ਕੋਵਿਡ ਸਬੰਧੀ ਰੋਕਾਂ ਰਹਿਣਗੀਆਂ ਜਾਰੀ, ਜਾਨੀ ਨੁਕਸਾਨ ਨੂੰ ਰੋਕਣਾ ਪਹਿਲੀ ਤਰਜੀਹ: ਕੈਪਟਨ
Friday, Mar 05, 2021 - 06:27 PM (IST)
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਦੀ ਰੋਕਥਾਮ ਅਤੇ ਸੂਬੇ ਦੇ ਲੋਕਾਂ ਦਾ ਜਾਨੀ ਨੁਕਸਾਨ ਹੋਣ ਤੋਂ ਰੋਕਣ ਨੂੰ ਯਕੀਨੀ ਬਣਾਉਣ ਲਈ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸੂਬੇ ਵਿਚ ਕਰੋਨਾ ਸਬੰਧੀ ਸੁਰੱਖਿਆ ਰੋਕਾਂ ਅਤੇ ਨਿਯਮ ਲਾਗੂ ਰਹਿਣਗੇ।ਸੂਬੇ ਵਿਚ ਮਹਾਂਮਾਰੀ ਨੂੰ ਸਫਲਤਾਪੂਰਵਕ ਰੋਕਣ ਬਾਰੇ ਪੰਜਾਬ ਵਿਧਾਨ ਸਭਾ ਵਿਚ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 'ਉਹ ਇਹ ਗੱਲ ਤਸੱਲੀ ਨਾਲ ਕਹਿ ਸਕਦੇ ਹਨ ਕਿ ਜਦੋਂ ਤੋਂ ਮਹਾਂਮਾਰੀ ਆਈ ਹੈ, ਉਦੋਂ ਤੋਂ ਹੀ ਅਸੀਂ ਇਸਨੂੰ ਰੋਕਣ ਲਈ ਸ਼ਾਨਦਾਰ ਕੰਮ ਕੀਤਾ ਹੈ, ਜਿਸ ਲਈ ਲੋਕਾਂ ਦੇ ਸਹਿਯੋਗ ਦੇ ਨਾਲ-ਨਾਲ ਸਿਹਤ, ਫਰੰਟ ਲਾਈਨ ਵਰਕਰਾਂ, ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ, ਗੈਰ-ਸਰਕਾਰੀ ਸੰਗਠਨਾਂ, ਸਥਾਨਕ ਨੁਮਾਇੰਦੇ ਧੰਨਵਾਦ ਦੇ ਪਾਤਰ ਹਨ'।ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਹਵਾਈ ਅੱਡਿਆਂ ਅਤੇ ਵੱਡੀ ਗਿਣਤੀ ਵਿਚ ਪਰਵਾਸੀ ਭਾਰਤੀਆਂ ਦੀ ਧਰਤ ਹੋਣ ਕਰਕੇ ਪੰਜਾਬ ਉੱਚ ਜ਼ੋਖਮ ਵਾਲੇ ਸੂਬਿਆਂ ਵਿਚ ਸ਼ਾਮਿਲ ਸੀ, ਪਰ ਦੇਸ਼ ਦੀ 2.5 ਫੀਸਦੀ ਆਬਾਦੀ ਪੰਜਾਬ ਵਿਚ ਹੋਣ ਦੇ ਅਨੁਪਾਤ ਅਨੁਸਾਰ ਪੰਜਾਬ ਵਿਚ ਕਰੋਨਾ ਦੇ ਕੇਸ ਦੇਸ਼ ਦੇ ਕੁੱਲ 1.1 ਕਰੋੜ ਕੇਸਾਂ ਦਾ ਸਿਰਫ 1.6 ਫੀਸਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ 5887 