ਕੈਪਟਨ ਵਲੋਂ 'ਨਿਵੇਸ਼ ਸੰਮੇਲਨ' ਦੌਰਾਨ ਪੁੱਜਣ ਵਾਲੇ ਨੌਜਵਾਨ ਦੀ ਮਦਦ ਦੇ ਨਿਰਦੇਸ਼

Friday, Dec 06, 2019 - 09:34 AM (IST)

ਕੈਪਟਨ ਵਲੋਂ 'ਨਿਵੇਸ਼ ਸੰਮੇਲਨ' ਦੌਰਾਨ ਪੁੱਜਣ ਵਾਲੇ ਨੌਜਵਾਨ ਦੀ ਮਦਦ ਦੇ ਨਿਰਦੇਸ਼

ਮੋਹਾਲੀ : 'ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ-2019' ਦੇ ਵਿਚਾਰ-ਚਰਚਾ ਸੈਸ਼ਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਨੇ ਉਨ੍ਹਾਂ ਕੋਲ ਪਹੁੰਚ ਕਰਨ ਵਾਲੇ ਇਕ ਨੌਜਵਾਨ ਵੱਲੋਂ ਕੀਤੀ ਸ਼ਿਕਾਇਤ ਦਾ ਨੋਟਿਸ ਲਿਆ ਹੈ ਅਤੇ ਇਸ ਸਬੰਧੀ ਮੋਹਾਲੀ ਦੇ ਐਸ. ਐਸ. ਪੀ. ਤੇ ਡਿਪਟੀ ਕਮਿਸ਼ਨਰ ਨੂੰ ਇਸ ਸ਼ਿਕਾਇਤ ਦੀ ਜਾਂਚ ਕਰ ਕੇ ਢੁੱਕਵੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਡੇਰਾਬੱਸੀ ਵਿੱਚ ਤ੍ਰਿਵੇਦੀ ਕੈਂਪ ਦੇ ਵਾਸੀ ਅਮਨਦੀਪ ਸਿੰਘ ਨੇ ਆਪਣੀ ਸ਼ਿਕਾਇਤ ਲੈ ਕੇ ਮੁੱਖ ਮੰਤਰੀ ਕੋਲ ਪਹੁੰਚ ਕੀਤੀ, ਜੋ ਉਸ ਵੇਲੇ ਸਟੇਜ 'ਤੇ ਸਨ। ਸੁਰੱਖਿਆ ਮੁਲਾਜ਼ਮਾਂ ਵੱਲੋਂ ਉਸ ਨੂੰ ਉੱਥੋਂ ਲਿਜਾਏ ਜਾਣ ਤੋਂ ਪਹਿਲਾਂ ਉਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਦਸਤਾਵੇਜ਼ ਸੌਂਪੇ।

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਾਲਾਂਕਿ ਮੁੱਖ ਮੰਤਰੀ ਨੇ ਆਪਣੇ ਸੁਰੱਖਿਆ ਕਰਮੀਆਂ ਨੂੰ ਸੈਸ਼ਨ ਮੁੱਕਣ ਤੱਕ ਉਨ੍ਹਾਂ ਦੀ ਉਡੀਕ ਕਰਨ ਲਈ ਆਖਿਆ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਅਮਨਦੀਪ ਨੂੰ ਮਿਲ ਕੇ ਉਸ ਦੀ ਸ਼ਿਕਾਇਤ ਸੁਣੀ। ਅਮਨਦੀਪ ਨੇ ਮੁੱਖ ਮੰਤਰੀ ਨੂੰ ਇਹ ਦੱਸਿਆ ਕਿ ਡੇਰਾਬੱਸੀ ਵਿੱਚ ਉਸ ਦੀ ਦੁਕਾਨ ਨਾਲ ਸਬੰਧਤ ਮਾਮਲਾ ਅਜੇ ਅਦਾਲਤ ਵਿੱਚ ਲੰਬਿਤ ਹੈ ਜਦਕਿ ਇਕ ਪ੍ਰਾਪਰਟੀ ਡੀਲਰ ਨੇ ਉਸ ਨੂੰ ਦੁਕਾਨ 'ਚੋਂ ਬਾਹਰ ਕੱਢ ਕੇ ਜਿੰਦਾ ਲਾ ਦਿੱਤਾ।
ਮੁੱਖ ਮੰਤਰੀ ਨੇ ਨੌਜਵਾਨ ਦੀ ਸਹਾਇਤਾ ਕਰਨ ਦਾ ਫੈਸਲਾ ਕਰਦਿਆਂ ਜ਼ਿਲਾ ਪੁਲਸ ਮੁਖੀ ਕੁਲਦੀਪ ਚਾਹਲ ਅਤੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੂੰ ਉਸੇ ਵੇਲੇ ਹੁਕਮ ਦਿੱਤੇ ਕਿ ਤੱਥਾਂ ਦੀ ਪੜਤਾਲ ਕਰਨ ਤੋਂ ਬਾਅਦ ਅਮਨਦੀਪ ਨੂੰ ਉਸ ਦੀ ਦੁਕਾਨ ਜੋ ਵਕਫ਼ ਬੋਰਡ ਨਾਲ ਸਬੰਧਤ ਦੱਸੀ ਜਾ ਰਹੀ ਹੈ, ਵਾਪਸ ਦੁਆਈ ਜਾਵੇ। ਸੁਰੱਖਿਆ ਦੀ ਸਪੱਸ਼ਟ ਉਲੰਘਣਾ ਦੇ ਮੱਦੇਨਜ਼ਰ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਜੋ ਸੈਸ਼ਨ ਦੌਰਾਨ ਹਾਜ਼ਰ ਸਨ, ਨੇ ਇਸ ਘਟਨਾ ਦੀ ਵਿਸਥਾਰਤ ਰਿਪੋਰਟ ਮੰਗੀ ਹੈ ਕਿ ਸੁਰੱਖਿਆ ਪੱਖੋਂ ਢਿੱਲ ਦੀ ਜਾਂਚ ਕੀਤੀ ਜਾਵੇ ਅਤੇ ਜੇਕਰ ਅਜਿਹਾ ਵਾਪਰਿਆ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇ।


author

Babita

Content Editor

Related News