ਸੂਬੇ ''ਚ ਸ਼ਰੇਆਮ ਚੱਲ ਰਹੀਆਂ ਨੇ ਗੋਲੀਆਂ, ਕੈਪਟਨ ਤੁਰੰਤ ਦੇਣ ਅਸਤੀਫਾ : ਬੈਂਸ
Wednesday, Nov 01, 2017 - 04:43 AM (IST)

ਲੁਧਿਆਣਾ(ਪਾਲੀ)- ਲੁਧਿਆਣਾ ਤੋਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਸਮੇਤ ਪਾਰਟੀ ਦੇ ਹੋਰਨਾਂ ਆਗੂਆਂ ਨੇ ਅੰਮ੍ਰਿਤਸਰ 'ਚ ਸ਼ਰੇਆਮ ਹਿੰਦੂ ਆਗੂ ਵਿਪਨ ਸ਼ਰਮਾ ਦੇ ਕਤਲ 'ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਉਨ੍ਹਾਂ ਤੁਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਸਮੇਤ ਸੀਨੀਅਰ ਆਗੂਆਂ 'ਚ ਸ਼ਾਮਲ ਕੌਂਸਲਰ ਰਣਧੀਰ ਸਿੰਘ ਸਿਬੀਆ, ਕੌਂਸਲਰ ਰਣਜੀਤ ਸਿੰਘ ਬਿੱਟੂ ਘਟੌੜੇ, ਯੂਥ ਆਗੂ ਸੁਰਿੰਦਰ ਸਿੰਘ ਗਰੇਵਾਲ, ਜਤਿੰਦਰਪਾਲ ਸਿੰਘ ਸਲੂਜਾ ਤੇ ਡਾ. ਸੁਰਜੀਤ ਸਿੰਘ ਨੇ ਕਿਹਾ ਹੈ ਕਿ ਲੁਧਿਆਣਾ ਵਿਖੇ ਆਰ. ਐੱਸ. ਐੱਸ. ਦੇ ਵਰਕਰ ਰਵਿੰਦਰ ਗੋਸਾਈਂ ਦੇ ਕਤਲ ਦੇ 14 ਦਿਨਾਂ ਬਾਅਦ ਹੀ ਅੰਮ੍ਰਿਤਸਰ ਵਿਚ ਦਿਨ-ਦਿਹਾੜੇ ਸ਼ਰੇਆਮ ਦੋਸ਼ੀਆਂ ਨੇ ਹਿੰਦੂ ਆਗੂ ਦਾ ਕਤਲ ਕਰ ਦਿੱਤਾ ਤੇ ਦੋਸ਼ੀ ਗੋਲੀਆਂ ਮਾਰਦੇ ਹੋਏ ਸ਼ਰੇਆਮ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੁਲਸ ਅਜੇ ਤੱਕ ਵੀ ਦੋਸ਼ੀਆਂ ਦਾ ਪਤਾ ਨਹੀਂ ਲਾ ਸਕੀ, ਜਦੋਂ ਕਿ ਇਨ੍ਹਾਂ ਘਟਨਾਵਾਂ ਤੋਂ ਬਾਅਦ ਆਮ ਨਾਗਰਿਕ ਦਹਿਸ਼ਤ 'ਚ ਹਨ। ਆਗੂਆਂ ਨੇ ਕਿਹਾ ਕਿ ਘਟਨਾਵਾਂ ਲਈ ਸਿੱਧੇ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ, ਜਿਨ੍ਹਾਂ ਨੂੰ ਅਸਤੀਫਾ ਦੇ ਕੇ ਘਰ ਬੈਠ ਜਾਣਾ ਚਾਹੀਦਾ ਹੈ।