਨੂੰ ਮਿੱਟੀ ਵਿਚ ਮਿਲਾਉਣ ਦੀ ਕੋਈ ਕਸਰ ਨਹੀਂ ਛੱਡੀ, ਇੱਥੋਂ ਤੱਕ ਕਿ ਖਹਿਰਾ ਕਾਰਣ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਅਸਤੀਫ਼ਾ ਤੱਕ ਦੇਣਾ ਪਿਆ, ਉਸੇ ਨੂੰ ਪਾਰਟੀ ਵਿਚ ਸ਼ਾਮਲ ਕਰਵਾ ਲਿਆ ਗਿਆ ਹੈ। ਇਸ ਮਾਮਲੇ ਵਿਚ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਹਾਲੇ ਇਸ ਮਸਲੇ ’ਤੇ ਖੁੱਲ੍ਹ ਕੇ ਬੋਲਣ ਦਾ ਸਮਾਂ ਨਹੀਂ ਆਇਆ ਹੈ, ਜਦੋਂ ਸਮਾਂ ਆਵੇਗਾ ਤਾਂ ਉਹ ਆਪਣੀ ਗੱਲ ਰੱਖਣਗੇ। ਉੱਧਰ, ਕੈਪਟਨ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਖਹਿਰਾ ਦੀ ਐਂਟਰੀ ਦੇ ਜ਼ਰੀਏ ਕੈਪਟਨ ਨੇ ਰਾਣਾ ਗੁਰਜੀਤ ਸਿੰਘ ਨੂੰ ਸ਼ੀਸ਼ਾ ਵਿਖਾਉਣ ਦਾ ਵੀ ਦਾਅ ਚੱਲਿਆ ਹੈ। ਰਾਣਾ ਗੁਰਜੀਤ ਸਿੰਘ ਨੇ ਪਿਛਲੇ ਕੁਝ ਸਮੇਂ ਤੋਂ ਸਰਕਾਰ ਵਿਰੋਧੀ ਤੇਵਰ ਅਖਤਿਆਰ ਕੀਤੇ ਹੋਏ ਸਨ। ਹਾਲ ਹੀ ਵਿਚ ਗੁਰਜੀਤ ਸਿੰਘ ਨੇ ਕਪੂਰਥਲਾ ਵਿਚ ਇੱਕ ਗੱਲਬਾਤ ਦੌਰਾਨ ਸੂਬੇ ਵਿਚ ਨਸ਼ੇ ਦੇ ਮੁੱਦੇ ’ਤੇ ਗੰਭੀਰ ਦੋਸ਼ ਲਾਏ ਸਨ। ਉਨ੍ਹਾਂ ਨੇ ਕਿਹਾ ਸੀ ਕਿ ਬਤੌਰ ਵਿਧਾਇਕ ਉਹ ਸ਼ਰਮਿੰਦਾ ਹਨ ਕਿ ਉਨ੍ਹਾਂ ਦੇ ਹਲਕੇ ਵਿਚ ਖੁੱਲ੍ਹੇਆਮ ਨਸ਼ਾ ਵਿਕ ਰਿਹਾ ਹੈ। ਐੱਸ. ਐੱਸ. ਪੀ. ਨੂੰ ਕਹਿਣ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਹੁੰਦਾ ਹੈ। ਇਸ ਤੋਂ ਬੁਰਾ ਕੁਝ ਨਹੀਂ ਹੋ ਸਕਦਾ। ਉਹ ਵੀ ਤਦ, ਜਦੋਂ ਕਿ ਸਰਕਾਰ ਦੀ ਵਚਨਬੱਧਤਾ ਹੈ ਕਿ ਸੂਬੇ ਨੂੰ ਨਸ਼ਾਮੁਕਤ ਕਰਨਾ ਹੈ ਪਰ ਪੁਲਸ ਸਾਥ ਨਹੀਂ ਦੇ ਰਹੀ। ਰਾਣਾ ਨੇ ਮੁੱਖ ਮੰਤਰੀ ਅਧੀਨ ਗ੍ਰਹਿ ਵਿਭਾਗ ’ਤੇ ਸਖ਼ਤ ਟਿੱਪਣੀ ਕਰਦੇ ਹੋਏ ਇਹ ਵੀ ਕਿਹਾ ਸੀ ਕਿ ਹੋ ਸਕਦਾ ਹੈ ਕਿ ਐੱਸ. ਐੱਸ. ਪੀ. ਦੀਆਂ ਕੁੱਝ ਮਜ਼ਬੂਰੀਆਂ ਹੋਣ।