ਲੋਕਾਂ ਦੀ ਕਰੋਨਾ ਕਾਰਨ ਜਾਨ ਚਲੀ ਗਈ, ਜੋ ਕਿ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਸੂਬੇ ਵਿਚ ਭਾਵੇਂ ਕਿ ਪਾਜ਼ੇਟਿਵਟੀ ਰੇਟ 2.3 ਫੀਸਦ ਹੈ ਪਰ ਅਸੀਂ ਅਵੇਸਲੇ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ 'ਦੇਸ਼ ਵਿਚ ਕਰੋਨਾ ਦੀ ਦੂਜੀ ਲਹਿਰ ਆ ਰਹੀ ਹੈ ਅਤੇ ਸਾਨੂੰ ਇਸਦੇ ਟਾਕਰੇ ਲਈ ਤਿਆਰ ਰਹਿਣਾ ਚਾਹੀਦਾ ਹੈ।''
ਇਹ ਵੀ ਪੜ੍ਹੋ ਹੁਣ ਸੂਬੇ ਦੀਆਂ ਜੇਲ੍ਹਾਂ ਦੇ ਬਾਹਰ ਦਿਨ-ਰਾਤ ਹੋਵੇਗੀ ਪੈਟਰੋਲਿੰਗ ਗਸ਼ਤ, ਜੇਲ੍ਹ ਮੰਤਰੀ ਨੇ ਦਿੱਤੀ ਇਹ ਸਹੂਲਤ
ਉਨ੍ਹਾਂ ਕਿਹਾ ਕਿ ਪਲਾਜ਼ਮਾ ਬੈਂਕ ਸਥਾਪਿਤ ਕਰਨ ਤੇ ਪਲਾਜ਼ਮਾ ਦੀ ਵਰਤੋਂ ਕਰਨ ਵਿੱਚ ਪੰਜਾਬ ਦੇ ਮੋਹਰੀ ਰਹਿਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਵਿਡ ਸਬੰਧੀ ਅੰਕੜਿਆਂ ਵਿਚ ਪੂਰੀ ਪਾਰਦਰਸ਼ਤਾ ਵਰਤੀ ਗਈ ਅਤੇ ਸੂਬੇ ਦੇ ਤਜਰਬੇ ਦੇ ਆਧਾਰ 'ਤੇ ਇਨ੍ਹਾਂ ਨੂੰ ਹੋਰ ਸਟੀਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਸਿਹਤ ਰਿਸਪਾਂਸ ਟੀਮਾਂ ਵਲੋਂ ਮਾਹਿਰਾਂ ਨਾਲ ਰਾਬਤਾ ਕਾਇਮ ਕਰਕੇ ਬਿਹਤਰੀਨ ਯਤਨ ਕੀਤੇ ਗਏ।ਸਿਹਤ ਸਬੰਧੀ ਢਾਂਚੇ ਦੇ ਸੁਧਾਰ ਲਈ ਪੰਜਾਬ ਸਰਕਾਰ ਵਲੋਂ ਚੁੱਕੇ ਕਦਮਾਂ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਤੋਂ ਪ੍ਰਭਾਵਿਤ ਲੋਕਾਂ ਦੇ ਇਲਾਜ, ਉਨ੍ਹਾਂ ਦੇ ਸੰਪਰਕਾਂ ਦੀ ਤਲਾਸ਼ ਕਰਕੇ ਟੈਸਟ ਕਰਨ ਤੇ ਮਾਰਚ 2020 ਵਿਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਰੋਜ਼ਾਨਾ 30 ਹਜ਼ਾਰ ਟੈਸਟ ਕਰਨ ਦੀ ਸਮਰੱਥਾ ਵਿਕਸਤ ਕੀਤੀ ਗਈ ਹੈ। ਇਸ ਤੋਂ ਇਲਾਵਾ ਮਿਸ਼ਨ ਫਤਹਿ ਤਹਿਤ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਅ ਸਬੰਧੀ ਜਾਗਰੂਕਤਾ ਫੈਲਾਉਣ ਵਿਚ ਵੱਡੀ ਮਦਦ ਮਿਲੀ।