ਮੁੱਖ ਮੰਤਰੀ ਲਾਂਘੇ ਬਾਰੇ ਦਿੱਤੇ ਬਿਆਨ ਲਈ ਨਾਨਕ ਨਾਮਲੇਵਾ ਸੰਗਤ ਤੋਂ ਮੰਗੇ ਮੁਆਫੀ : ਮਜੀਠੀਆ

11/05/2019 9:17:13 PM

ਅੰਮ੍ਰਿਤਸਰ,(ਛੀਨਾ) : ਭਾਰਤ ਤੇ ਪਾਕਿਸਤਾਨ ਦੇ ਸਬੰਧਾਂ 'ਚ ਕੁੜੱਤਣ ਦੇ ਬਾਵਜੂਦ 9 ਨਵੰਬਰ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਜਾ ਰਿਹਾ ਹੈ। ਇਹ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੀ ਕਿਰਪਾ ਹੈ। ਇਹ ਵਿਚਾਰ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਭਾਈ ਗੁਰਦਾਸ ਹਾਲ ਵਿਖੇ ਵਿਧਾਨ ਸਭਾ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ 'ਚ ਲਾਂਘੇ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰਾਂ, ਅਕਾਲੀ ਆਗੂਆਂ ਤੇ ਵਰਕਰਾਂ ਦੇ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ।

ਉਨ੍ਹਾਂ ਕਿਹਾ ਕਿ ਗੁਰੂ ਨਾਨਕ ਨਾਮਲੇਵਾ ਸੰਗਤਾਂ ਦੀਆਂ ਅਰਦਾਸਾਂ ਸਦਕਾ ਲੰਮੇ ਸਮੇਂ ਬਾਅਦ ਲਾਂਘਾ ਖੁੱਲ੍ਹਣ ਜਾ ਰਿਹਾ ਹੈ। ਅਜਿਹੇ ਸੁਭਾਗ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਵੀ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ। ਜਿਸ ਨਾਲ ਲਾਂਘੇ ਦੇ ਕਾਰਜਾਂ 'ਚ ਰੁਕਾਵਟ ਪਏ ਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੇ। ਮਜੀਠੀਆ ਨੇ ਕਿਹਾ ਕਿ ਕੈਪਟਨ ਨੂੰ ਲਾਂਘੇ ਸਬੰਧੀ ਦਿੱਤੇ ਬਿਆਨ ਕਿ ਆਈ. ਐੱਸ. ਆਈ. ਨੁਕਸਾਨ ਪਹੁੰਚਾਉਣ ਲਈ  ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਇਸਤੇਮਾਲ ਕਰ ਸਕਦੀ ਹੈ, ਬਾਰੇ ਸਿੱਖ ਸੰਗਤ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ।

ਇਸ ਮੌਕੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਲਾਂਘੇ ਸਬੰਧੀ ਡੇਰਾ ਬਾਬਾ ਨਾਨਕ ਨੇੜੇ ਪਿੰਡ ਸ਼ਿਕਾਰ ਮਾਛੀਆ 'ਚ ਹੋਣ ਵਾਲਾ ਵਿਸ਼ਾਲ ਉਦਘਾਟਨ ਸਮਾਰੋਹ ਸਿਆਸੀ ਨਹੀਂ, ਨਿਰੋਲ ਧਾਰਮਿਕ ਸਮਾਗਮ ਹੋਵੇਗਾ। ਇਸ ਇਤਿਹਾਸਕ ਮੌਕੇ 'ਤੇ ਸੰਗਤਾਂ ਦੀ ਭਾਰੀ ਆਮਦ ਨੂੰ ਦੇਖਦਿਆਂ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸ. ਚੀਮਾ ਤੇ ਗਿੱਲ ਨੇ ਮੌਜੂਦ ਆਗੂਆਂ ਨੂੰ ਪ੍ਰੇਰਦਿਆਂ ਕਿਹਾ ਕਿ ਹਰ ਇਕ ਆਗੂ 100 ਵਿਅਕਤੀਆਂ ਦੇ ਜਥੇ ਨਾਲ ਸਮਾਗਮ 'ਚ ਹਾਜ਼ਰੀ ਭਰੇ ਤਾਂ ਜੋ ਸੁਨਹਿਰੀ ਅੱਖਰਾਂ 'ਚ ਲਿਖੇ ਜਾਣ ਵਾਲੇ ਇਨ੍ਹਾਂ ਇਤਿਹਾਸਕ ਪਲਾਂ ਨੂੰ ਦੇਖਣ ਅਤੇ ਮਾਣਨ ਤੋਂ ਕੋਈ ਵੀ ਵਾਂਝਾ ਨਾ ਰਹੇ।


Related News