ਮੁੱਖ ਮੰਤਰੀ ਵਲੋਂ RTI ਸਬੰਧੀ ਲੋਕਾਂ ਦੇ ਸਵਾਲਾਂ ਦੇ ਫੌਰੀ ਜਵਾਬ ਲਈ ''ਹੈਲਪਲਾਈਨ ਨੰਬਰ'' ਲਾਂਚ

05/19/2020 8:30:28 AM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਲੋਕ-ਪੱਖੀ ਵਿਸ਼ੇਸ਼ ਆਰ. ਟੀ. ਆਈ. ਹੈਲਪਲਾਈਨ ਨੰਬਰ ਲਾਂਚ ਕੀਤਾ, ਜੋ ਸੂਬੇ ਦੇ ਲੋਕਾਂ ਦੀਆਂ ਸੂਚਨਾ ਅਧਿਕਾਰ ਕਾਨੂੰਨ ਸਬੰਧੀ ਸਵਾਲਾਂ ਦਾ ਇਕ ਸਾਧਾਰਣ ਫੋਨ ਕਾਲ ਰਾਹੀਂ ਫੌਰੀ ਜਵਾਬ ਦੇਵੇਗਾ। ਸਮਰਪਿਤ ਨੰਬਰ (+91-172-2864100) ਨਾਲ ਨਵਾਂ ਹੈਲਪਲਾਈਨ ਨੰਬਰ ਆਰ. ਟੀ. ਆਈ. ਐਕਟ ਨੂੰ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ’ਚ ਮਦਦਗਾਰ ਸਾਬਤ ਹੋਵੇਗਾ, ਜੋ ਆਰ. ਟੀ. ਆਈ. ਬਾਰੇ ਪ੍ਰਸ਼ਨਾਂ ਦੀ ਵੱਧਦੀ ਗਿਣਤੀ ਨੂੰ ਜਲਦੀ ਹੱਲ ਕਰਨ ਅਤੇ ਨਾਗਰਿਕਾਂ ਦੇ ਮਨਾਂ ’ਚ ਸਾਰੇ ਸ਼ੰਕਿਆਂ ਨੂੰ ਸ਼ਪੱਸ਼ਟ ਕਰ ਦੇਵੇਗਾ।

ਮੁੱਖ ਮੰਤਰੀ ਨੇ ਇਸ ਪਹਿਲ ਨੂੰ ਆਪਣੀ ਸਰਕਾਰ ਵਲੋਂ ਪਾਰਦਰਸ਼ਤਾ ਨੂੰ ਵਧਾਉਣ ਅਤੇ ਹਰੇਕ ਪੱਧਰ ’ਤੇ ਸਰਕਾਰੀ ਕੰਮਕਾਰ ’ਚ ਵਧੇਰੇ ਕਾਰਜਕੁਸ਼ਲਤਾ ਲਿਆਉਣ ਦੇ ਠੋਸ ਯਤਨਾਂ ਨੂੰ ਹੁਲਾਰਾ ਦੇਣ ਵਾਲੀ ਦੱਸਦਿਆਂ ਕਿਹਾ ਕਿ ਇਸ ਹੈਲਪਲਾਈਨ ਨੰਬਰ ਨਾਲ ਲੋਕਾਂ ਨੂੰ ਭਾਰਤ ਦੇ ਸੰਵਿਧਾਨ ਦੇ ਆਰਟੀਕਲ 19 (1) (ਏ) ’ਚ ਆਜ਼ਾਦੀ ਨਾਲ ਗੱਲ ਕਹਿਣ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੇ ਮਿਲੇ ਮੌਲਿਕ ਅਧਿਕਾਰ ਦਾ ਪੂਰਾ ਲਾਭ ਲੈਣ ’ਚ ਮਦਦ ਮਿਲੇਗੀ। ਭਾਰਤ ਸਰਕਾਰ ਦੇ ਪਰਸੋਨਲ ਮੰਤਰਾਲੇ, ਜਨਤਕ ਸ਼ਿਕਾਇਤਾਂ ਤੇ ਪੈਨਸ਼ਨਜ਼ ਅਤੇ ਪਰਸੋਨਲ ਤੇ ਸਿਖਲਾਈ ਵਿਭਾਗ ਵੱਲੋਂ ਜਾਰੀ ਸਲਾਹਕਾਰੀਆਂ ਦੀਆਂ ਪਾਲਣਾ ਕਰਦਿਆਂ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਦਫਤਰ ਤੋਂ ਲਾਂਚ ਕੀਤਾ ਇਹ ਹੈਲਪਲਾਈਨ ਨੰਬਰ ਸਾਰੇ ਨਾਗਰਿਕਾਂ ਸਮੇਤ ਜਨਤਕ ਅਧਿਕਾਰੀਆਂ ਦੀ ਨੁਮਾਇੰਦਗੀ ਕਰਦੇ ਸਰਕਾਰੀ ਅਧਿਕਾਰੀਆਂ ਲਈ ਸਾਰੇ ਕੰਮਕਾਜੀ ਦਿਨਾਂ (ਸੋਮਵਾਰ ਤੋਂ ਸ਼ੁੱਕਰਵਾਰ ਤੱਕ) ’ਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪਹੁੰਚ ਯੋਗ ਹੋਵੇਗਾ।

