ਗਲਵਾਨ ਘਾਟੀ ’ਚ ਸ਼ਹੀਦ ਹੋਏ 3 ਅਣਵਿਆਹੇ ਫ਼ੌਜੀਆਂ ਦੇ ਪਰਿਵਾਰਕ ਮੈਂਬਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

Wednesday, Nov 18, 2020 - 07:23 PM (IST)

ਚੰਡੀਗੜ੍ਹ/ਜਲੰਧਰ— ਪੰਜਾਬ ਦੇ 5 ਬਹਾਦਰ ਸਿਪਾਹੀਆਂ ਨੇ ਗਲਵਾਨ ਘਾਟੀ ’ਚ ਚੀਨ ਦੇ ਫ਼ੌਜੀਆਂ ਨਾਲ ਲੜਦੇ ਸਮੇਂ ਸ਼ਹਾਦਤ ਦਾ ਜਾਮ ਪੀ ਲਿਆ ਸੀ। ਇਨ੍ਹਾਂ ਦੇ ਵਿੱਚੋਂ ਤਿੰਨ ਸਿਪਾਹੀ ਗੁਰਤੇਜ ਸਿੰਘ (23), ਗੁਰਵਿੰਦਰ ਸਿੰਘ (22) ਅਤੇ ਲਾਂਸ ਨਾਇਕ ਸਲੀਮ ਖਾਨ (24) ਅਣਵਿਆਹੇ ਸਨ, ਜੋਕਿ ਸ਼ਹੀਦੀ ਪ੍ਰਾਪਤ ਕਰ ਗਏ ਸਨ। ਅੱਜ ਪੰਜਾਬ ਸਰਕਾਰ ਨੇ ਇਨ੍ਹਾਂ ਤਿੰਨ ਅਣਵਿਆਹੇ ਸ਼ਹੀਦਾਂ ਦੇ ਪਰਿਵਾਰਾਂ ਲਈ ਇਕ ਵੱਡਾ ਐਲਾਨ ਕੀਤਾ ਹੈ। 
ਦਰਅਸਲ ਪੰਜਾਬ ਸਰਕਾਰ ਦੀ ‘ਮਾਣ ਤੇ ਸ਼ੁਕਰਾਨੇ ਦੀ ਨੌਕਰੀ ਦੇਣ’ ਦੀ ਨੀਤੀ ’ਚ ਛੋਟ ਦਿੰਦੇ ਪੰਜਾਬ ਮੰਤਰੀ ਮੰਡਲ ਨੇ ਗਲਵਾਨ ਘਾਟੀ ਦੇ ਤਿੰਨ ਅਣਵਿਆਹੇ ਜੰਗੀ ਸ਼ਹੀਦਾਂ ਦੇ ਵਿਆਹੁਤਾ ਭਰਾਵਾਂ ਨੂੰ ਸੂਬਾਈ ਸੇਵਾਵਾਂ ’ਚ ਨੌਕਰੀਆਂ ਦੇਣ ਲਈ ਨਿਯਮਾਂ ’ਚ ਸੋਧ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।

PunjabKesari
ਮੌਜੂਦਾ ਨਿਯਮਾਂ ਮੁਤਾਬਕ ਜੰਗੀ ਸ਼ਹੀਦਾਂ ਦੇ ਨਿਰਭਰ ਪਰਿਵਾਰਕ ਮੈਂਬਰਾਂ ਜਾਂ ਅਗਲੇ ਵਾਰਸਾਂ ਨੂੰ ਹੀ ਨੌਕਰੀ ਲਈ ਯੋਗ ਮੰਨਿਆ ਜਾਂਦਾ þ ਪਰ ਇਨ੍ਹਾਂ 3 ਫ਼ੌਜੀਆਂ ਦੇ ਮਾਮਲੇ ’ਚ ਇਸ ਵੇਲੇ ਕੋਈ ਵੀ ਪਰਿਵਾਰਕ ਮੈਂਬਰ ਨਿਰਭਰ ਨਹੀਂ ਹੈ, ਜਿਸ ਕਰਕੇ ਇਨ੍ਹਾਂ ਦੇ ਵਿਆਹੁਤਾ ਭਰਾਵਾਂ ਨੂੰ ਨੌਕਰੀਆਂ ਦੇਣ ਲਈ ਨਿਯਮਾਂ ’ਚ ਛੋਟ ਦੇਣ ਦਾ ਪੰਜਾਬ ਕੈਬਨਿਟ ’ਚ ਫ਼ੈਸਲਾਕੀਤਾ ਹੈ।
ਇਹ ਪ੍ਰਗਟਾਵਾ ਕਰਦੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਿਪਾਹੀ ਗੁਰਤੇਜ ਸਿੰਘ (ਕੁਆਰਾ) ਦਾ ਭਰਾ ਗੁਰਪ੍ਰੀਤ ਸਿੰਘ, ਸਿਪਾਹੀ ਗੁਰਬਿੰਦਰ ਸਿੰਘ (ਕੁਆਰਾ) ਦਾ ਭਰਾ ਗਰਪ੍ਰੀਤ ਸਿੰਘ ਅਤੇ ਲਾਂਸ ਨਾਇਕ ਸਲੀਮ ਖਾਨ (ਕੁਆਰਾ) ਦਾ ਭਰਾ ਨਿਆਮਤ ਅਲੀ ਨੇ ‘ਜੰਗੀ ਨਾਇਕਾਂ ਦੇ ਨਿਰਭਰ ਮੈਂਬਰਾਂ’ ਦੀ ਪ੍ਰੀਭਾਸ਼ਾ ਦੇ ਦਾਇਰੇ ’ਚ ਨਾ ਆਉਣ ਦੇ ਬਾਵਜੂਦ ਸੂਬਾਈ ਸੇਵਾਵਾਂ ’ਚ ਨਿਯੁਕਤੀ ਲਈ ਅਪਲਾਈ ਕੀਤਾ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਮਿਤੀ 24 ਸਤੰਬਰ, 1999 ਦੀ ‘ਜੰਗੀ ਨਾਇਕਾਂ’ ਦੇ ਪਰਿਵਾਰਾਂ ਦੇ ਨਿਰਭਰ ਮੈਂਬਰਾਂ ਨੂੰ ‘ਮਾਣ ਤੇ ਸ਼ੁਕਰਾਨੇ ਦੀ ਨੌਕਰੀ ਦੇਣ’ ਦੀ ਨੀਤੀ ਤਹਿਤ ਕਲਾਸ 1 ਅਤੇ ਕਲਾਸ 2 ’ਚ ਨੌਕਰੀ ਜਦਕਿ ਮਿਤੀ 19 ਅਗਸਤ, 1999 ਦੀ ‘ਜੰਗੀ ਨਾਇਕਾਂ’ ਦੇ ਪਰਿਵਾਰਾਂ ਦੇ ਨਿਰਭਰ ਮੈਂਬਰਾਂ ਨੂੰ ਕਲਾਸ-3 ਅਤੇ ਕਲਾਸ-4 ਵਿੱਚ ‘ਮਾਣ ਤੇ ਸ਼ੁਕਰਾਨੇ ਦੀ ਨੌਕਰੀ ਦੇਣ’ ਦੀ ਨੀਤੀ ਤਹਿਤ ‘ਜੰਗੀ ਨਾਇਕ’ ਦੀ ਵਿਧਵਾ ਜਾਂ ਨਿਰਭਰ ਮੈਂਬਰ ਨੂੰ ਸੂਬਾਈ ਸੇਵਾ ’ਚ ਨੌਕਰੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।

