ਕੈਪਟਨ ਸਰਕਾਰ ਦੇ ਢਾਈ ਸਾਲ ਬੀਤੇ, ਜਾਣੋ ਵਾਅਦੇ ਪੂਰੇ ਕਰਨ ''ਚ ਕਿੰਨੀ ਹੋਈ ਸਫਲ

9/17/2019 9:34:00 AM

ਜਲੰਧਰ (ਬਿਊਰੋ) : ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸੱਤਾ 'ਚ ਆਏ ਢਾਈ ਸਾਲ ਬੀਤ ਗਏ ਹਨ ਅਤੇ ਉਨ੍ਹਾਂ ਦੀ ਸਰਕਾਰ ਕੋਲ ਢਾਈ ਸਾਲ ਦਾ ਸਮਾਂ ਬਾਕੀ ਬਚਿਆ ਹੈ। ਇਨ੍ਹਾਂ ਢਾਈ ਸਾਲਾਂ ਵਿਚ ਕੈਪਟਨ ਸਰਕਾਰ 2017 'ਚ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਮੈਨੀਫੈਸਟੋ 'ਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ 'ਚ ਕਿੰਨੀ ਕੁ ਸਫਲ ਹੋ ਸਕੀ ਹੈ, 'ਜਗ ਬਾਣੀ' ਨੇ ਇਸ ਸਬੰਧ ਵਿਚ ਚੋਣਾਂ 'ਚ ਮੁੱਖ ਤੌਰ 'ਤੇ ਗਰਮ ਰਹੇ ਮੁੱਦਿਆਂ 'ਤੇ ਅਤੇ ਉਨ੍ਹਾਂ ਉਤੇ ਕੀਤੇ ਗਏ ਕੰਮਾਂ ਦੀ ਇਕ ਵਿਸ਼ਲੇਸ਼ਣਾਤਮਕ ਰਿਪੋਰਟ ਤਿਆਰ ਕੀਤੀ ਹੈ। ਆਪਣਾ ਅੱਧਾ ਅਹਿਦ ਪੂਰਾ ਕਰਨ 'ਤੇ ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮਿਲ ਕੇ 161 ਵਿਚੋਂ 140 ਵਾਅਦੇ ਪੂਰੇ ਕਰਨ ਦਾ ਦਾਅਵਾ ਕੀਤਾ। ਭਾਵੇਂ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਵਿਚ ਕੁਝ ਨਾਕਾਮੀਆਂ ਵੀ ਰਹੀਆਂ ਹਨ ਪਰ ਉਨ੍ਹਾਂ ਦੀ ਸਰਕਾਰ ਨੇ ਕੁਝ ਚੰਗੇ ਫੈਸਲੇ ਵੀ ਲਏ ਹਨ। ਪੇਸ਼ ਹੈ ਵਿਸ਼ਲੇਸ਼ਣਾਤਮਕ ਰਿਪੋਰਟ :

ਸਾਂਝੇ ਮੁੱਦਿਆਂ 'ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਨਾ ਹੋ ਸਕੀ ਇਕਮੁੱਠ
ਪੰਜਾਬ 'ਚ ਕੈਪਟਨ ਅਮਰਿੰਦਰ ਸਰਕਾਰ ਦਾ ਢਾਈ ਸਾਲ ਦਾ ਕਾਰਜਕਾਲ ਪੂਰਾ ਹੋ ਗਿਆ ਹੈ। ਸਰਕਾਰ ਦੀ ਕਾਰਗੁਜ਼ਾਰੀ 'ਤੇ ਅਸੰਤੁਸ਼ਟੀ ਵਿਅਕਤ ਕਰਦੇ ਹੋਏ ਪੰਜਾਬ ਪ੍ਰਦੇਸ਼ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਦੇ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਵਰਗੇ ਆਗੂ ਤਾਂ ਸਵਾਲ ਉਠਾ ਕੇ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਘੇਰਨ ਦਾ ਯਤਨ ਕਰਦੇ ਹਨ ਪਰ ਇਨ੍ਹਾਂ ਢਾਈ ਸਾਲਾਂ ਦੌਰਾਨ ਵਿਰੋਧੀ ਪਾਰਟੀਆਂ ਦੀ ਭੂਮਿਕਾ ਸਵਾਲਾਂ ਦੇ ਘੇਰੇ ਵਿਚ ਆ ਗਈ। ਇਹ ਆਮ ਪ੍ਰਭਾਵ ਹੈ ਕਿ ਕੈਪਟਨ ਸਰਕਾਰ ਦੀ ਆਪਣੀ ਹੀ ਪਾਰਟੀ ਵਿਚ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਹੋਣ ਦੇ ਬਾਵਜੂਦ ਵਿਰੋਧੀ ਪਾਰਟੀਆਂ ਵਿਧਾਨ ਸਭਾ ਵਿਚ ਮਜ਼ਬੂਤ ਭੂਮਿਕਾ ਨਹੀਂ ਨਿਭਾ ਪਾ ਰਹੀਆਂ ਹਨ। ਮੁੱਖ ਵਿਰੋਧੀ ਪਾਰਟੀ 'ਆਪ' ਵਿਚ ਗੁੱਟਬਾਜ਼ੀ ਪੈਦਾ ਹੋਣ ਤੋਂ ਬਾਅਦ ਹੀ ਵਿਰੋਧੀ ਧਿਰ ਦਾ ਪ੍ਰਭਾਵ ਘੱਟ ਹੋਇਆ ਹੈ।

