ਕੈਪਟਨ ਵਲੋਂ ਸਿਆਸੀ ਪਾਰਟੀਆਂ ਨੂੰ ਸ਼ਹੀਦੀ ਜੋੜ ਮੇਲ ''ਤੇ ਕਾਨਫਰੰਸ ਨਾ ਕਰਨ ਦੀ ਅਪੀਲ
Friday, Dec 14, 2018 - 11:47 PM (IST)
ਚੰਡੀਗੜ੍ਹ,(ਅਸ਼ਵਨੀ)—ਸ਼ਹੀਦੀ ਜੋੜ ਮੇਲ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਮੌਕੇ ਕੋਈ ਵੀ ਸਿਆਸੀ ਕਾਨਫਰੈਂਸ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਮੌਕੇ ਨਾ ਹੀ ਕਾਂਗਰਸ ਪਾਰਟੀ ਅਤੇ ਨਾ ਹੀ ਸੂਬਾ ਸਰਕਾਰ ਕੋਈ ਜਨਤਕ ਸਮਾਗਮ ਆਯੋਜਿਤ ਕਰੇਗੀ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਅਤੇ ਉਨ੍ਹਾਂ ਦੇ ਮਾਤਾ ਗੁਜ਼ਰੀ ਜੀ ਦੇ ਸ਼ਹੀਦੀ ਦਿਵਸ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਇਹ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦਿਹਾੜਾ ਬਹੁਤ ਜ਼ਿਆਦਾ ਸਤਿਕਾਰ ਸਹਿਤ ਮਣਾਇਆ ਜਾਣਾ ਚਾਹੀਦਾ ਹੈ।
ਮੁੱਖ ਮੰਤਰੀ ਮਹਿਸੂਸ ਕਰਦੇ ਹਨ ਕਿ ਇਹ ਦਿਹਾੜਾ ਬਹੁਤ ਹੀ ਮਹੱਤਵਪੂਰਨ ਹੈ ਅਤੇ ਇਸ ਨੂੰ ਸਿਆਸੀ ਲਾਹਾ ਲੈਣ ਲਈ ਇਕ ਮੰਚ ਵਜੋਂ ਸੋੜੇ ਹਿੱਤਾਂ ਲਈ ਨਹੀਂ ਵਰਤੀਆ ਜਾਣਾ ਚਾਹੀਦਾ। ਫਤਹਿਗੜ ਸਾਹਿਬ ਵਿੱਖੇ ਸ਼ਹੀਦੀ ਜੋੜ ਮੇਲ ਦਸਵੇਂ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਮਹਾਨ ਬਲਿਦਾਨ ਦੇ ਸਤਿਕਾਰ ਵੱਜੋਂ ਉਸੇ ਸਮੇਂ ਤੋਂ ਹੀ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਹ ਮਹਿਸੂਸ ਕਰਦੇ ਹਨ ਕਿ ਇਹ ਮੌਕਾ ਸਿਆਸੀ ਪਾਰਟੀਆਂ ਲਈ ਇਕ ਮੰਚ ਬਣਦਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਖਾਸਕਰ ਸਿਆਸੀ ਆਗੂਆਂ ਨੂੰ ਨਿਮਾਣੇ ਸ਼ਰਧਾਲੂਆਂ ਵਜੋਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਭੇਂਟ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸਿਆਸੀ ਕਾਨਫਰੈਂਸਾਂ/ਰੈਲੀਆਂ ਕਰਨ ਦੀ ਥਾਂ ਪਵਿੱਤਰ ਗੁਰਦੁਆਰਾ ਸ੍ਰੀ ਫਤਹਿਗੜ ਸਾਹਿਬ ਵਿਖੇ ