ਝੂਠ ਦੇ ਸਹਾਰੇ ਬਣੀ ਕੈਪਟਨ ਸਰਕਾਰ ਦਾ ਕੱਚਾ ਚਿੱਠਾ ਲੋਕਾਂ ਸਾਹਮਣੇ 12 ਜੂਨ ਨੂੰ ਖੋਲ੍ਹਿਆ ਜਾਵੇਗਾ: ਭੂੰਦੜ

06/07/2017 7:02:58 PM

ਮਾਨਸਾ/ਬੁਢਲਾਡਾ(ਮਿੱਤਲ/ਮਨਜੀਤ)— ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਾਂਝੇ ਤੌਰ 'ਤੇ ਕਾਂਗਰਸ ਦੀ ਕੈਪਟਨ ਸਰਕਾਰ ਦੇ ਲੋਕ ਵਿਰੋਧੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜ਼ਿਲਾ ਪੱਧਰੀ ਪੰਜਾਬ 'ਚ 12 ਜੂਨ ਨੂੰ 10 ਵਜੇ ਤੋਂ 12 ਵਜੇ ਤੱਕ ਜ਼ਿਲਾ ਡਿਪਟੀ ਕਮਿਸ਼ਨਰ ਦਫਤਰਾਂ ਦੇ ਨੇੜੇ ਧਰਨੇ ਦਿੱਤੇ ਜਾਣਗੇ। ਇਸ 'ਚ ਦੋਹਾਂ ਪਾਰਟੀਆਂ ਦੇ ਲੀਡਰਸ਼ਿਪ ਅਤੇ ਵਰਕਰ ਸ਼ਾਮਲ ਹੋਣਗੇ ਤਾਂ ਕਿ ਝੂਠ ਦੇ ਸਹਾਰੇ ਬਣੀ ਕੈਪਟਨ ਸਰਕਾਰ ਦਾ ਤਿੰਨ ਮਹੀਨਿਆਂ ਦਾ ਕੱਚਾ ਚਿੱਠਾ ਲੋਕਾਂ ਸਾਹਮਣੇ ਖੋਲ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਥਾਂ-ਥਾਂ 'ਤੇ ਦਲਿੱਤਾਂ 'ਤੇ ਅੱਤਿਆਚਾਰ, ਰੇਤ-ਬਜਰੀ 'ਚ ਕਈ ਗੁਣਾ ਰੇਟਾਂ 'ਚ ਵਾਧਾ ਹੋਣਾ, ਕਿਸਾਨਾਂ ਦਾ ਕਰਜ਼ਾ ਮਾਫ ਕਰਨਾ, ਛੇ ਮਹੀਨਿਆਂ ਦੀ ਬੁਢਾਪਾ, ਵਿਧਵਾ, ਅੰਗਹੀਣਾਂ ਨੂੰ ਪੈਨਸ਼ਨ ਨਾ ਦੇਣਾ, ਅਕਾਲੀ ਵਰਕਰਾਂ ਤੇ ਝੂਠੇ ਪਰਚੇ ਦਰਜ ਕਰਨਾ, ਗਰੀਬ ਵਰਗ ਇਕ ਡੰਗ ਦੀ ਰੋਟੀ ਨੂੰ ਤਰਸ ਰਹਿਆਂ ਨੂੰ ਰਾਸ਼ਨ ਨਾ ਮਿਲਣਾ, ਨੌਜਵਾਨਾਂ ਨੂੰ ਨੌਕਰੀਆਂ ਅਤੇ ਰੋਜ਼ਗਾਰ ਨਾ ਦੇਣਾ, ਹਰ ਰੋਜ ਬਿਜਲੀ ਦੇ ਲੱਗ ਰਹੇ ਅਣ ਐਲਾਨੇ ਕੱਟਾਂ ਅਤੇ ਪੀਣ ਵਾਲਾ ਸ਼ੁੱਧ ਪਾਣੀ ਆਮ ਲੋਕਾਂ ਨੂੰ ਨਾ ਮਿਲਣਾ ਆਦਿ ਮੁੱਦਿਆਂ ਨੂੰ ਲੈ ਕੇ ਪੰਜਾਬ 'ਚ ਜ਼ਿਲਾ ਪੱਧਰ 'ਤੇ ਰੋਸ ਧਰਨੇ ਦਿੱਤੇ ਜਾਣਗੇ, ਜਿਸ ਕਾਰਨ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਜਗ ਜ਼ਾਹਰ ਹੋ ਸਕਣ। ਭੂੰਦੜ ਨੇ ਅਖੀਰ 'ਚ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੂੰ ਕਿਹਾ ਕਿ ਉਹ ਵੱਧ-ਚੜ੍ਹ ਕੇ ਧਰਨੇ 'ਚ ਸ਼ਾਮਿਲ ਹੋਣ। ਇਸ ਮੌਕੇ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਯੂਥ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਰਾੜਾ, ਆਈ. ਟੀ. ਵਿੰਗ ਜ਼ਿਲਾ ਮਾਨਸਾ ਦੇ ਪ੍ਰਧਾਨ ਹਰਮਨਜੀਤ ਸਿੰਘ ਭੰਮਾ, ਹਰਵਿੰਦਰ ਸਿੰਘ ਧਲੇਵਾਂ, ਗੁਰਜਿੰਦਰ ਸਿੰਘ ਬੱਗਾ, ਰੇਸ਼ਮ ਸਿੰਘ ਬਣਾਂਵਾਲੀ, ਯੂਥ ਅਕਾਲੀ ਦਲ ਮਾਲਵਾ ਜੋਨ ਦੇ ਜਰਨਲ ਸਕੱਤਰ ਰਘੁਵੀਰ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Related News