ਕੈਪਟਨ ਵਲੋਂ ਚੌਧਰੀ ਨੰਦ ਲਾਲ ਦੀ ਮੌਤ ''ਤੇ ਦੁੱਖ ਦਾ ਪ੍ਰਗਟਾਵਾ
Monday, Apr 15, 2019 - 10:08 AM (IST)

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਚੌਰ ਤੋਂ ਚਾਰ ਵਾਰ ਰਹੇ ਵਿਧਾਇਕ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਲਾਲ(73) ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ, ਜਿਨ੍ਹਾਂ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਆਪਣੇ ਪਿੱਛੇ ਆਪਣੇ ਦੋ ਪੁੱਤਰ ਛੱਡ ਗਏ ਹਨ। ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਚੌਧਰੀ ਨੰਦ ਲਾਲ ਨੂੰ ਇਕ ਵਧੀਆ ਸਿਆਸਤਦਾਨ ਅਤੇ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਲੋਕ ਆਗੂ ਦੱਸਿਆ, ਜਿਨ੍ਹਾਂ ਨੇ ਕੰਢੀ ਖੇਤਰ ਦੇ ਸਮੁੱਚੇ ਵਿਕਾਸ ਅਤੇ ਦੱਬੇ-ਕੁਚਲੇ ਲੋਕਾਂ ਦੀ ਭਲਾਈ ਲਈ ਅਣਥੱਕ ਕਾਰਜ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਚੌਧਰੀ ਨੰਦ ਲਾਲ ਨੂੰ ਹੇਠਲੇ ਪੱਧਰ 'ਤੇ ਲੋਕਾਂ ਨਾਲ ਨੇੜੇ ਦੇ ਸੰਪਰਕਾਂ ਵਾਸਤੇ ਸਭਨਾਂ ਖਾਸਕਰ ਬਲਾਚੌਰ ਇਲਾਕੇ ਦੇ ਲੋਕਾਂ ਵੱਲੋਂ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚੌਧਰੀ ਦੀ ਮੌਤ ਨਾਲ ਸਿਆਸਤ ਵਿੱਚ ਇਕ ਵੱਡਾ ਖਲਾਅ ਪੈਦਾ ਹੋ ਗਿਆ ਹੈ, ਜਿਸ ਨੂੰ ਭਰਿਆ ਜਾਣਾ ਬਹੁਤ ਮੁਸ਼ਕਿਲ ਹੈ। ਦੁਖੀ ਪਰਿਵਾਰ, ਰਿਸ਼ਤੇਦਾਰਾਂ ਅਤੇ ਮਿੱਤਰਾਂ ਦੇ ਨਾਲ ਆਪਣੀ ਹਮਦਰਦੀ ਸਾਂਝੀ ਕਰਦੇ ਹੋਏ ਮੁੱਖ ਮੰਤਰੀ ਨੇ ਵਿੱਛੜੀ ਰੂਹ ਦੀ ਸ਼ਾਂਤੀ ਅਤੇ ਇਹ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਸਹਿਣ ਕਰਨ ਲਈ ਪਰਿਵਾਰ ਨੂੰ ਬਲ ਬਖ਼ਸ਼ਣ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ।