ਕੇ. ਪੀ. ਐੱਸ. ਗਿੱਲ ਦੀ ਅਗਵਾਈ 'ਚ ਕੰਮ ਕਰਨਾ ਮੇਰੇ ਲਈ ਮਾਣ ਵਾਲੀ ਗੱਲ : ਕੈਪਟਨ
Wednesday, Dec 11, 2019 - 01:35 PM (IST)
ਚੰਡੀਗੜ੍ਹ (ਵਰੁਣ) : ਪੰਜਾਬ ਪੁਲਸ ਵਲੋਂ ਇੰਡੀਅਨ ਸਕੂਲ ਆਫ ਬਿਜ਼ਨੈੱਸ, ਮੋਹਾਲੀ 'ਚ ਦੂਜਾ ਕੇ. ਪੀ. ਐੱਸ. ਗਿੱਲ ਯਾਦਗਾਰੀ ਭਾਸ਼ਣ ਕਰਵਾਇਆ ਗਿਆ, ਜਿਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰੱਕਤ ਕੀਤੀ। ਕੈਪਟਨ ਨੇ ਇਸ ਮੌਕੇ ਆਪਣੇ ਸੰਬਧੋਨ 'ਚ ਕਿਹਾ ਕਿ ਅੱਤਵਾਦ ਦੇ ਖਾਤਮੇ ਲਈ ਜਾਣੇ ਜਾਂਦੇ ਪੰਜਾਬ ਦੇ ਸਾਬਕਾ ਡੀ. ਜੀ. ਪੀ. ਕੇ. ਪੀ. ਐੱਸ. ਗਿੱਲ ਦੇ ਅਧੀਨ ਕੰਮ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਸੀ। ਉਨ੍ਹਾਂ ਕਿਹਾ ਕਿ ਕੇ. ਪੀ. ਐੱਸ. ਗਿੱਲ ਦੀ ਹੀ ਲੀਡਰਸ਼ਿਪ ਸੀ, ਜਿਸ ਨੇ ਉਸ ਕਾਲੇ ਦੌਰ 'ਚ ਪੰਜਾਬ ਪੁਲਸ 'ਚ ਜਾਨ ਪਾਈ। ਉਨ੍ਹਾਂ ਕਿਹਾ ਕਿ ਜਦੋਂ ਸ਼ਾਮ ਦੇ ਸਮੇਂ ਪੁਲਸ ਥਾਣਿਆਂ ਨੂੰ ਬੰਦ ਕਰ ਦਿੰਦੀ ਸੀ ਤਾਂ ਕੇ. ਪੀ. ਐੱਸ. ਗਿੱਲ ਨੇ ਹੀ ਅੱਤਵਾਦ ਨੂੰ ਖਤਮ ਕੀਤਾ। ਕੈਪਟਨ ਨੇ ਕਿਹਾ ਕਿ ਪੰਜਾਬ ਪੁਲਸ ਨੂੰ ਅੱਜ ਲੋੜ ਹੈ ਕਿ ਉਹ ਵੀ ਇਸੇ ਤਰ੍ਹਾਂ ਕੰਮ ਕਰਦੀ ਰਹੇ ਅਤੇ ਆਪਣੇ ਦੇਸ਼ ਅਤੇ ਸੂਬੇ ਨੂੰ ਤਰੱਕੀਆਂ ਤੱਕ ਲੈ ਕੇ ਜਾਵੇ। ਕੈਪਟਨ ਨੇ ਕਿਹਾ ਕਿ ਜੋ ਕਾਲਾ ਦੌਰ ਪੰਜਾਬ ਨੇ ਦੇਖਿਆ ਹੈ, ਉਸ ਨੂੰ ਦੁਬਾਰਾ ਨਹੀਂ ਆਉਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇ. ਪੀ. ਐੱਸ. ਗਿੱਲ ਹਮੇਸ਼ਾ ਉਨ੍ਹਾਂ ਨੂੰ ਯਾਦ ਰਹਿਣਗੇ।
ਕੈਪਟਨ ਦੀ ਸੁਰੱਖਿਆ ਅੱਗੇ ਨਾਲੋਂ ਵਧਾਈ ਗਈ
ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋਗਰਾਮ 'ਚ ਇਕ ਵਿਅਕਤੀ ਦੇ ਸਟੇਜ ਤੱਕ ਪੁੱਜ ਜਾਣ ਦੀ ਘਟਨਾ ਤੋਂ ਬਾਅਦ ਇਸ ਮੌਕੇ ਕੈਪਟਨ ਦੀ ਸੁਰੱਖਿਆ 'ਚ ਵਾਧਾ ਕਰ ਦਿੱਤਾ ਗਿਆ ਤਾਂ ਜੋ ਕੋਈ ਵੀ ਅਜਨਬੀ ਪ੍ਰੋਗਰਾਮ 'ਚ ਨਾ ਆ ਜਾਵੇ। ਇਸ ਦੇ ਲਈ ਵੱਖ-ਵੱਖ ਪੱਧਰਾਂ 'ਤੇ ਜਾਂਚ ਪ੍ਰਕਿਰਿਆ ਵੀ ਸਖਤ ਰੱਖੀ ਗਈ।