ਹਾਈਕਮਾਨ ਨੇ ਵੀ ਐਨ ਮੌਕੇ ’ਤੇ ਦਿੱਤੀ ਮਨਜ਼ੂਰੀ
ਕਿਹਾ ਜਾ ਰਿਹਾ ਹੈ ਕਿ ਵਿਧਾਇਕਾਂ ਦੀ ਕਾਂਗਰਸ ਵਿਚ ਐਂਟਰੀ ਦਾ ਮਾਮਲਾ ਕਾਫ਼ੀ ਸਮੇਂ ਤੋਂ ਚਰਚਾ ਵਿਚ ਸੀ ਪਰ ਇਨ੍ਹਾਂ ਨੂੰ ਹਾਈਕਮਾਨ ਦੇ ਪੱਧਰ ’ਤੇ ਮਨਜ਼ੂਰੀ ਨਹੀਂ ਮਿਲ ਰਹੀ ਸੀ। ਇਸ ਵਿਚ ਮੁੱਖ ਮੰਤਰੀ ਦੇ ਦਿੱਲੀ ਰਵਾਨਾ ਹੋਣ ਤੋਂ ਠੀਕ ਅਚਾਨਕ ਹਾਈਕਮਾਨ ਨੇ ਵਿਧਾਇਕਾਂ ਦੀ ਐਂਟਰੀ ਨੂੰ ਹਰੀ ਝੰਡੀ ਵਿਖਾ ਦਿੱਤੀ। ਕਿਹਾ ਇਹ ਵੀ ਜਾ ਰਿਹਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੂੰ ਵੀ ਵਿਧਾਇਕਾਂ ਦੀ ਐਂਟਰੀ ਦੇ ਸਮੇਂ ਮੌਜੂਦ ਹੋਣਾ ਸੀ ਪਰ ਦਿੱਲੀ ਵਿਚ ਚੱਲ ਰਹੀਆਂ ਬੈਠਕਾਂ ਕਾਰਣ ਉਹ ਸ਼ਾਮਲ ਨਹੀਂ ਹੋ ਸਕੇ। ਹਾਲਾਂਕਿ ਪਾਰਟੀ ਦਫ਼ਤਰ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਵਿਧਾਇਕਾਂ ਨੂੰ ਛੇਤੀ ਹੀ ਰਸਮੀ ਤੌਰ ’ਤੇ ਕਾਂਗਰਸ ਵਿਚ ਸ਼ਾਮਲ ਕੀਤਾ ਜਾਵੇਗਾ, ਜਿਸ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਅਤੇ ਹੋਰ ਸੀਨੀਅਰ ਨੇਤਾ ਵੀ ਮੌਜੂਦ ਹੋਣਗੇ।

ਇਹ ਵੀ ਪੜ੍ਹੋ : ਕੈਪਟਨ-ਸਿੱਧੂ ਦੀ ਸਿਆਸੀ ਲੜਾਈ 'ਚ 'ਘਰਵਾਲੀਆਂ' ਦੀ ਐਂਟਰੀ, ਇੰਝ ਕੱਢਿਆ ਦਿਲ ਦਾ ਉਬਾਲ
‘ਤਿੰਨ ਦਿਨਾਂ ਤੋਂ ਆਗੂਆਂ ਦਾ ਮਨ ਟਟੋਲ ਰਹੀ ਸੀ ਕਮੇਟੀ’
ਸਿਆਸੀ ਮਾਹਿਰ ਵਿਧਾਇਕਾਂ ਦੀ ਐਂਟਰੀ ਨੂੰ ਕੈਪਟਨ ਦਾ ਮਾਸਟਰ ਸਟ੍ਰੋਕ ਕਹਿ ਰਹੇ ਹਨ। ਉਨ੍ਹਾਂ ਮੁਤਾਬਕ ਇੱਕ ਪਾਸੇ ਨਵੀਂ ਦਿੱਲੀ ਵਿਚ ਮੱਲਿਕਾਰਜੁਨ ਖੜਗੇ ਦੀ ਪ੍ਰਧਾਨਗੀ ਵਿਚ ਸੀਨੀਅਰ ਕਾਂਗਰਸ ਆਗੂਆਂ ਵਾਲੀ ਤਿੰਨ ਮੈਂਬਰੀ ਕਮੇਟੀ ਤਿੰਨ ਦਿਨਾਂ ਤੋਂ ਪੰਜਾਬ ਦੇ ਵਿਧਾਇਕਾਂ-ਸੰਸਦ ਮੈਂਬਰਾਂ ਅਤੇ ਸੀਨੀਅਰ ਨੇਤਾਵਾਂ ਨਾਲ ਗੱਲ ਕਰ ਕੇ ਕੈਪਟਨ ਅਤੇ ਪੰਜਾਬ ਵਿਚ ਪਾਰਟੀ ਬਾਰੇ ਉਨ੍ਹਾਂ ਦਾ ਮਨ ਟਟੋਲ ਰਹੀ ਸੀ ਤਾਂ ਚੌਥੇ ਦਿਨ ਕੈਪਟਨ ਨੇ ਅਜਿਹਾ ਮਾਸਟਰ ਸਟ੍ਰੋਕ ਖੇਡਿਆ ਕਿ ਉਨ੍ਹਾਂ ਦੇ ਵਿਰੋਧੀ ਚਾਰੇ ਖਾਨੇ ਚਿੱਤ ਹੋ ਗਏ। ਨਵੀਂ ਦਿੱਲੀ ਵਿਚ ਕਾਂਗਰਸ ਦੀ ਇਸ ਕਮੇਟੀ ਸਾਹਮਣੇ ਆਪਣਾ ਪੱਖ ਰੱਖਣ ਤੋਂ ਪਹਿਲਾਂ ਉਨ੍ਹਾਂ ਨੇ ਅਜਿਹਾ ਦਾਅ ਖੇਡਿਆ, ਜਿਸ ਦੀ ਕਾਟ ਪਾਰਟੀ ਵਿਚ ਉਨ੍ਹਾਂ ਦੇ ਕਿਸੇ ਵੀ ਵਿਰੋਧੀ ਕੋਲ ਨਹੀਂ ਹੈ। ਕੁਝ ਪਾਰਟੀ ਵਿਧਾਇਕ ਚਾਹੇ ਉਨ੍ਹਾਂ ਪ੍ਰਤੀ ਅਸੰਤੁਸ਼ਟੀ ਜਤਾ ਰਹੇ ਹੋਣ ਪਰ ਸੱਚਾਈ ਇਹੀ ਹੈ ਕਿ ਹੋਰ ਪਾਰਟੀਆਂ ਦੇ ਆਗੂਆਂ ਵਿਚ ਵੀ ਉਨ੍ਹਾਂ ਦੀ ਪਹੁੰਚ ਕਿਤੇ ਜ਼ਿਆਦਾ ਹੈ। ਉਨ੍ਹਾਂ ਦੀ ਅਗਵਾਈ ’ਤੇ ਜੋ ਸਵਾਲੀਆ ਨਿਸ਼ਾਨ ਲਾਏ ਜਾ ਰਹੇ ਸਨ, ਉਸ ਦਾ ਕਰਾਰਾ ਜਵਾਬ ਅਮਰਿੰਦਰ ਨੇ ਇਨ੍ਹਾਂ ਵਿਧਾਇਕਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਵਾ ਕੇ ਦਿੱਤਾ ਹੈ। ਇੱਕ ਤਰ੍ਹਾਂ ਨਾਲ ਇਹ ਕੈਪਟਨ ਦੀ ਆਪਣੇ ਇਨ੍ਹਾਂ ਵਿਰੋਧੀਆਂ ਨੂੰ ਚੁਣੌਤੀ ਵੀ ਹੈ, ਜਿਨ੍ਹਾਂ ਨੇ ਮਹੀਨਿਆਂ ਤੋਂ ਉਨ੍ਹਾਂ ਖ਼ਿਲਾਫ਼ ਇੱਕ ਤਰ੍ਹਾਂ ਨਾਲ ਬਗਾਵਤ ਦਾ ਝੰਡਾ ਚੁੱਕਿਆ ਹੋਇਆ ਹੈ। ਚਾਹੇ ਨਵਜੋਤ ਸਿੱਧੂ ਹੋਣ ਜਾਂ ਪ੍ਰਤਾਪ ਸਿੰਘ ਬਾਜਵਾ ਅਤੇ ਜਾਂ ਫਿਰ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ, ਇਨ੍ਹਾਂ ਵਿਚੋਂ ਕਿਸੇ ਵਿਚ ਵੀ ਇੰਨਾ ਦਮ ਨਹੀਂ ਹੈ ਕਿ ਉਹ ਦੂਜੇ ਦਲ ਦੇ ਕਿਸੇ ਵਿਧਾਇਕ ਜਾਂ ਸੀਨੀਅਰ ਆਗੂ ਦੀ ਕਾਂਗਰਸ ਵਿਚ ਐਂਟਰੀ ਕਰਵਾ ਸਕਣ।
ਕਦੇ ਯੂਥ ਕਾਂਗਰਸੀ ਰਹੇ ਸੁਖਪਾਲ ਖਹਿਰਾ ਦੁਬਾਰਾ ਬਣੇ ਕਾਂਗਰਸੀ, ਲਗਾਤਾਰ ਸੁਰਖੀਆਂ ’ਚ ਰਹੇ
