ਮੇਘਾਲਿਆ ਦੇ ਗ੍ਰਹਿ ਮੰਤਰੀ ਨੂੰ ਮਿਲੇ ਡਿੰਪਾ ਤੇ ਰੰਧਾਵਾ

06/21/2019 4:44:13 PM

ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਿਲਾਂਗ ਭੇਜੇ ਗਏ ਸਰਕਾਰੀ ਵਫਦ ਵਲੋਂ ਕਾਂਗਰਸੀ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੇਘਾਲਿਆ ਦੇ ਗ੍ਰਹਿ ਮੰਤਰੀ ਜੇਮਸ ਕੇ. ਸੰਗਮਾ ਨਾਲ ਮੁਲਾਕਾਤ ਕਰ ਕੇ ਸਿੱਖ ਭਾਈਚਾਰੇ ਦੇ ਮਸਲਿਆਂ ਦਾ ਤੁਰੰਤ ਹੱਲ ਕੱਢਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਦੇ ਅੰਦਰ ਪਾਈ ਜਾ ਰਹੀ ਬੇਚੈਨੀ ਨੂੰ ਦੇਖਦੇ ਹੋਏ ਉਨ੍ਹਾਂ ਦੇ ਪੈਂਡਿੰਗ ਮਸਲੇ ਦਾ ਇਕ ਵਾਰ ਵਿਚ ਹੀ ਮੇਘਾਲਿਆ ਸਰਕਾਰ ਹੱਲ ਕਰ ਦੇਵੇ। ਪੰਜਾਬ ਦੀ ਟੀਮ ਨੇ ਮੇਘਾਲਿਆ ਸਰਕਾਰ ਵਲੋਂ ਬਣਾਈ ਗਈ ਉਚ ਪੱਧਰੀ ਕਮੇਟੀ ਨੂੰ ਕਿਹਾ ਕਿ ਉਹ ਕਿਸੇ ਵੀ ਸਿੱਟੇ 'ਤੇ ਪਹੁੰਚਣ ਤੋਂ ਪਹਿਲਾਂ ਸਿੱਖ ਪਰਿਵਾਰਾਂ ਦੀਆਂ ਚਿੰਤਾਵਾਂ ਦਾ ਨਿਪਟਾਰਾ ਕਰੇ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ਿਲਾਂਗ 'ਚ ਜ਼ਮੀਨੀ ਹਕੀਕਤਾਂ ਦਾ ਪਤਾ ਲਾਉਣ ਲਈ ਸਰਕਾਰੀ ਵਫਦ ਨੂੰ ਸ਼ਿਲਾਂਗ ਭੇਜਿਆ ਸੀ। ਇਸ 'ਚ ਵਿਧਾਇਕ ਕੁਲਦੀਪ ਸਿੰਘ ਵੈਦ, ਕੁਲਬੀਰ ਸਿੰਘ ਜ਼ੀਰਾ, ਵਿਸ਼ੇਸ਼ ਸਕੱਤਰ ਯੋਜਨਾ ਡੀ. ਐੱਸ. ਮਾਂਗਟ ਤੇ ਹੋਰ ਸ਼ਾਮਲ ਸਨ। ਵਫਦ ਨੇ ਗ੍ਰਹਿ ਮੰਤਰੀ ਸੰਗਮਾ ਨੂੰ ਕਿਹਾ ਕਿ ਸ਼ਿਲਾਂਗ ਦੇ ਪੰਜਾਬੀ ਬਹੁ-ਗਿਣਤੀ ਇਲਾਕੇ 'ਚ ਵਸੇ ਹਜ਼ਾਰਾਂ ਸਿੱਖ ਪਰਿਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਸ਼ਿਲਾਂਗ ਮਿਊਂਸੀਪਲ ਬੋਰਡ ਵਲੋਂ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਭੇਜੇ ਗਏ ਨੋਟਿਸਾਂ ਦੇ ਬਾਰੇ 'ਚ ਵਫਦ ਨੇ ਸੰਗਮਾ ਨੂੰ ਕਿਹਾ ਕਿ ਘੱਟ ਗਿਣਤੀ ਵਰਗ ਦੇ ਮਨਾਂ 'ਚੋਂ ਡਰ ਦੀ ਭਾਵਨਾ ਨੂੰ ਕੱਢਿਆ ਜਾਵੇ। ਸ਼ਿਲਾਂਗ 'ਚ ਵਸੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਉਜਾੜਣ ਜਿਹੀ ਕੋਈ ਕਾਰਵਾਈ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਸਿੱਖ ਭਾਈਚਾਰੇ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਉਲੰਘਣਾ ਹੋਵੇਗੀ। ਵਫਦ ਨੇ ਮੇਘਾਲਿਆ ਦੇ ਗ੍ਰਹਿ ਮੰਤਰੀ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਮੇਘਾਲਿਆ ਦੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਬੇਨਤੀ 'ਤੇ ਅਮਲ ਕਰਨ ਦਾ ਭਰੋਸਾ ਦਿੱਤਾ ਹੈ। ਬੈਠਕ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਲਿਖੇ ਪੱਤਰ ਨੂੰ ਗ੍ਰਹਿ ਮੰਤਰੀ ਦੇ ਹਵਾਲੇ ਕੀਤਾ, ਜੋ ਕਿ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਦੇ ਨਾਂ ਸੀ। ਗ੍ਰਹਿ ਮੰਤਰੀ ਨੇ ਭਰੋਸਾ ਦਿੱਤਾ ਕਿ ਮੇਘਾਲਿਆ 'ਚ ਵਸੇ ਸਿੱਖਾਂ ਦੇ ਅਧਿਕਾਰਾਂ ਦੀ ਸੁਰੱਖਿਆ ਦੀ ਭਰਪੂਰ ਕੋਸ਼ਿਸ਼ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਲਈ ਕਦਮ ਚੁੱਕੇ ਗਏ ਹਨ।


Anuradha

Content Editor

Related News