ਮੁੱਖ ਮੰਤਰੀ ਕੈਪਟਨ ਨੇ ਹਥਿਆਰਬੰਦ ਫੌਜਾਂ ਦੇ ਸਿਆਸੀਕਰਨ ਨੂੰ ਗਲਤ ਠਹਿਰਾਇਆ

Thursday, Nov 15, 2018 - 11:21 AM (IST)

ਮੁੱਖ ਮੰਤਰੀ ਕੈਪਟਨ ਨੇ ਹਥਿਆਰਬੰਦ ਫੌਜਾਂ ਦੇ ਸਿਆਸੀਕਰਨ ਨੂੰ ਗਲਤ ਠਹਿਰਾਇਆ

ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ 'ਚ ਰੱਖਿਆ ਫੌਜਾਂ ਦੇ ਸਿਆਸੀਕਰਨ ਨੂੰ ਗਲਤ ਠਹਿਰਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਸਿਆਸੀ ਮੁੱਦਿਆਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਰੱਖਿਆ ਸੇਵਾਵਾਂ ਦੀ ਕਾਰਜਪ੍ਰਣਾਲੀ 'ਚ ਸਿਆਸੀ ਦਖਲ–ਅੰਦਾਜ਼ੀ ਨੂੰ ਤੁਰੰਤ ਖਤਮ ਕਰਨ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਰੱਖਿਆ ਫੌਜੀਆਂ ਦੇ ਅਧਿਕਾਰੀਆਂ ਅਤੇ ਫੌਜੀਆਂ ਨੂੰ ਆਪਣਾ ਫਰਜ਼ ਈਮਾਨਦਾਰੀ ਨਾਲ ਨਿਭਾਉਣ ਦਿੱਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਰਾਸ਼ਟਰਮੰਡਲ ਰਾਸ਼ਟਰਾਂ ਦੇ ਹਥਿਆਰਬੰਦ ਫੌਜਾਂ ਦੇ ਸ਼ਹੀਦ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕਿਹਾ ਕਿ ਪਹਿਲੇ ਵਿਸ਼ਵ ਯੁੱਧ 'ਚ 74000 ਭਾਰਤੀ ਫੌਜੀਆਂ ਨੇ ਸ਼ਹੀਦੀਆਂ ਦਿੱਤੀਆਂ ਸਨ ਜਦਕਿ 67000 ਜ਼ਖਮੀ ਹੋਏ ਸਨ।

ਉਨ੍ਹਾਂ ਕਿਹਾ ਕਿ ਵਿਸ਼ਵ ਯੁੱਧ 'ਚ ਸ਼ਹੀਦੀਆਂ ਦੇਣ ਵਾਲੇ ਫੌਜੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਫੌਜੀਆਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈ ਕੇ ਵੱਧ ਤੋਂ ਵੱਧ ਗਿਣਤੀ 'ਚ ਫੌਜ 'ਚ ਭਰਤੀ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਕੂਲੀ ਪਾਠਕ੍ਰਮ 'ਚ ਵੀ ਵਿਸ਼ਵ ਯੁੱਧ ਪਹਿਲੇ ਅਤੇ ਦੂਜੇ 'ਚ ਭਾਰਤੀ ਫੌਜੀਆਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦਾ ਵਿਸਥਾਰ ਨਾਲ ਜ਼ਿਕਰ ਹੋਣਾ ਚਾਹੀਦਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਤੁਰਕੀ ਦੌਰੇ ਦੌਰਾਨ ਵੀ ਵਿਸ਼ਵ ਯੁੱਧ 'ਚ ਸ਼ਹੀਦ ਹੋਣ ਵਾਲੇ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਸਨ। ਇਸ ਮੌਕੇ ਬ੍ਰਿਟਿਸ਼ ਦੂਤਾਵਾਸ ਚੰਡੀਗੜ੍ਹ ਦੇ ਡਿਪਟੀ ਹਾਈ ਕਮਿਸ਼ਨਰ ਐਂਡ੍ਰਿਊ ਐਰੀ ਨੇ ਕਿਹਾ ਕਿ ਵਿਸ਼ਵ ਯੁੱਧ 'ਚ ਭਾਰਤੀ ਫੌਜੀਆਂ ਦੀ ਭੂਮਿਕਾ ਸ਼ਲਾਘਾਯੋਗ ਰਹੀ। ਕੈਨੇਡਾ ਦੇ ਕੌਂਸਲੇਟ ਜਨਰਲ ਮੀਆਂ ਯੈਨ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਸ਼ਾਂਤੀ ਲਈ ਭਾਰਤ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ।


author

shivani attri

Content Editor

Related News