ਮਹਾਂਮਾਰੀ ਦੌਰਾਨ ਸੁਚੱਜੇ ਮੰਡੀਕਰਨ ਰਾਹੀਂ ਫਸਲਾਂ ਦੀ ਚੁਕਾਈ ਵਿਚ ਕਿਸਾਨਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਦੋਵਾਂ ਫਸਲਾਂ ਦੇ ਇਵਜ਼ ਵਿਚ ਕਿਸਾਨਾਂ ਨੂੰ 62000 ਕਰੋੜ ਰੁਪੈ ਦੀ ਅਦਾਇਗੀ ਹੋਈ, ਜਿਸ ਦੌਰਾਨ ਮੰਡੀਆਂ ਵਿਚ ਜਿਣਸ ਵੇਚਣ ਆਏ 10 ਲੱਖ ਕਿਸਾਨਾਂ ਲਈ ਕਰੋਨਾ ਤੋਂ ਬਚਾਅ ਬਾਰੇ ਪੁਖਤਾ ਪ੍ਰਬੰਧ ਕੀਤੇ ਗਏ।
ਇਹ ਵੀ ਪੜ੍ਹੋ ਮਾਮਲਾ ਗੰਡਾਖੇੜੀ ਨਹਿਰ ’ਚ ਡੇਢ ਸਾਲ ਪਹਿਲਾਂ ਡੁੱਬ ਕੇ ਮਰੇ ਬੱਚਿਆਂ ਦਾ, ਮਾਂ ਹੀ ਨਿਕਲੀ ਅਸਲ ਕਾਤਲ
ਕਰੋਨਾ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 5 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ 375 ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਘਰ ਭੇਜਿਆ ਗਿਆ ਜਿਸ ਉੱਪਰ 35 ਕਰੋੜ ਰੁਪੈ ਖਰਚ ਕੀਤੇ ਗਏ। ਇਸ ਤੋਂ ਇਲਾਵਾ 21000 ਵਰਕਰਾਂ ਨੂੰ ਵੀ 725 ਵਿਸ਼ੇਸ਼ ਬੱਸਾਂ ਰਾਹੀਂ ਵਾਪਸ ਭੇਜਿਆ ਗਿਆ। ਇਸ ਤੋਂ ਇਲਾਵਾ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਫਸੇ ਪੰਜਾਬ ਦੇ 4000 ਤੋਂ ਜ਼ਿਆਦਾ ਸ਼ਰਧਾਲੂਆਂ ਨੂੰ ਸ੍ਰੀ ਨਾਂਦੇੜ ਸਾਹਿਬ ਅਤੇ 2000 ਤੋਂ ਜਿਆਦਾ ਵਿਦਿਆਰਥੀਆਂ ਨੂੰ ਕੋਟਾ ਤੋਂ ਵਾਪਸ ਲਿਆਂਦਾ ਗਿਆ।