ਕੈਪਟਨ ਸਰਕਾਰ ਵਲੋਂ ਕੀਤੇ ਗਏ ਵਾਅਦਿਆਂ ਅਨੁਸਾਰ ਕਿਸਾਨਾਂ ਦੇ ਕਰਜ਼ੇ ਦੀ ਮੁਕੰਮਲ ਵਾਪਸੀ, ਘਰ-ਘਰ ਰੋਜ਼ਗਾਰ ਵਰਗੇ ਮੁੱਦਿਆਂ 'ਤੇ ਹਾਕਮ ਧਿਰ ਵਿਰੋਧੀ ਧਿਰ ਨੂੰ ਮਜ਼ਬੂਤੀ ਨਾਲ ਘੇਰ ਨਹੀਂ ਪਾ ਰਹੀ। ਬਿਜਲੀ ਦੀਆਂ ਦਰਾਂ ਵਿਚ ਲਗਾਤਾਰ ਇਜ਼ਾਫਾ, ਅਮਨ-ਕਾਨੂੰਨ ਦੀ ਹਾਲਤ ਅਤੇ ਨਸ਼ਿਆਂ ਵਰਗੇ ਮੁੱਦਿਆਂ ਨੂੰ ਲੈ ਕੇ ਵੀ ਵਿਰੋਧੀ ਧਿਰ ਮੁਹਿੰਮ ਲਾਮਬੰਦ ਨਹੀਂ ਕਰ ਪਾ ਰਹੀ।

ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਪਹਿਲਾਂ ਵਾਂਗ ਬਰਕਰਾਰ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਰਗਾੜੀ ਗੋਲੀ ਕਾਂਡ ਵਰਗੇ ਮੁੱਦੇ ਅਹਿਮ ਮੋੜ 'ਤੇ ਪਹੁੰਚ ਕੇ ਵੀ ਵਿਰੋਧੀ ਧਿਰ ਦੇ ਇਕਜੁੱਟ ਨਾ ਹੋਣ ਕਾਰਣ ਵਿਚਕਾਰ ਹੀ ਲਟਕ ਚੁੱਕੇ ਹਨ। ਅਜਿਹੇ ਅਹਿਮ ਮੁੱਦਿਆਂ 'ਤੇ ਵੀ ਵਿਰੋਧੀ ਧਿਰ ਇਕਮੁੱਠ ਨਹੀਂ ਹੋ ਸਕੀ ਹੈ ਅਤੇ ਵਿਧਾਨ ਸਭਾ ਵਿਚ ਇਕ-ਦੂਜੇ ਦੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਹੁੰਦੀ ਹੈ। ਜਿਥੇ ਆਮ ਆਦਮੀ ਪਾਰਟੀ ਮੌਜੂਦਾ ਸਮੇਂ ਵਿਚ 3-4 ਧੜਿਆਂ ਵਿਚ ਵੰਡੀ ਹੋਈ ਹੈ, ਉਥੇ ਵਿਰੋਧੀ ਪਾਰਟੀ ਅਕਾਲੀ ਦਲ ਤੇ ਕੈਪਟਨ ਸਰਕਾਰ ਨਾਲ ਮਿਲੇ ਹੋਣ ਦੇ ਇਲਜ਼ਾਮ ਲੱਗਦੇ ਹਨ। ਇਨ੍ਹਾਂ ਸਥਿਤੀਆਂ ਵਿਚ ਵਿਰੋਧੀ ਪਾਰਟੀਆਂ ਅਹਿਮ ਮੁੱਦਿਆਂ ਨੂੰ ਲੈ ਕੇ ਮਹੱਤਵਪੂਰਨ ਭੂਮਿਕਾ ਨਹੀਂ ਨਿਭਾ ਰਹੀਆਂ। ਸੁਖਬੀਰ ਬਾਦਲ ਦੇ ਅਕਾਲੀ ਦਲ ਦਾ ਵਿਧਾਨ ਸਭਾ ਵਿਚ ਨੇਤਾ ਰਹਿਣ ਸਮੇਂ ਵੀ ਪਾਰਟੀ ਆਪਣੀ ਤਾਕਤ ਨਹੀਂ ਦਿਖਾ ਸਕੀ ਅਤੇ ਹੁਣ ਸੁਖਬੀਰ ਬਾਦਲ ਦੇ ਲੋਕ ਸਭਾ ਮੈਂਬਰ ਬਣਨ ਤੋਂ ਮਗਰੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਦੇ ਵਿਧਾਨ ਸਭਾ ਗਰੁੱਪ ਦਾ ਆਗੂ ਬਣਾਇਆ ਗਿਆ ਹੈ। ਨਿਰਸੰਦੇਸ਼ ਢੀਂਡਸਾ ਸਾਬਕਾ ਵਿੱਤ ਮੰਤਰੀ ਅਤੇ ਪੜ੍ਹੇ-ਲਿਖੇ ਹੋਣ ਕਾਰਣ ਚੰਗਾ ਬੋਲ ਲੈਂਦੇ ਹਨ ਪਰ ਪਾਰਟੀ ਦੇ ਦੂਜੇ ਵਿਧਾਇਕਾਂ ਵਿਚੋਂ ਕੁਝ ਨੂੰ ਛੱਡ ਕੇ ਜ਼ਿਆਦਾਤਰ ਵਿਧਾਇਕਾਂ ਦਾ ਗਿਆਨ ਓਨਾ ਚੰਗਾ ਨਹੀਂ ਹੈ। ਇਸ ਤਰ੍ਹਾਂ ਦਰਹਮ-ਬਰਹਮ ਹੋਏ ਵਿਰੋਧੀ ਧਿਰ ਦਾ ਹਾਕਮ ਧਿਰ ਨੂੰ ਲਾਭ ਮਿਲ ਰਿਹਾ ਹੈ ਅਤੇ ਲੋਕਾਂ ਦੇ ਅਸਲੀ ਮੁੱਦੇ ਅਣਡਿੱਠ ਹੋ ਰਹੇ ਹਨ।

