ਕੈਪਟਨ ਛੱਡ ਰਾਣਾ ਸੋਢੀ ਨੇ ਭਾਜਪਾ ਨਾਲ ਮਿਲਾਇਆ ਹੱਥ, ਸਿਆਸੀ ਹਲਕਿਆਂ ’ਚ ਛਿੜੀ ਨਵੀਂ ਚਰਚਾ
Wednesday, Dec 22, 2021 - 06:32 PM (IST)
ਜਲੰਧਰ (ਧਵਨ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਕਾਂਗਰਸੀ ਵਿਧਾਇਕ ਰਾਣਾ ਸੋਢੀ ਭਾਵੇਂ ਭਾਜਪਾ ’ਚ ਸ਼ਾਮਲ ਹੋ ਗਏ ਹਨ ਪਰ ਸਿਆਸੀ ਹਲਕਿਆਂ ’ਚ ਇਸ ਗੱਲ ਨੂੰ ਲੈ ਕੇ ਹੈਰਾਨਗੀ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਅਖੀਰ ਉਹ ਅਮਰਿੰਦਰ ਸਿੰਘ ਦੀ ਪਾਰਟੀ ’ਚ ਸ਼ਾਮਲ ਕਿਉਂ ਨਹੀਂ ਹੋਏ? ਉਹ ਭਾਜਪਾ ’ਚ ਸ਼ਾਮਲ ਕਿਉਂ ਹੋਏ ਹਨ? ਕਾਂਗਰਸ ਅੰਦਰ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਕ ਚਰਚਾ ਇਹ ਹੈ ਕਿ ਰਾਣਾ ਸੋਢੀ ਨੂੰ ਪਤਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੋ ਹਾਲਾਤ ਬਣਨੇ ਹਨ, ਉਨ੍ਹਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਕੇਂਦਰ ’ਚ ਭਾਜਪਾ ਦੇ ਕੇਂਦਰੀ ਮੰਤਰੀਆਂ ਦੀ ਮਦਦ ਦੀ ਜ਼ਰੂਰਤ ਸਮੇਂ-ਸਮੇਂ ’ਤੇ ਪਵੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬਿਕਰਮ ਮਜੀਠੀਆ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ
ਦੂਜੇ ਪਾਸੇ ਇਕ ਚਰਚਾ ਇਹ ਚੱਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੁਣ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੱਤਾ ’ਚ ਆਉਣ ਦੇ ਆਸਾਰ ਨਹੀਂ ਹਨ। ਅਜਿਹੀ ਸਥਿਤੀ ’ਚ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ’ਚ ਜਾਣ ਨਾਲ ਕੋਈ ਫਾਇਦਾ ਨਹੀਂ ਹੋਵੇਗਾ। ਅਜਿਹੀ ਸਥਿਤੀ ’ਚ ਉਨ੍ਹਾਂ ਦੇ ਭਾਜਪਾ ’ਚ ਸ਼ਾਮਲ ਹੋਣ ਨਾਲ ਉਨ੍ਹਾਂ ਨੂੰ ਬਾਅਦ ’ਚ ਕੇਂਦਰ ਸਰਕਾਰ ਤੋਂ ਕੁਝ ਨਾ ਕੁਝ ਫਾਇਦਾ ਜਾਂ ਅਹੁਦੇ ਦੀ ਪ੍ਰਾਪਤੀ ਹੋ ਸਕਦੀ ਹੈ। ਰਾਣਾ ਸੋਢੀ ਨੂੰ ਇਹ ਵੀ ਪਤਾ ਹੈ ਕਿ ਕਾਂਗਰਸ ’ਚ ਹੁਣ ਉਨ੍ਹਾਂ ਦੀ ਦਾਲ ਗਲਣ ਵਾਲੀ ਨਹੀਂ ਸੀ, ਇਸ ਲਈ ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਕਹਿਣਾ ਹੀ ਬਿਹਤਰ ਸਮਝਿਆ। ਹਾਲਾਂਕਿ ਸ਼ੁਰੂ ’ਚ ਉਹ ਰਾਹੁਲ ਗਾਂਧੀ ਨੂੰ ਵੀ ਮਿਲੇ ਸਨ ਪਰ ਉਸ ਦੇ ਬਾਵਜੂਦ ਉਹ ਕਾਂਗਰਸ ਨੂੰ ਅਲਵਿਦਾ ਕਹਿ ਗਏ।
ਇਹ ਵੀ ਪੜ੍ਹੋ : ਬਿਕਰਮ ਸਿੰਘ ਮਜੀਠੀਆ ’ਤੇ ਪਰਚਾ ਦਰਜ ਹੋਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ
ਰਾਣਾ ਸੋਢੀ ਨੂੰ ਲੈ ਕੇ ਇਹ ਚਰਚਾ ਵੀ ਚੱਲ ਰਹੀ ਹੈ ਕਿ ਉਹ ਹੁਣ ਫਿਰੋਜ਼ਪੁਰ ਸਿਟੀ ਤੋਂ ਚੋਣ ਲੜ ਸਕਦੇ ਹਨ। ਫਿਰੋਜ਼ਪੁਰ ਸਿਟੀ ’ਚ ਇਸ ਸਮੇਂ ਕਾਂਗਰਸ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਹਨ। ਕਾਂਗਰਸੀਆਂ ਦਾ ਇਹ ਵੀ ਕਹਿਣਾ ਹੈ ਕਿ ਰਾਣਾ ਸੋਢੀ ਦਾ ਆਪਣੇ ਹਲਕੇ ’ਚ ਕਾਂਗਰਸੀਆਂ ਵੱਲੋਂ ਵਿਰੋਧ ਸ਼ੁਰੂ ਹੋ ਗਿਆ ਸੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਹਮੇਸ਼ਾ ਇਹੀ ਕਿਹਾ ਸੀ ਕਿ ਰਾਣਾ ਸੋਢੀ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਹੋਣ ਦੇ ਬਾਵਜੂਦ ਜਾਖੜ ਰਾਣਾ ਸੋਢੀ ਨੂੰ ਲੈ ਕੇ ਆਪਣੇ ਖਦਸ਼ੇ ਜ਼ਾਹਿਰ ਕਰਦੇ ਰਹੇ ਸਨ ਅਤੇ ਜਾਖੜ ਦੇ ਖਦਸ਼ੇ ਅੱਜ ਸੱਚ ਸਾਬਤ ਹੋ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸੂਬੇ ਦੇ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?