ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਲੋਕਾਂ ਨੂੰ 1 ਜੂਨ ਨੂੰ ਵੋਟ ਜ਼ਰੂਰ ਪਾਉਣ ਦੀ ਅਪੀਲ

05/27/2024 5:02:54 PM

ਫ਼ਿਰੋਜ਼ਪੁਰ (ਪਰਮਜੀਤ ਸੋਢੀ) : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਜ਼ਿਲ੍ਹਾ ਵਾਸੀਆਂ ਨੂੰ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਆਪਣੀ ਵੋਟ ਜ਼ਰੂਰ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ 'ਚ ਇਕ-ਇਕ ਵੋਟ ਦਾ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ।

ਉਨ੍ਹਾਂ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਹਰੇਕ ਵੋਟਰ ਖ਼ਾਸ ਕਰ ਨੌਜਵਾਨ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ ਅਤੇ ਆਪਣੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਤ ਕਰਨ ਤਾਂ ਕਿ ਹਲਕੇ 'ਚ ਵੱਧ ਤੋਂ ਵੱਧ ਵੋਟ ਫ਼ੀਸਦੀ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਵੋਟ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੈ ਅਤੇ ਵੱਧ ਰਹੀ ਗਰਮੀ ਨੂੰ ਧਿਆਨ 'ਚ ਰੱਖਦੇ ਹੋਏ ਕੋਸ਼ਿਸ਼ ਕੀਤੀ ਜਾਵੇ ਕਿ ਸਵੇਰੇ ਛੇਤੀ ਤੋਂ ਛੇਤੀ ਵੋਟ ਪਾ ਕੇ ਆਪਣੇ ਘਰ ਪਰਤਿਆ ਜਾਵੇ।

ਉਨ੍ਹਾਂ ਕਿਹਾ ਕਿ ਵੋਟਾਂ ਵਾਲੇ ਦਿਨ ਪੋਲਿੰਗ ਸਟੇਸ਼ਨਾਂ 'ਤੇ ਵੋਟਰਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਵੱਧ ਰਹੀ ਗਰਮੀ ਦੇ ਮੱਦੇਨਜ਼ਰ ਵੋਟਰਾਂ ਅਤੇ ਪੋਲਿੰਗ ਅਮਲੇ ਦੀ ਸਹੂਲਤ ਲਈ ਪੋਲਿੰਗ ਬੂਥਾਂ ’ਤੇ ਪੀਣ ਵਾਲਾ ਠੰਡਾ ਪਾਣੀ, ਸ਼ਾਮਿਆਨਾ, ਪੱਖੇ, ਕੁਰਸੀਆਂ ਆਦਿ ਦਾ ਪੁਖ਼ਤਾ ਇੰਤਜ਼ਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਅਤੇ ਦਿਵਿਆਂਗਜਨਾਂ ਦੀ ਸਹੂਲਤ ਲਈ ਵ੍ਹੀਲਚੇਅਰ, ਰੈਂਪ, ਆਵਾਜਾਈ ਅਤੇ ਵਲੰਟੀਅਰ ਵਰਗੀਆਂ ਸਹੂਲਤਾਂ ਮੌਜੂਦ ਰਹਿਣਗੀਆਂ। ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਪੋਲਿੰਗ ਸਟੇਸ਼ਨਾਂ ’ਤੇ ਪੁਖ਼ਤਾ ਪ੍ਰਬੰਧ ਕਰਨ ਤਾਂ ਜੋ ਵੋਟਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
 


Babita

Content Editor

Related News