ਬੁਲਾਰੇ ਨੇ ਦੱਸਿਆ ਕਿ ਉਪਰੋਕਤ ਨੀਤੀਆਂ ’ਚ ਪਰਿਭਾਸ਼ਿਤ ਕੀਤਾ ਜੰਗੀ ਨਾਇਕ ਦਾ ਨਿਰਭਰ ਮੈਂਬਰ ‘ਵਿਧਵਾ ਜਾਂ ਪਤਨੀ ਜਾਂ ਨਿਰਭਰ ਪੁੱਤਰ ਜਾਂ ਨਿਰਭਰ ਅਣਵਿਆਹੀ ਧੀ ਜਾਂ ਗੋਦ ਲਏ ਨਿਰਭਰ ਪੁੱਤਰ ਜਾਂ ਗੋਦ ਲਈ ਅਣਵਿਆਹੀ ਧੀ’ ਹੈ। ਬੁਲਾਰੇ ਨੇ ਦੱਸਿਆ ਕਿ ਇਸ ਨੀਤੀ ਤਹਿਤ ਹਾਲਾਂਕਿ ਜੇਕਰ ਜੰਗੀ ਨਾਇਕ ਕੁਆਰਾ ਹੈ ਪਰ ਉਸ ’ਤੇ ਹੋਰ ਮੈਂਬਰ ਨਿਰਭਰ ਸਨ ਤਾਂ ਕੁਆਰਾ ਭਰਾ ਜਾਂ ਅਣਵਿਆਹੀ ਭੈਣ ਨੂੰ ਇਸ ਨੀਤੀ ਤਹਿਤ ਨੌਕਰੀ ਲਈ ਵਿਚਾਰਨ ਵਾਸਤੇ ਯੋਗ ਮੰਨਿਆ ਜਾਵੇਗਾ।
ਦੇਸ਼ ਖਾਤਿਰ ਜੂਨ 2020 ’ਚ ਕੀਤੀ ਸੀ ਸ਼ਹੀਦੀ ਪ੍ਰਾਪਤ 
ਜ਼ਿਕਰਯੋਗ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨਜ਼ ਆਰਮੀ ਵੱਲੋਂ ਕੀਤੇ ਹਮਲੇ ਦੌਰਾਨ ਜੂਨ, 2020 ’ਚ ਲੱਦਾਖ ਸੈਕਟਰ ’ਚ ਸ਼ਹਾਦਤ ਦੇਣ ਵਾਲਿਆਂ ’ਚ ਪੰਜ ਫੌਜੀ ਪੰਜਾਬ ਨਾਲ ਸਬੰਧਤ ਸਨ। ਅਜਿਹੀਆਂ ਮੌਤਾਂ ਨੂੰ ਆਮ ਤੌਰ ’ਤੇ ਫੌਜ ਦੇ ਹੈੱਡਕੁਆਰਟਰ ਵੱਲੋਂ ਜੰਗੀ ਸ਼ਹੀਦ ਐਲਾਨਿਆ ਜਾਂਦਾ ਹੈ ਅਤੇ ਅਜਿਹੇ ਸੈਨਿਕਾਂ ਦੇ ਅਗਲੇ ਵਾਰਸ ਨੂੰ ਵਿੱਤੀ ਸਹਾਇਤਾ ਦੇਣ ਤੋਂ ਇਲਾਵਾ ਸੂਬਾ ਸਰਕਾਰ ਦੀ ‘ਮਾਣ ਤੇ ਸ਼ੁਕਰਾਨੇ ਦੀ ਨੌਕਰੀ ਦੇਣ’ ਦੀ ਨੀਤੀ ਮੁਤਾਬਕ ਹਰੇਕ ਸ਼ਹੀਦ ਦੇ ਨਿਰਭਰ ਪਰਿਵਾਰਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਂਦੀ ਹੈ। ਪਰ ਇਨ੍ਹਾਂ ਪੰਜ ਫ਼ੌਜੀਆਂ ਦੇ ਮਾਮਲੇ ’ਚ ਤਿੰਨ ਫ਼ੌਜੀ ਸ਼ਹਾਦਤ ਮੌਕੇ ਕੁਆਰੇ ਸਨ। ਇਥੋਂ ਤੱਕ ਕਿ ਇਨ੍ਹਾਂ ਤਿੰਨੇ ਸ਼ਹੀਦ ਫ਼ੌਦੀ ਦਾ ਕੋਈ ਵੀ ਪਰਿਵਾਰਕ ਮੈਂਬਰ ਉਪਰੋਕਤ ਨੀਤੀਆਂ ’ਚ ‘ਜੰਗੀ ਨਾਇਕਾਂ ਦੇ ਨਿਰਭਰ ਮੈਂਬਰਾਂ’ ਦੀ ਪ੍ਰੀਭਾਸ਼ਾ ਦੇ ਦਾਇਰੇ ਹੇਠ ਨਹੀਂ ਆਉਂਦਾ ਜਿਨ੍ਹਾਂ ਦੇ ਪਰਿਵਾਰਾਂ ’ਚ ਬਜ਼ੁਰਗ ਮਾਪੇ ਅਤੇ ਹੋਰ ਪਰਿਵਾਰਕ ਮੈਂਬਰ ਹਨ, ਜਿਸ ਕਰਕੇ ਸੂਬਾ ਸਰਕਾਰ ਨੇ ਇਨ੍ਹਾਂ ਸ਼ਹੀਦਾਂ ਦੇ ਮਾਣ ਤੇ ਸ਼ੁਕਰਾਨੇ ਦੇ ਸਤਿਕਾਰ ਵਜੋਂ ਨਿਯਮਾਂ ’ਚ ਢਿੱਲ ਦੇਣ ਦਾ ਫ਼ੈਸਲਾ ਕੀਤਾ ਹੈ।


shivani attri

Content Editor

Related News