ਮਾਸੂਮਾਂ ਦੀ ਜਾਨ ਬਚਾਉਣ ਵਾਲੀ ਅਮਨਦੀਪ ਨੂੰ ਪੰਜਾਬ ਸਰਕਾਰ ਦੇਵੇਗੀ ਬਹਾਦਰੀ ਪੁਰਸਕਾਰ ਤੇ ਮੁਫਤ ਸਿੱਖਿਆ

Monday, Feb 17, 2020 - 08:53 PM (IST)

ਮਾਸੂਮਾਂ ਦੀ ਜਾਨ ਬਚਾਉਣ ਵਾਲੀ ਅਮਨਦੀਪ ਨੂੰ ਪੰਜਾਬ ਸਰਕਾਰ ਦੇਵੇਗੀ ਬਹਾਦਰੀ ਪੁਰਸਕਾਰ ਤੇ ਮੁਫਤ ਸਿੱਖਿਆ

ਚੰਡੀਗੜ੍ਹ/ਸੰਗਰੂਰ, (ਬੇਦੀ) : ਪੰਜਾਬ ਸਰਕਾਰ ਲੌਂਗੋਵਾਲ ਵਿਖੇ ਸਕੂਲ ਵੈਨ ਨਾਲ ਵਾਪਰੇ ਦਰਦਨਾਕ ਹਾਦਸੇ ਵਿੱਚ ਬਹਾਦਰੀ ਤੇ ਸਾਹਸ ਦਿਖਾ ਕੇ ਚਾਰ ਮਾਸੂਮ ਬੱਚਿਆਂ ਨੂੰ ਬਚਾਉਣ ਵਾਲੀ ਨੌਵੀਂ ਕਲਾਸ ਦੀ ਵਿਦਿਆਰਥਣ ਅਮਨਦੀਪ ਕੌਰ ਨੂੰ ਸਨਮਾਨਤ ਕਰੇਗੀ। ਇਹ ਐਲਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਇਸ ਲੜਕੀ ਨੂੰ ਆਜ਼ਾਦੀ ਦਿਵਸ ਮੌਕੇ ਬਹਾਦਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ ਅਤੇ ਸੂਬਾ ਸਰਕਾਰ ਇਸ ਦੀ ਪੜ੍ਹਾਈ ਦਾ ਸਾਰਾ ਖਰਚਾ ਵੀ ਚੁੱਕੇਗੀ।
ਅਮਨਦੀਪ ਕੌਰ ਜੋ ਆਪਣੇ ਪਿਤਾ ਸਤਨਾਮ ਸਿੰਘ ਅਤੇ ਕਾਂਗਰਸੀ ਆਗੂ ਦਾਮਨ ਥਿੰਦ ਬਾਜਵਾ ਦੇ ਨਾਲ ਅੱਜ ਸ਼ਾਮ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿਖੇ ਮਿਲੀ, ਨੇ ਮੁੱਖ ਮੰਤਰੀ ਨੂੰ ਸ਼ੁੱਕਰਵਾਰ ਨੂੰ ਵਾਪਰੇ ਇਸ ਖੌਫਨਾਕ ਹਾਦਸੇ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਕਿਵੇਂ ਉਹ ਸਕੂਲ ਵੈਨ ਵਿੱਚੋਂ ਚਾਰ ਸਕੂਲੀ ਬੱਚਿਆਂ ਨੂੰ ਬਚਾਉਣ ਵਿੱਚ ਸਫਲ ਰਹੀ। ਮੁੱਖ ਮੰਤਰੀ ਨੇ ਇਸ ਮੌਕੇ ਪੀੜਤ ਪਰਿਵਾਰ ਦੇ ਰਿਸ਼ਤੇਦਾਰ ਕੁਲਦੀਪ ਸਿੰਘ ਬਾਜਵਾ ਨਾਲ ਵੀ ਦੁੱਖ ਸਾਂਝਾ ਕੀਤਾ, ਜਿਨ੍ਹਾਂ ਨੇ ਆਪਣੇ ਬੱਚੇ ਇਸ ਦੁਖਦਾਈ ਹਾਦਸੇ ਵਿੱਚ ਖੋਹ ਲਏ।


author

Deepak Kumar

Content Editor

Related News