ਸਿੱਧੂ ਦੀ ਅੱਖ ਡਿਪਟੀ ਮੁੱਖ ਮੰਤਰੀ ਦੀ ਕੁਰਸੀ ''ਤੇ!

06/14/2019 6:31:13 PM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਚ ਬਤੌਰ ਬਿਜਲੀ ਮੰਤਰੀ ਬਣਾਏ ਗਏ ਨਵਜੋਤ ਸਿੰਘ ਸਿੱਧੂ ਨੇ ਅੱਜ ਤੱਕ ਆਪਣੇ ਮਹਿਕਮੇ ਦਾ ਚਾਰਜ ਨਹੀਂ ਲਿਆ, ਜਿਸ ਨੂੰ ਲੈ ਕੇ ਜਿੰਨੇ ਮੂੰਹ ਉਨੀਆਂ ਗੱਲਾਂ ਹੋ ਰਹੀਆਂ ਹਨ। ਉਨ੍ਹਾਂ 'ਚ ਕੁਝ ਗੱਲਾਂ ਸਿਆਸੀ ਗਲਿਆਰਿਆਂ 'ਚ ਅੱਜ ਚਰਚਾ ਦਾ ਵਿਸ਼ਾ ਸਨ। ਇਹ ਗੱਲ ਨਿਕਲ ਕੇ ਆਈ ਕਿ ਨਵਜੋਤ ਸਿੰਘ ਸਿੱਧੂ ਦੀ ਅੱਖ ਹੁਣ ਮਹਿਕਮਾ ਬਦਲੇ ਜਾਣ ਤੋਂ ਬਾਅਦ ਹੋਈ ਕਿਰਕਰੀ ਦੀ ਭਰਪਾਈ ਲਈ ਘੱਟੋ-ਘੱਟ ਡਿਪਟੀ ਮੁੱਖ ਮੰਤਰੀ ਦੀ ਕੁਰਸੀ 'ਤੇ ਹੈ।

ਅੱਜ ਸਿਆਸੀ ਗਲਿਆਰਿਆਂ 'ਚ ਚਰਚਾ ਸੀ ਕਿ ਪਿਛਲੇ ਦਿਨੀਂ ਨਵਜੋਤ ਸਿੰੰਘ ਸਿੱਧੂ ਵਲੋਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਗਈ ਮੁਲਾਕਾਤ ਅਤੇ ਪੰਜਾਬ ਦੇ ਤਾਜ਼ਾ ਹਾਲਾਤ ਅਤੇ ਵਿਧਾਇਕਾਂ ਦੀ ਰਿਪੋਰਟ ਅਤੇ ਹੋਰ ਘਿਉ-ਖਿਚੜੀ ਹੋਣ ਦੀਆਂ ਰਿਪੋਰਟਾਂ ਸ. ਸਿੱਧੂ ਸੌਂਪ ਕੇ ਆਏ ਦੱਸੇ ਜਾ ਰਹੇ ਹਨ। ਸ਼ਾਇਦ ਇਸੇ ਕਰ ਕੇ ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਵਿਚਕਾਰ ਛਿੜੇ ਵਾਦ-ਵਿਵਾਦ ਨੂੰ ਖਤਮ ਕਰਨ ਲਈ ਜਨਾਬ ਅਹਿਮਦ ਪਟੇਲ ਦੀ ਡਿਊਟੀ ਲਾਈ ਹੈ।

ਇਸ ਮਾਮਲੇ 'ਤੇ ਸਿਆਸੀ ਮਾਹਰਾਂ ਨੇ ਵੀ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਸ. ਸਿੱਧੂ ਵਲੋਂ ਬਠਿੰਡਾ ਜਾ ਕੇ ਬਾਦਲਾਂ ਦੇ ਗੜ੍ਹ 'ਚ ਮਾਰੇ ਸਿਆਸੀ ਲਲਕਾਰੇ ਅਤੇ ਬੋਲੇ ਤਿੱਖੇ ਬੋਲਾਂ ਦੀ ਕੁੜੱਤਣ ਬਾਦਲਕਿਆਂ ਨਾਲ ਸਿੱਧੂ ਦੀ ਸਿੱਧੀ ਲੜਾਈ ਸਿਆਸੀ ਹਲਕਿਆਂ 'ਚ ਦੇਖੀ ਜਾ ਰਹੀ ਹੈ, ਜਿਸ ਕਰ ਕੇ ਸਿੱਧੂ ਆਪਣਾ ਪੰਜਾਬ ਵਿਚ ਵੱਡਾ ਵਕਾਰ ਲੋਚਦੇ ਹੋਏ ਡਿਪਟੀ ਮੁੱਖ ਮੰਤਰੀ ਦੀ ਕੁਰਸੀ ਹਾਈਕਮਾਂਡ ਤੋਂ ਲੈ ਸਕਦੇ ਹਨ। ਭਾਵੇਂ ਇਸ ਤਰ੍ਹਾਂ ਦੇ ਹਾਲਾਤ ਕਾਂਗਰਸ ਪਾਰਟੀ 'ਚ ਨਹੀਂ ਦੇਖੇ ਜਾ ਰਹੇ ਪਰ ਅਹਿਮਦ ਪਟੇਲ ਵਲੋਂ ਕਰਵਾਈ ਜਾਂਦੀ ਸੁਲ੍ਹਾ ਦੀ ਤਸਵੀਰ ਦੇਖਣ ਨੂੰ ਕਾਂਗਰਸੀ ਅਤੇ ਪੰਜਾਬੀ ਉਤਾਵਲੇ ਹਨ।


Gurminder Singh

Content Editor

Related News