ਮੁੱਖ ਮੰਤਰੀ ਨੇ ਫੋਰਟਿਸ ਹਸਪਤਾਲ ਦੇ ਵਿਸਥਾਰ ''ਚ ਸਹਿਯੋਗ ਦਾ ਦਿੱਤਾ ਭਰੋਸਾ

Wednesday, Sep 25, 2019 - 11:53 PM (IST)

ਮੁੱਖ ਮੰਤਰੀ ਨੇ ਫੋਰਟਿਸ ਹਸਪਤਾਲ ਦੇ ਵਿਸਥਾਰ ''ਚ ਸਹਿਯੋਗ ਦਾ ਦਿੱਤਾ ਭਰੋਸਾ

ਚੰਡੀਗੜ੍ਹ,(ਅਸ਼ਵਨੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫੋਰਟਿਸ ਗਰੁੱਪ ਨੂੰ ਇਸ ਦੇ ਮੋਹਾਲੀ ਸਥਿਤ ਮੌਜੂਦਾ ਹਸਪਤਾਲ 'ਚ ਵਿਸਥਾਰ ਦੇ ਨਾਲ-ਨਾਲ ਨਸ਼ਾ ਤੇ ਸ਼ਰਾਬ ਛੁਡਾਊ ਅਤੇ ਮੁੜ-ਵਸੇਬਾ ਸੈਂਟਰ ਖੋਲ੍ਹਣ ਲਈ ਸਰਕਾਰ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਇਹ ਭਰੋਸਾ ਫੋਰਟਿਸ ਦੇ ਚੇਅਰਮੈਨ ਰਵੀ ਰਾਜਗੋਪਾਲ ਅਤੇ ਉਨ੍ਹਾਂ ਨਾਲ ਆਏ ਗਰੁੱਪ ਦੇ ਸੀ.ਈ.ਓ. ਡਾ. ਆਸ਼ੂਤੋਸ਼ ਰਘੁਵੰਸ਼ੀ ਵਲੋਂ ਅੱਜ ਇਥੇ ਉਨ੍ਹਾਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤਾ। ਫੋਰਟਿਸ ਦੇ ਚੇਅਰਮੈਨ ਨੇ ਮੁੱਖ ਮੰਤਰੀ ਨਾਲ ਹਸਪਤਾਲ ਦੇ ਵਾਧੇ ਦੀ ਤਜਵੀਜ਼ ਸਾਂਝੀ ਕਰਦਿਆਂ ਦੱਸਿਆ ਕਿ 1500-2000 ਕਰੋੜ ਰੁਪਏ ਦੀ ਲਾਗਤ ਨਾਲ ਮੋਹਾਲੀ ਵਾਲੇ ਹਸਪਤਾਲ ਦਾ ਵਾਧਾ ਕਰਨ ਦੇ ਨਾਲ-ਨਾਲ ਹਸਪਤਾਲ ਦੇ ਨਾਲ ਲਗਦੀ ਪੰਜ ਏਕੜ ਖਾਲੀ ਜਗ੍ਹਾ 'ਤੇ ਆਉਣ ਵਾਲੇ ਦੋ ਸਾਲਾਂ 'ਚ ਨਵਾਂ ਸ਼ਰਾਬ ਛੁਡਾਊ ਅਤੇ ਮੁੜ-ਵਸੇਬਾ ਸੈਂਟਰ ਖੋਲ੍ਹਣ ਦੀ ਯੋਜਨਾ ਹੈ।

ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਵਾਧੇ 'ਚ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਪੰਜਾਬ ਸਰਕਾਰ ਦੇ ਹਰੇਕ ਲਈ ਬਿਹਤਰ ਸਿਹਤ ਸਹੂਲਤਾਂ ਦੇ ਮਨਸ਼ੇ ਦੇ ਅਨੁਸਾਰ ਹੋਣਗੀਆਂ ਅਤੇ ਇਹ ਹਸਪਤਾਲ ਅਤੇ ਸੈਂਟਰ ਰਾਜ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਦੀਆਂ ਮੈਡੀਕਲ ਜ਼ਰੂਰਤਾਂ ਪੂਰੀਆਂ ਕਰੇਗਾ। ਇਸ ਦੌਰਾਨ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਫੋਰਟਿਸ ਦੇ ਚੇਅਰਮੈਨ ਨੇ ਰਾਜ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਹੁਲਾਰਾ ਦੇਣ ਲਈ 100 ਬਿਸਤਰਿਆਂ ਦਾ ਸ਼ਰਾਬ ਛੁਡਾਊ ਅਤੇ ਮੁੜ-ਵਸੇਬਾ ਸੈਂਟਰ ਖੋਲ੍ਹਣ ਦਾ ਪ੍ਰਸਤਾਵ ਹੈ। ਮੁੱਖ ਮੰਤਰੀ ਨੇ ਫੋਰਟਿਸ ਦੇ ਚੇਅਰਮੈਨ ਨੂੰ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਅਤੇ ਨਸ਼ੇ ਛੁਡਾਉਣ ਲਈ ਕੀਤੇ ਜਾ ਰਹੇ ਅਹਿਮ ਉਪਰਾਲਿਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਹੈ।


Related News