ਕੈਪਟਨ ਨੇ ਜਾਖੜ ਦੇ ਹੱਕ ’ਚ ਵੱਡਾ ਪੱਤਾ ਖੇਡਿਆ, ਅੰਕੜਿਆਂ ਸਣੇ ਹਾਈਕਮਾਨ ਅੱਗੇ ਪੇਸ਼ ਕੀਤੇ ਤੱਥ

06/05/2021 6:23:02 PM

ਜਲੰਧਰ (ਧਵਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿਚ ਕਮੇਟੀ ਮੈਂਬਰਾਂ ਨਾਲ ਮੁਲਾਕਾਤ ਦੌਰਾਨ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਹੱਕ ਵਿਚ ਪੱਤਾ ਖੇਡਿਆ ਹੈ। ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਤਿੰਨ ਮੈਂਬਰੀ ਕਮੇਟੀ ਨੂੰ ਦਲੀਲ ਦਿੱਤੀ ਹੈ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ’ਤੇ ਹਿੰਦੂ ਨੇਤਾ ਨੂੰ ਬਰਕਰਾਰ ਰੱਖਿਆ ਜਾਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰੀ ਅਤੇ ਛੋਟੇ ਕਸਬਿਆਂ ਵਿਚ ਹਿੰਦੂਆਂ ਦੀ ਗਿਣਤੀ ਕਾਫੀ ਵੱਧ ਹੈ ਅਤੇ ਹਿੰਦੂਆਂ ਨੇ ਹਮੇਸ਼ਾ ਕਾਂਗਰਸ ਦੇ ਪੱਖ ਵਿਚ ਦਾਅ ਖੇਡਿਆ ਹੈ।

ਇਹ ਵੀ ਪੜ੍ਹੋ : ਤਿੰਨ ਮੈਂਬਰੀ ਕਮੇਟੀ ਨਾਲ ਗੱਲਬਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ

ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਹਿੰਦੂਆਂ ਨੇ ਕਾਂਗਰਸ ਨੂੰ ਜਿਤਾਉਣ ਲਈ ਅਹਿਮ ਭੂਮਿਕਾ ਅਦਾ ਕੀਤੀ ਸੀ। ਇਸ ਲਈ ਪੰਜਾਬ ਵਿਚ ਬਣੇ ਸੰਤੁਲਨ ਨੂੰ ਭੰਗ ਨਹੀਂ ਕੀਤਾ ਜਾਣਾ ਚਾਹੀਦਾ । ਜ਼ਿਕਰਯੋਗ ਹੈ ਕਿ ਕੁਝ ਸਮੇਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਅਹੁਦੇ ਲਈ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਚੱਲਿਆ ਸੀ। ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਅੰਕੜਿਆਂ ਸਮੇਤ ਕਮੇਟੀ ਮੈਂਬਰਾਂ ਨੂੰ ਦੱਸਿਆ ਕਿ ਪੰਜਾਬ ਵਿਚ ਕਾਂਗਰਸ ਦੀ ਜਿੱਤ ਲਈ ਸਾਰੇ ਵਰਗਾਂ ਵਿਚ ਸੰਤੁਲਨ ਬਣਾ ਕੇ ਰੱਖਣਾ ਜ਼ਰੂਰੀ ਹੈ। ਪੰਜਾਬ ਵਿਚ ਜੱਟ ਸਿੱਖ, ਹਿੰਦੂ ਅਤੇ ਦਲਿਤਾਂ ਅਤੇ ਪੱਛੜੇ ਵਰਗ ਵਿਚ ਸੰਤੁਲਨ ਕਾਇਮ ਕਰਨ ਕਰਕੇ ਕਾਂਗਰਸ ਮਜ਼ਬੂਤੀ ਨਾਲ ਵਿਰੋਧੀ ਧਿਰ ਨੂੰ ਜਵਾਬ ਦੇ ਸਕੇਗੀ।

ਇਹ ਵੀ ਪੜ੍ਹੋ : ਕਪੂਰਥਲਾ ਹਾਊਸ ’ਚ ਮੁੱਖ ਮੰਤਰੀ ਨੇ ਕੀਤਾ ਮੰਥਨ, ਕਮੇਟੀ ਨਾਲ ਮੁਲਾਕਾਤ ਤੋਂ ਪਹਿਲਾਂ ਹੋਈ ਡਿਨਰ ਡਿਪਲੋਮੈਸੀ

ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਇਸ ਮੀਟਿੰਗ ਦੇ ਬਾਅਦ ਕਾਫੀ ਸੰਤੁਸ਼ਟ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਆਪਣੇ ਕੁਝ ਵਿਸ਼ਵਾਸਪਾਤਰਾਂ ਨਾਲ ਗੱਲਬਾਤ ਵੀ ਕੀਤੀ ਹੈ। ਮੁੱਖ ਮੰਤਰੀ ਨੇ ਬੀਤੇ ਦਿਨ ਜਿਸ ਤਰ੍ਹਾਂ ਨਾਲ ਤਿੰਨ ‘ਆਪ’ ਵਿਧਾਇਕਾਂ ਨੂੰ ਤੋੜ ਕੇ ਪੰਜਾਬ ਦੀ ਰਾਜਨੀਤੀ ਵਿਚ ਹਲਚਲ ਮਚਾ ਦਿੱਤੀ ਹੈ। ਉਸ ਤੋਂ ਬਾਅਦ ਵਿਰੋਧੀ ਖੇਮੇ ਵਿਚ ਵੀ ਸੰਨਾਟਾ ਛਾਇਆ ਹੋਇਆ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਵੀ ਕੈਪਟਨ ਦੇ ਇਸ ਕਦਮ ਨਾਲ ਹੱਕੇ-ਬੱਕੇ ਰਹਿ ਗਏ ਹਨ ਕਿਉਂਕਿ ਉਨ੍ਹਾਂ ਨੂੰ ਇਹ ਉਮੀਦ ਨਹੀਂ ਸੀ ਕਿ ਕੈਪਟਨ ਦਿੱਲੀ ਵਿਚ ਕਮੇਟੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਤਿੰਨ ਵਿਰੋਧੀ ਵਿਧਾਇਕਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਕੇ ਸਭ ਨੂੰ ਹੈਰਾਨ ਕਰ ਦੇਣਗੇ।

ਇਹ ਵੀ ਪੜ੍ਹੋ : ਪੰਜਾਬ ਟਰਾਂਸਪੋਰਟ ਮੰਤਰੀ ਦਾ ਵੱਡਾ ਐਲਾਨ, ਜਾਰੀ ਕੀਤੇ ਇਹ ਨਵੇਂ ਹੁਕਮ

ਨਵੀਂ ਟੀਮ ਬਣੇ ਅਤੇ ਨਵੇਂ ਜ਼ਿਲਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਨੂੰ ਮਨਜ਼ੂਰੀ ਦਿੱਤੀ ਜਾਵੇ
ਦੱਸਿਆ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਮੇਟੀ ਮੈਂਬਰਾਂ ਨੂੰ ਕਿਹਾ ਹੈ ਕਿ ਪੰਜਾਬ ਕਾਂਗਰਸ ਦਾ ਨਵਾਂ ਸੰਗਠਨਾਤਮਕ ਢਾਂਚਾ ਜਲਦ ਤੋਂ ਜਲਦ ਬਣਾ ਦਿੱਤਾ ਜਾਵੇ । ਹੁਣ ਵਿਧਾਨ ਸਭਾ ਦੀਆਂ ਆਮ ਚੋਣਾਂ ਵਿਚ ਵੀ ਬਹੁਤ ਘੱਟ ਸਮਾਂ ਰਹਿ ਗਿਆ ਹੈ। ਇਸ ਲਈ ਸੰਗਠਨਾਤਮਕ ਢਾਂਚੇ ਵਿਚ ਨਵੇਂ ਚਿਹਰਿਆਂ ਨੂੰ ਸ਼ਾਮਲ ਕਰ ਕੇ ਪਾਰਟੀ ਨੂੰ ਚੁਸਤ-ਦਰੁਸਤ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦਾ ਸੰਗਠਨਾਤਮਕ ਢਾਂਚਾ ਪਿਛਲੇ ਕਈ ਮਹੀਨਿਆਂ ਤੋਂ ਅੜਿਆ ਪਿਆ ਹੈ ਅਤੇ ਕੇਂਦਰੀ ਕਮਾਨ ਤੋਂ ਅਜੇ ਤੱਕ ਮਨਜ਼ੂਰੀ ਨਹੀਂ ਮਿਲ ਪਾਈ ਸੀ। ਕੈਪਟਨ ਨੇ ਇਹੀ ਜ਼ੋਰ ਦਿੱਤਾ ਕਿ ਨਵੀਂ ਟੀਮ ਨੂੰ ਅੱਗੇ ਲਿਆ ਕੇ ਵਰਕਰਾਂ ਵਿਚ ਜੋਸ਼ ਪੈਦਾ ਕੀਤਾ ਜਾਵੇ ਅਤੇ ਜ਼ਿਲਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਵੀ ਜਲਦੀ ਕੀਤੀਆਂ ਜਾਣ।

ਇਹ ਵੀ ਪੜ੍ਹੋ : ਬਠਿੰਡਾ ’ਚ ਵਾਪਰਿਆ ਵੱਡਾ ਹਾਦਸਾ, ਤਿੰਨ ਭਰਾਵਾਂ ਦੀ ਮੌਤ, ਤਸਵੀਰਾਂ ’ਚ ਦੇਖੋ ਦਿਲ ਕੰਬਾਉਣ ਵਾਲਾ ਮੰਜ਼ਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News