ਸਰਕਾਰੀ ਬੁਲਾਰੇ ਅਨੁਸਾਰ ਪੰਜਾਬ ਰਾਜ ਸੂਚਨਾ ਕਮਿਸ਼ਨ ਜਿਹੜਾ ਸੂਬੇ 'ਚ ਸਿਰਫ ਆਰ. ਟੀ. ਆਈ. ਮਾਮਲਿਆਂ ਨੂੰ ਦੇਖਦਾ ਹੈ, ਕੋਲ ਲੋਕਾਂ ਦੀਆਂ ਆਰ. ਟੀ. ਆਈ. ਐਕਟ ਸਬੰਧੀ ਸਵਾਲਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਆਮ ਤੌਰ 'ਤੇ ਇਹ ਦੇਖਿਆ ਗਿਆ ਹੈ ਕਿ ਲੋਕਾਂ ਦੀ ਵੱਡੀ ਗਿਣਤੀ ਜੋ ਇਸ ਐਕਟ ਤਹਿਤ ਸੂਚਨਾ ਹਾਸਲ ਕਰਨਾ ਚਾਹੁੰਦੀ ਹੈ, ਨੂੰ ਅਜਿਹੀ ਸੂਚਨਾ ਹਾਸਲ ਕਰਨ ਲਈ ਉਪਬੰਧਾਂ ਅਤੇ ਪ੍ਰਕਿਰਿਆਂ ਬਾਰੇ ਜ਼ਿਆਦਾ ਗਿਆਨ ਨਹੀਂ ਹੁੰਦਾ। ਬੁਲਾਰੇ ਨੇ ਇਸ ਹੈਲਪਲਾਈਨ ਨੂੰ ਜਾਰੀ ਕਰਨ ਬਾਰੇ ਤਰਕ ਦਿੰਦਿਆਂ ਦੱਸਿਆ ਕਿ ਨਾਗਰਿਕਾਂ ਦੇ 'ਜ਼ਿੰਦਗੀ ਅਤੇ ਆਜ਼ਾਦੀ' ਨਾਲ ਜੁੜੇ ਮਾਮਲਿਆਂ ਸਮੇਤ ਸੂਚਨਾ ਹਾਸਲ ਕਰਨ ਵਾਲੇ ਲੋਕ ਪੰਜਾਬ, ਸੂਬੇ ਦੀ ਰਾਜਧਾਨੀ ਚੰਡੀਗੜ੍ਹ ਅਤੇ ਬਾਕੀ ਦੇਸ਼ 'ਚ ਰਹਿਣ ਵਾਲੇ ਹਨ ਜਿਨ੍ਹਾਂ ’ਚ ਵੱਖ-ਵੱਖ ਦੇਸ਼ਾਂ 'ਚ ਵਸੇ ਪ੍ਰਵਾਸੀ ਭਾਰਤੀ ਵੀ ਸ਼ਾਮਲ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਤੱਥ ਦੇ ਬਾਵਜੂਦ ਕਿ ਆਰ. ਟੀ. ਆਈ. ਐਕਟ 2005 ਤੋਂ ਸ਼ੁਰੂ ਹੋ ਗਿਆ ਸੀ, ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਮਹਿਸੂਸ ਕੀਤਾ ਹੈ ਕਿ ਜਨਤਕ ਅਧਿਕਾਰੀ (ਲੋਕ ਸੂਚਨਾ ਅਧਿਕਾਰੀ- ਪੀ. ਆਈ. ਓਜ਼) ਵੀ ਐਕਟ ਦੀਆਂ ਧਾਰਾਵਾਂ ਤੋਂ ਪੂਰੀ ਤਰਾਂ ਵਾਕਫ ਨਹੀਂ ਹਨ।       


Babita

Content Editor

Related News