ਪੰਜਾਬ ਦੇ ਮੰਤਰੀਆਂ ਦੇ ਵਿਭਾਗਾਂ ''ਚ ਹੋ ਸਕਦੈ ਫੇਰਬਦਲ

03/22/2017 11:28:02 AM

ਚੰਡੀਗੜ੍ਹ (ਭੁੱਲਰ)— ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ''ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਮੰਤਰੀਆਂ ਦੇ ਵਿਭਾਗਾਂ ''ਚ ਫੇਰਬਦਲ ਹੋ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਮੰਤਰੀ ਆਪਣੇ ਵਿਭਾਗਾਂ ਨੂੰ ਲੈ ਕੇ ਨਾਖੁਸ਼ ਹਨ। ਉਪ ਮੁੱਖ ਮੰਤਰੀ ਦੀਆਂ ਅਟਕਲਾਂ ਵਿਚਕਾਰ ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਸਿੱਧੇ ਤੌਰ ''ਤੇ ਮੁੱਖ ਮੰਤਰੀ ਤੱਕ ਆਪਣੀ ਗੱਲ ਪਹੁੰਚਾ ਦਿੱਤੀ ਹੈ। ਇਸ ਤੋਂ ਇਲਾਵਾ ਆਗੂ ਵਿਰੋਧੀ ਦਲ ਰਹੇ ਚਰਨਜੀਤ ਸਿੰਘ ਚੰਨੀ ਤੇ ਸਾਧੂ ਸਿੰਘ ਧਰਮਸੌਤ ਵੀ ਆਪਣੀ ਸੀਨੀਆਰਤਾ ਅਨੁਸਾਰ ਦੂਜੇ ਮੰਤਰੀਆਂ ਮੁਕਾਬਲੇ ਅਸਹਿਜ ਮਹਿਸੂਸ ਕਰ ਰਹੇ ਹਨ। ਸੂਤਰਾਂ ਅਨੁਸਾਰ ਉਨ੍ਹਾਂ ਨੇ ਵੀ ਕੁਝ ਹੋਰ ਚੰਗੇ ਵਿਭਾਗ ਲੈਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ।
ਨਵਜੋਤ ਸਿੰਘ ਸਿੱਧੂ ਨੇ ਇਸ ਬਾਰੇ ਇਹ ਦਲੀਲ ਦਿੱਤੀ ਹੈ ਕਿ ਕੇਂਦਰ ਸਰਕਾਰ ਨੇ ਵੀ ਸ਼ਹਿਰੀ ਵਿਕਾਸ ਮੰਤਰਾਲਾ ਸਥਾਨਕ ਸਰਕਾਰਾਂ ਵਿਭਾਗ ਨਾਲ ਜੋੜਿਆ ਹੋਇਆ ਹੈ, ਇਸ ਲਈ ਉਨ੍ਹਾਂ ਨੂੰ ਵੀ ਸ਼ਹਿਰੀ ਵਿਕਾਸ ਮੰਤਰਾਲਾ ਦਿੱਤਾ ਜਾਵੇ ਤਾਂ ਕਿ ਉਹ ਸ਼ਹਿਰਾਂ ਦਾ ਸਰਵਪੱਖੀ ਵਿਕਾਸ ਕਰਵਾ ਸਕਣ।
ਚਰਨਜੀਤ ਸਿੰਘ ਚੰਨੀ ਨੂੰ ਤਕਨੀਕੀ ਸਿੱਖਿਆ ਤੇ ਉਦਯੋਗਿਕ ਟ੍ਰੇਨਿੰਗ ਵਿਭਾਗ ਮਿਲਿਆ ਹੈ। ਉਹ ਵੀ ਚਾਹੁੰਦੇ ਹਨ ਕਿ ਜਾਂ ਤਾਂ ਉਨ੍ਹਾਂ ਨੂੰ ਕੋਈ ਹੋਰ ਚੰਗਾ ਵਿਭਾਗ ਨਾਲ ਦਿੱਤਾ ਜਾਵੇ ਜਾਂ ਫਿਰ ਤਕਨੀਕੀ ਸਿੱਖਿਆ ਦੇ ਨਾਲ ਸਕੂਲ ਤੇ ਉੱਚ ਸਿੱਖਿਆ ਨੂੰ ਜੋੜਿਆ ਜਾਵੇ।
ਇਸ ਤਰ੍ਹਾਂ ਸਾਧੂ ਸਿੰਘ ਧਰਮਸੌਤ ਨੂੰ ਵਣ ਤੇ ਐੱਸ. ਸੀ., ਬੀ. ਸੀ. ਭਲਾਈ ਵਿਭਾਗ ਮਿਲਿਆ ਹੈ। ਉਹ ਵੀ ਆਪਣੀ ਸੀਨੀਆਰਤਾ ਦੇ ਹਿਸਾਬ ਨਾਲ ਇਨ੍ਹਾਂ ਤੋਂ ਇਲਾਵਾ ਕੋਈ ਹੋਰ ਵਿਭਾਗ ਵੀ ਚਾਹੁੰਦੇ ਹਨ।
ਉਧਰ ਦੂਜੇ ਪਾਸੇ ਰਾਣਾ ਗੁਰਜੀਤ ਸਿੰਘ ਬਿਜਲੀ ਤੇ ਸਿੰਚਾਈ ਵਿਭਾਗ ਤੇ ਤ੍ਰਿਪਤ ਰਜਿੰਦਰ ਬਾਜਵਾ ਪੇਂਡੂ ਵਿਕਾਸ ਤੇ ਸੈਨੀਟੇਸ਼ਨ ਵਿਭਾਗ ਮਿਲਣ ਤੋਂ ਸੰਤੁਸ਼ਟ ਹਨ। ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਨੇ ਹਾਲੇ ਆਪਣੀ ਪੂਰੀ ਕੈਬਨਿਟ ਨਹੀਂ ਬਣਾਈ ਤੇ 2 ਮਹਿਲਾਵਾਂ ਨੂੰ ਰਾਜ ਮੰਤਰੀ ਦੇ ਤੌਰ ''ਤੇ ਕੰਮ ਸੌਂਪਿਆ ਹੈ। ਮੁੱਖ ਮੰਤਰੀ ਜਾਂ ਤਾਂ ਕੈਬਨਿਟ ਦੇ ਅਗਲੇ ਵਿਸਤਾਰ ਦੇ ਸਮੇਂ ਜਾਂ ਫਿਰ ਇਸ ਤੋਂ ਪਹਿਲਾਂ ਵੀ ਮੰਤਰੀਆਂ ਦੀ ਕਾਰਗੁਜ਼ਾਰੀ ਦੇ ਆਧਾਰ ''ਤੇ ਕੁਝ ਵਿਭਾਗਾਂ ''ਚ ਫੇਰਬਦਲ ਕਰ ਸਕਦੇ ਹਨ।


Gurminder Singh

Content Editor

Related News