ਕੈਪਟਨ ਦੀ ''ਅੱਗਾ ਦੌੜ, ਪਿੱਛਾ ਚੌੜ'' ਵਾਲੀ ਹਾਲਤ, ਬੁਰੇ ਫਸੇ

04/19/2019 12:15:29 PM

ਚੰਡੀਗੜ੍ਹ : ਲੋਕ ਸਭਾ ਚੋਣਾਂ ਦੌਰਾਨ ਟਿਕਟਾਂ ਨਾ ਮਿਲਣ ਕਾਰਨ ਨਾਰਾਜ਼ ਵਾਲਮੀਕ ਭਾਈਚਾਰੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ 'ਤੇ ਮਨਾ ਲਿਆ ਕਿ ਉਨ੍ਹਾਂ ਨੂੰ ਬੋਰਡਾਂ ਅਤੇ ਨਿਗਮਾਂ ਦੀਆਂ ਚੇਅਰਮੈਨੀਆਂ ਦਿੱਤੀਆਂ ਜਾਣਗੀਆਂ। ਕੈਪਟਨ ਨੇ ਤਾਂ ਇਹ ਸਭ ਚੋਣਾਂ ਨੂੰ ਦੇਖਦਿਆਂ ਕੀਤਾ ਕਿ ਕਿਤੇ ਉਨ੍ਹਾਂ ਨੂੰ ਘਾਟਾ ਨਾ ਪੈ ਜਾਵੇ ਪਰ ਇਸ ਨਾਲ ਕੈਪਟਨ ਦੀ 'ਅੱਗਾ ਦੌੜ, ਪਿੱਛਾ ਚੌੜ' ਵਾਲੀ ਹਾਲਤ ਹੋ ਗਈ ਹੈ ਕਿਉਂਕਿ ਕੈਪਟਨ ਦੀ ਇਸ ਗੱਲ ਨੇ ਟਿਕਟਾਂ ਨਾ ਮਿਲਣ ਕਾਰਨ ਬਗਾਵਤ 'ਤੇ ਉਤਰੇ ਆਗੂਆਂ ਦੀ ਵੀ ਆਸ ਜਗਾ ਦਿੱਤੀ ਹੈ ਕਿ ਸ਼ਾਇਦ ਉਨ੍ਹਾਂ ਦੇ ਵਿਰੋਧ ਨੂੰ ਦੇਖਦੇ ਹੋਏ ਕੈਪਟਨ ਉਨ੍ਹਾਂ ਨੂੰ ਵੀ ਕੋਈ ਉੱਚਾ ਅਹੁਦਾ ਜਾਂ ਫਿਰ ਕਿਸੇ ਬੋਰਡ ਜਾਂ ਨਿਗਮ 'ਚ ਚੇਅਰਮੈਨੀਆਂ ਦੇ ਸਕਦੇ ਹਨ, ਜਿਸ ਕਾਰਨ ਕੈਪਟਨ ਬੁਰੇ ਫਸ ਗਏ ਹਨ। 
ਅਸਲ 'ਚ ਜਲੰਧਰ, ਹੁਸ਼ਿਆਰਪੁਰ ਅਤੇ ਫਿਰ ਫਤਿਹਗੜ੍ਹ ਸਾਹਿਬ ਅਤੇ ਫਰੀਦਕੋਟ ਸੀਟਾਂ 'ਤੇ ਟਿਕਟਾਂ ਨਾ ਮਿਲਣ ਕਾਰਨ ਵਾਲਮੀਕ ਭਾਈਚਾਰਾ ਕਾਂਗਰਸ ਸਰਕਾਰ ਖਿਲਾਫ ਖੜ੍ਹਾ ਹੋ ਗਿਆ। ਵਾਲਮੀਕ ਭਾਈਚਾਰੇ ਦੀ ਮੰਗ ਸੀ ਕਿ ਫਤਿਹਗੜ੍ਹ ਸਾਹਿਬ ਅਤੇ ਫਰੀਦਕੋਟ ਸੀਟਾਂ 'ਤੇ ਪਾਰਟੀ ਉਮੀਦਵਾਰ ਬਦਲ ਕੇ ਵਾਲਮੀਕ ਭਾਈਚਾਰੇ ਦੇ ਨੇਤਾਵਾਂ ਨੂੰ ਟਿਕਟ ਦੇਵੇ। ਅਖੀਰ 'ਚ ਨਾਰਾਜ਼ ਭਾਈਚਾਰੇ ਨੂੰ ਮਨਾਉਣ ਲਈ ਕੈਪਟਨ ਨੂੰ ਖੁਦ ਅੱਗੇ ਆਉਣਾ ਪਿਆ ਅਤੇ ਉਨ੍ਹਾਂ ਨੇ ਵਾਲਮੀਕ ਭਾਈਚਾਰੇ ਦੀ ਇਸ ਮੰਗ ਨੂੰ ਮੰਨ ਲਿਆ ਕਿ ਜੇਕਰ 4 ਸੀਟਾਂ ਹੋਰ ਰਾਖਵਾਂਕਰਨ ਵਰਗ ਨੂੰ ਦਿੱਤੀਆਂ ਗਈਆਂ ਤਾਂ ਉਂਨੇ ਹੀ ਬੋਰਡਾਂ-ਨਿਗਮਾਂ ਦੇ ਚੇਅਰਮੈਨ ਅਹੁਦੇ ਵਾਲਮੀਕ ਭਾਈਚਾਰੇ ਨੂੰ ਦਿੱਤੇ ਜਾਣ। 2 ਦਿਨ ਪਹਿਲਾਂ ਹੋਈ ਬੈਠਕ 'ਚ ਕੈਪਟਨ ਨੇ 2 ਚੈਅਰਮੈਨ ਅਹੁਦੇ ਅਲਾਟ ਕਰਨ 'ਤੇ ਤੁਰੰਤ ਹਾਮੀ ਭਰ ਦਿੱਤੀ। ਹੁਣ ਮਾਮਲਾ ਬਾਕੀ ਸੀਟਾਂ 'ਤੇ ਨਾਰਾਜ਼ ਆਗੂਆਂ ਨੂੰ ਮਨਾਉਣ ਦਾ ਹੈ। ਕੈਪਟਨ ਨੇ ਵਾਲਮੀਕ ਭਾਈਚਾਰੇ ਲਈ ਜੋ ਤਰੀਕਾ ਅਪਣਾਇਆ, ਮੰਨਿਆ ਜਾ ਰਿਹਾ ਹੈ ਕਿ ਅਜਿਹਾ ਹੀ ਤਰੀਕਾ ਹੋਰ ਰੁੱਸਿਆਂ ਨੂੰ ਮਨਾਉਣ ਲਈ ਵੀ ਇਸਤੇਮਾਲ ਹੋਵੇਗਾ।


Babita

Content Editor

Related News