ਕਾਂਗਰਸ ਦਾ ਪੱਲਾ ਫੜ੍ਹਨ ਵਾਲੇ ਵਿਧਾਇਕਾਂ ਵਿਚ ਸਭ ਤੋਂ ਚਰਚਿਤ ਚਿਹਰਾ ਸੁਖਪਾਲ ਸਿੰਘ ਖਹਿਰਾ ਦਾ ਹੈ। ਖਹਿਰਾ ਨੇ ਆਪਣੇ ਸਿਆਸੀ ਕਰੀਅਰ ਦਾ ਆਗਾਜ਼ ਯੂਥ ਕਾਂਗਰਸੀ ਦੇ ਤੌਰ ’ਤੇ ਕੀਤਾ ਅਤੇ 2007 ਤੋਂ ਭੁਲੱਥ ਤੋਂ ਵਿਧਾਇਕ ਦੇ ਤੌਰ ’ਤੇ ਜਿੱਤ ਦਾ ਪਰਚਮ ਲਹਿਰਾਇਆ। ਇਹ ਵੱਖਰੀ ਗੱਲ ਹੈ ਕਿ ਇਸ ਤੋਂ ਬਾਅਦ ਤੋਂ ਉਨ੍ਹਾਂ ਦਾ ਸਿਆਸੀ ਰਾਹ ਬਹੁਤ ਉਬੜ-ਖਾਬੜ ਵਾਲਾ ਰਿਹਾ। ਅਜਿਹਾ ਇਸ ਲਈ ਕਿ ਉਨ੍ਹਾਂ ਨੇ 2015-16 ਵਿਚ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹਿਆ ਅਤੇ 2017 ਵਿਚ ‘ਆਪ’ ਵਿਧਾਇਕ ਬਣੇ। ਸਿਰਫ਼ ਇੱਕ ਸਾਲ ਵਿਚ ਹੀ ਨੇਤਾ ਵਿਰੋਧੀ ਧਿਰ ਦਾ ਅਹੁਦਾ ਸੰਭਾਲਣ ਵਾਲੇ ਖਹਿਰਾ ਨੂੰ ਆਮ ਆਦਮੀ ਪਾਰਟੀ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਣ ਮੁਅੱਤਲ ਕਰ ਦਿੱਤਾ ਗਿਆ। 2019 ਦੀ ਸ਼ੁਰੂਆਤ ਵਿਚ ਖਹਿਰਾ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਇੱਕ ਨਵੀਂ ਪਾਰਟੀ ‘ਪੰਜਾਬ ਏਕਤਾ ਪਾਰਟੀ’ ਦਾ ਗਠਨ ਕਰ ਦਿੱਤਾ। 2019 ਦੀਆਂ ਲੋਕ ਸਭਾ ਚੋਣ ਤੱਕ ਆਉਂਦੇ-ਆਉਂਦੇ ਖਹਿਰਾ ਨੇ ਵਿਧਾਇਕ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ, ਜੋ ਹਾਲੇ ਤੱਕ ਵਿਧਾਨ ਸਭਾ ਸਪੀਕਰ ਕੋਲ ਲੰਬਿਤ ਚੱਲਿਆ ਆ ਰਿਹਾ ਹੈ। ਇਸ ਦੌਰਾਨ ਖਹਿਰਾ ਬਠਿੰਡਾ ਲੋਕ ਸਭਾ ਸੀਟ ’ਤੇ ਭਾਰੀ ਵੋਟਾਂ ਦੇ ਫਰਕ ਨਾਲ ਬਾਜ਼ੀ ਵੀ ਹਾਰੇ। ਉਨ੍ਹਾਂ ਨੂੰ ਸਿਰਫ਼ 38,199 ਵੋਟਾਂ ਮਿਲੀਆਂ ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਦਫ਼ਤਰ ਚੰਡੀਗੜ੍ਹ ਤੋਂ SAS ਨਗਰ ਵਿਖੇ ਤਬਦੀਲ
