''ਮੇਰਾ ਕੈਪਟਨ ਕੌਣ'' ਪਹਿਲੀ ਵਾਰੀ ਕੈਪਟਨ ਤੇ ਸਿੱਧੂ ਆਹਮੋ-ਸਾਹਮਣੇ

12/12/2018 6:52:19 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 'ਕੈਪਟਨ' ਨਾ ਮੰਨਣ 'ਤੇ ਦਿੱਤੇ ਗਏ ਬਿਆਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਏ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕੈਪਟਨ ਨਾਲ ਕਿਸੇ ਵੀ ਤਰ੍ਹਾਂ ਦੀ ਨਾਰਾਜ਼ਗੀ ਤੋਂ ਇਨਕਾਰ ਕੀਤਾ ਹੈ। ਦਿੱਲੀ ਤੋਂ ਪਰਤਣ ਤੋਂ ਬਾਅਦ ਸਿੱਧੂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੀ ਸੈਕਟਰ 2 ਵਿਚਲੀ ਸਰਕਾਰੀ ਰਿਹਾਇਸ਼ 'ਤੇ ਪਹੁੰਚੇ, ਜਿਥੇ ਉੁਨ੍ਹਾਂ ਮੁੱਖ ਮੰਤਰੀ ਨੂੰ ਪਾਕਿਸਤਾਨ ਤੋਂ ਲਿਆਂਦਾ ਤੋਹਫਾ 'ਤਿੱਤਰ' ਭੇਂਟ ਕੀਤਾ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਲਈ ਸਤਿਕਾਰ ਯੋਗ ਹਨ ਅਤੇ ਉਨ੍ਹਾਂ ਵਿਚਾਲੇ ਕਦੇ ਵੀ ਕੌੜੇ ਬੋਲਾਂ ਦੀ ਵਰਤੋਂ ਨਹੀਂ ਹੋਈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਵਲੋਂ ਦਿੱਤੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। 
ਪੰਜ ਸੂਬਿਆਂ ਦੇ ਚੋਣ ਨਤੀਜਿਆਂ 'ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਕਾਂਗਰਸ ਨੇ ਭਾਜਪਾ ਦੇ ਤਿੰਨ ਕਿਲ੍ਹਿਆਂ ਵਿਚ ਸੰਨ੍ਹ ਲਗਾਈ ਹੈ। ਸਿੱਧੂ ਨੇ ਕਿਹਾ ਕਿ ਦੇਸ਼ ਦੀ ਹਰ ਗਲੀ ਵਿਚ ਰਾਹੁਲ ਗਾਂਧੀ ਦਾ ਨਾਂ ਗੂੰਜ ਰਿਹਾ ਹੈ। ਇਕ ਦਿਨ ਰਾਹੁਲ ਗਾਂਧੀ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਂਦੇ ਨਜ਼ਰ ਆਉਣਗੇ। ਭਾਜਪਾ ਦੀ ਹਾਰ 'ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਮੋਦੀ ਦਾ ਇਹ ਹਾਲ ਉਨ੍ਹਾਂ ਦੇ ਹੰਕਾਰ ਕਾਰਨ ਹੋ ਰਿਹਾ ਹੈ। 
ਕਰਤਾਰਪੁਰ ਕਾਰੀਡੋਰ 'ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਇਸ ਮਾਮਲੇ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਇਹ ਅਜਿਹਾ ਮਾਮਲਾ ਹੈ ਜਿਸ ਦੀ ਹਰ ਸਿੱਖ ਨੂੰ ਉਡੀਕ ਸੀ ਅਤੇ ਅੱਜ ਉਹ ਪੂਰੀ ਹੋ ਰਹੀ ਹੈ। ਸਿੱਧੂ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ।


Gurminder Singh

Content Editor

Related News