ਉਨ੍ਹਾਂ ਨੇ ਸਮਾਜਿਕ ਤੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਦੀ ਸਹਾਇਤਾ ਲਈ ਚੁੱਕੇ ਕਦਮਾਂ ਬਾਰੇ ਦੱਸਦਿਆਂ ਕਿਹਾ ਕਿ ਲੋੜਵੰਦਾਂ ਨੂੰ ਭੋਜਨ, ਦਵਾਈਆਂ ਉਪਲਬਧ ਕਰਵਾਉਣ ਤੋਂ ਇਲਾਵਾ ਪੰਚਾਇਤਾਂ ਤੇ ਨਿਗਮਾਂ ਰਾਹੀਂ ਅਗਾਊਂ ਪੈਨਸ਼ਨ, ਮਨਰੇਗਾ ਵਰਕਰਾਂ ਨੂੰ ਅਦਾਇਗੀ, ਉਸਾਰੀ ਕਾਮਿਆਂ ਨੂੰ ਵਿੱਤੀ ਸਹਾਇਤਾ, ਕਰਮਚਾਰੀਆਂ ਨੂੰ ਐਕਸ ਗ੍ਰੇਸ਼ੀਆ ਗਰਾਂਟ ਤੋਂ ਇਲਾਵਾ ਸੁਚਾਰੂ ਤਰੀਕੇ ਨਾਲ ਕਣਕ ਤੇ ਝੋਨੇ ਦੀ ਖਰੀਦ ਕੀਤੀ ਗਈ।
ਇਹ ਵੀ ਪੜ੍ਹੋ ਮਲੋਟ 'ਚ ਕੈਪਟਨ ਖ਼ਿਲਾਫ਼ ਲੱਗੇ ਪੋਸਟਰਾਂ 'ਤੇ ਲਿਖੀ ਸ਼ਬਦਾਵਲੀ ਨੂੰ ਲੈ ਕੇ ਮਚਿਆ ਬਖੇੜਾ
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਵਲੋਂ ਕਰੋਨਾ ਕਾਰਨ ਵਿੱਤੀ ਤੌਰ 'ਤੇ ਝੰਬੇ ਲੋਕਾਂ ਨੂੰ ਰਾਹਤ ਦੇਣ ਲਈ ਟੈਕਸਾਂ ਤੇ ਬਿੱਲਾਂ ਦੀ ਉਗਰਾਹੀ ਲੇਟ ਕਰਨ ਤੋਂ ਇਲਾਵਾ ਅਨੇਕਾਂ ਤਰ੍ਹਾਂ ਦੇ ਜੁਰਮਾਨੇ ਮਾਫ ਕੀਤੇ ਗਏ। ਇਸ ਤੋਂ ਇਲਾਵਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵਲੋਂ 500 ਕਰੋੜ ਰੁਪੈ ਦੀ ਰਾਹਤ ਉਪਭੋਗਤਾਵਾਂ ਨੂੰ ਦਿੱਤੀ ਗਈ, ਜਿਸ ਤਹਿਤ ਬਿਜਲੀ ਬਿੱਲਾਂ ਦੀ ਦੇਰੀ ਨਾਲ ਅਦਾ ਕਰਨ ਦੀ ਸਹੂਲਤ, ਵਰਤਮਾਨ ਬਿੱਲਾਂ ਉੱਪਰ ਇਕ ਫੀਸਦੀ ਰਿਬੇਟ, ਬੱਝੇ ਚਾਰਜਾਂ ਨੂੰ ਮੁਲਤਵੀ ਕਰਨਾ ਤੇ ਮੀਟਰ ਦੀ ਸਕਿਊਰਿਟੀ ਵਿਚ ਕੋਈ ਤਬਦੀਲੀ ਨਾ ਕਰਨਾ ਸ਼ਾਮਲ ਹੈ।ਰੀਅਲ ਅਸਟੇਟ ਖੇਤਰ ਨੂੰ ਦਿੱਤੀਆਂ ਰਾਹਤਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਔਖੇ ਹਾਲਾਤਾਂ ਦੇ ਟਾਕਰੇ ਲਈ ਪ੍ਰਸ਼ਾਸਕੀ ਸੁਧਾਰ ਕੀਤੇ ਗਏ ਅਤੇ ਵਿੱਤੀ ਸਰੋਤਾਂ ਨੂੰ ਕਾਰਜਸ਼ੀਲ ਕਰਕੇ ਸੂਬੇ ਦੀ ਅਰਥ ਵਿਵਸਥਾ ਨੂੰ ਦੁਬਾਰਾ ਪਟੜੀ 'ਤੇ ਲਿਆਂਦਾ ਗਿਆ ਹੈ।
ਇਹ ਵੀ ਪੜ੍ਹੋ ਬਲਾਕ ਸੰਮਤੀ ਚੇਅਰਪਰਸਨ ਦੇ ਪੁੱਤਰ ਨੇ ਤੋੜਿਆ ਚੇਅਰਪਰਸਨ ਦੇ ਦਫ਼ਤਰ ਦਾ ਤਾਲਾ , ਤਸਵੀਰਾਂ ਵਾਇਰਲ