ਸਪੀਕਰ ਨੂੰ ਭੇਜੇ ਅਸਤੀਫ਼ੇ ਵਿਚ ਕਈ ਕਾਰਣ ਦੱਸੇ ਸਨ, ਜਿਨ੍ਹਾਂ ’ਤੇ ਉੱਠਦੇ ਰਹੇ ਹਨ ਸਵਾਲ
ਖਹਿਰਾ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਭੇਜੇ ਅਸਤੀਫ਼ੇ ਵਿਚ ਅਹੁਦਾ ਛੱਡਣ ਦੇ ਕਈ ਕਾਰਣ ਗਿਣਾਏ ਸਨ, ਜਿਨ੍ਹਾਂ ’ਤੇ ਲਗਾਤਾਰ ਸਵਾਲ ਉੱਠਦੇ ਰਹੇ ਹਨ। ਉਥੇ ਹੀ, ਸਵਾਲ ਇਹ ਵੀ ਉੱਠਦਾ ਰਿਹਾ ਕਿ ਆਖ਼ਰ ਕਈ ਕਾਰਣ ਗਿਣਵਾਉਣ ਤੋਂ ਬਾਅਦ ਵੀ ਸਪੀਕਰ ਨੇ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਿਉਂ ਨਹੀਂ ਕੀਤਾ। ਸਵਾਲ ਇਹ ਵੀ ਉੱਠਦਾ ਰਿਹਾ ਕਿ ਸਪੀਕਰ ਨੂੰ ਲਿਖੇ ਪੱਤਰ ਵਿਚ ਖਹਿਰਾ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਮਿਲੀ-ਭੁਗਤ ’ਤੇ ਦੁੱਖ ਜਤਾਇਆ ਸੀ ਪਰ ਪਿਛਲੇ ਕੁਝ ਸਮੇਂ ਦੌਰਾਨ ਉਨ੍ਹਾਂ ਦੇ ਕਾਂਗਰਸ ਵਿਚ ਜਾਣ ਦੇ ਚਰਚੇ ਕਾਰਣ ਉਹ ਸਵਾਲਾਂ ਦੇ ਘੇਰੇ ਵਿਚ ਰਹੇ ਹਨ। ਉਨ੍ਹਾਂ ਨੇ ਲਿਖਿਆ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਸਨ ਪਰ ਪੰਜਾਬ ਵਿਚ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਕਰਮਚਾਰੀਆਂ ਨੂੰ ਤਦ ਧੋਖਾ ਦਿੱਤਾ, ਜਦੋਂ ਉਨ੍ਹਾਂ ਨੇ ਡਰੱਗਸ ਮਾਮਲਿਆਂ ਦੇ ਦਾਗੀ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗ ਲਈ। ਇਸ ਕੜੀ ਵਿਚ ਕੇਜਰੀਵਾਲ ਗਠਜੋੜ ਲਈ ਉਸੇ ਕਾਂਗਰਸ ਤੋਂ ਭੀਖ ਮੰਗ ਰਹੇ ਹਨ, ਜਿਸ ਖ਼ਿਲਾਫ਼ ਉਨ੍ਹਾਂ ਨੇ ਅਤੇ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਚਲਾਈ ਸੀ।    
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ  
 


Babita

Content Editor

Related News