ਢਾਈ ਸਾਲਾਂ 'ਚ ਰਹੇ ਵਿਰੋਧੀ ਧਿਰ ਦੇ ਆਗੂ

  • ਐੱਚ. ਐੱਸ. ਫੂਲਕਾ 16 ਮਾਰਚ 2017 ਤੋਂ 9 ਜੁਲਾਈ 2017 ਤਕ।
  • ਸੁਖਪਾਲ ਖਹਿਰਾ 8 ਜੁਲਾਈ 2017 ਤੋਂ 27 ਜੁਲਾਈ 2018 ਤਕ।
  • ਹਰਪਾਲ ਸਿੰਘ ਚੀਮਾ 27 ਜੁਲਾਈ ਤੋਂ ਹਨ ਵਿਰੋਧੀ ਧਿਰ ਦੇ ਆਗੂ।


ਵੱਡੇ ਕਦਮ

  • ਬੱਚੀਆਂ ਨਾਲ ਬਦਫੈਲੀ 'ਤੇ ਫਾਂਸੀ ਦੀ ਸਜ਼ਾ
  • ਨਸ਼ੇ ਦੇ ਸਮੱਗਲਰਾਂ ਲਈ ਮੌਤ ਦੀ ਸਜ਼ਾ ਦੀ ਮੰਗ


ਵੱਡੇ ਫੈਸਲੇ

  • 8886 ਅਧਿਆਪਕ ਰੈਗੂਲਰ ਕਰਨ
  • 3 ਲੱਖ ਲੋਕਾਂ ਦਾ ਕਰਜ਼ਾ ਮੁਆਫ, ਜਿਨ੍ਹਾਂ ਵਿਚ ਖੇਤ ਮਜ਼ਦੂਰ ਅਤੇ ਬੇਜ਼ਮੀਨੇ ਕਿਸਾਨ ਵੀ ਸ਼ਾਮਲ ਹਨ।
  • 42 ਲੱਖ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਜਨ ਸਿਹਤ ਯੋਜਨਾ ਅਧੀਨ ਫਾਇਦਾ ਪਹੁੰਚਾਉਣ ਦਾ ਕੰਮ।


ਸ਼ਲਾਘਾਯੋਗ ਕੰਮ

  • ਬਜ਼ੁਰਗਾਂ ਨੂੰ 750 ਰੁਪਏ ਦੀ ਮਹੀਨਾਵਾਰ ਪੈਨਸ਼ਨ ਮਿਲਣੀ ਸ਼ੁਰੂ।
  • ਸਰਕਾਰੀ ਸਕੂਲਾਂ 'ਚ ਨਰਸਰੀ ਅਤੇ ਕੇ. ਜੀ. ਦੀਆਂ ਜਮਾਤਾਂ ਸ਼ੁਰੂ ਕਰਨ, ਸਭਨਾਂ ਬਲਾਕਾਂ ਦੇ ਦੋ ਸਰਕਾਰੀ ਸਕੂਲਾਂ ਵਿਚ ਅੰਗਰੇਜ਼ੀ ਮੀਡੀਅਮ 'ਚ ਪੜ੍ਹਾਈ ਕਰਵਾਉਣ ਅਤੇ ਲੜਕੀਆਂ ਨੂੰ ਪ੍ਰੀ-ਨਰਸਰੀ ਤੋਂ ਪੀ. ਐੱਚ. ਡੀ. ਤਕ ਮੁਫਤ ਪੜ੍ਹਾਈ ਕਰਵਾਉਣ ਦਾ ਐਲਾਨ।


ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

cherry

Edited By cherry