ਦਿੱਲੀ ''ਚ ਕਰੰਟ ਤੋਂ ਬਾਅਦ ਕੈਪਟਨ ਦਿਖਾਉਣਗੇ ਮਹਿੰਗੀ ਬਿਜਲੀ ''ਤੇ ਆਪਣੀ ਕਪਤਾਨੀ

02/13/2020 1:18:41 PM

ਲੁਧਿਆਣਾ (ਮੁੱਲਾਂਪੁਰੀ) : ਦਿੱਲੀ ਵਿਧਾਨ ਸਭਾ 'ਚ ਕਾਂਗਰਸ ਦੀ ਸ਼ਰਮਨਾਕ ਹਾਰ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਜੇਤੂ ਰੱਥ ਦਾ ਮੂੰਹ ਪੰਜਾਬ ਵੱਲ ਹੋਣ ਦੀ ਚਰਚਾ ਸ਼ਾਇਦ ਹੀ ਕਿਸੇ ਗਲੀ-ਮੁਹੱਲੇ 'ਚ ਅੱਜ ਨਾ ਹੋਈ ਹੋਵੇ, ਪੰਜਾਬ 'ਚ ਤਾਂ ਲੋਕ ਇੱਥੋਂ ਤੱਕ ਕਹਿਣ ਲੱਗ ਪਏ ਹਨ ਕਿ ਹੁਣ ਅਕਾਲੀ-ਭਾਜਪਾ ਅਤੇ ਕਾਂਗਰਸ ਦਾ ਹਾਲ ਪੰਜਾਬ 'ਚ ਦਿੱਲੀ ਵਾਲਾ ਹੋਵੇਗਾ ਅਤੇ ਪੰਜਾਬੀ ਇਸ ਵਾਲ ਜ਼ਰੂਰ ਕੋਈ ਨਵਾਂ ਗੁੱਲ ਖਿਲਾਉਣਗੇ। ਭਾਵ ਨਵੇਂ ਵਿਜ਼ਨ ਵਾਲੀ ਸਰਕਾਰ ਬਣਾਉਣਗੇ।
ਬਾਕੀ ਰਾਜਸੀ ਹਲਕਿਆਂ 'ਚ ਇਸ ਗੱਲ ਦੀ ਚਰਚਾ ਵੀ ਸਿਰ ਚੜ੍ਹ ਕੇ ਬੋਲ ਰਹੀ ਸੀ ਕਿ ਲੱਗਦਾ ਹੁਣ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਆਪਣੀ ਸਰਕਾਰ ਦੀ ਚੜ੍ਹਤ 'ਤੇ ਲੋਕਾਂ ਦੀ ਹਮਦਰਦੀ 'ਤੇ ਵੱਡਾ ਫੈਸਲਾ ਲੈ ਸਕਦੇ ਹਨ। ਇਹ ਫੈਸਲਾ ਕੀ ਹੋਵੇਗਾ, ਇਸ 'ਤੇ ਰਾਜਸੀ ਪੰਡਤਾਂ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੀ ਅਕਾਲੀ ਸਰਕਾਰ ਵਲੋਂ ਥਰਮਲ ਪਲਾਂਟ ਦੇ ਚੱਲਦੇ ਪੰਜਾਬ 'ਚ ਮਹਿੰਗੇ ਬਿਜਲੀ ਦੇ ਮਾਮਲੇ ਨੂੰ ਵੱਡਾ ਧੋਬੀ ਪਟਕਾ ਦੇ ਕੇ ਰਾਤੋ-ਰਾਤ ਲੋਕਾਂ 'ਚ ਨਵੀਂ ਚਰਚਾ ਨੂੰ ਜਨਮ ਦੇਣ ਕਿਉਂਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਜਾਖੜ, ਬਾਜਵਾ, ਮੰਤਰੀ, ਵਿਧਾਇਕ ਤੇ 'ਆਪ' ਵਾਲੇ ਖੁਦ ਕੇਜਰੀਵਾਲ ਪੰਜਾਬ 'ਚ ਮਹਿੰਗੀ ਬਿਜਲੀ ਦਾ ਮੁੱਦਾ ਚੁੱਕ ਕੇ ਆਪਣੀ ਵੱਡੀ ਗੱਲ ਕਹਿ ਗਏ ਸਨ।

ਹੁਣ ਤਾਂ ਦਿੱਲੀ 'ਚ 'ਆਪ' ਦੇ ਹੱਕ 'ਚ ਆਸਾਂ ਤੋਂ ਦੁੱਗਣੇ-ਤਿੱਗਣੇ ਨਤੀਜੇ ਆਉਣ 'ਤੇ 'ਆਪ' ਦੀ ਸਰਕਾਰ ਦੀ ਚੜ੍ਹਤ ਪੰਜਾਬੀਆਂ ਦੇ ਸਿਰ ਚੜ੍ਹ ਬੋਲ ਰਹੀ ਹੈ ਅਤੇ ਇਸ ਦਾ ਫਾਇਦਾ ਕਿਧਰੇ 'ਆਪ' ਵਾਲੇ ਨਾ ਲੈ ਜਾਣ। ਇਸ ਲਈ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦ ਹੀ ਵੱਡੇ ਫੈਸਲੇ ਲੈ ਕੇ ਆਪਣੀ ਸਰਕਾਰ ਦੀ ਕਪਤਾਨੀ ਦਿਖਾ ਸਕਦੇ ਹਨ। ਕਿਉਂਕਿ ਦਿੱਲੀ ਦੇ ਚੋਣ ਨਤੀਜਿਆਂ ਨਾਲ ਕਾਂਗਰਸ ਅਤੇ ਅਕਾਲੀ ਦਲ 'ਚ ਸਹਿਮ ਵਾਲਾ ਮਾਹੌਲ ਹੈ।


Babita

Content Editor

Related News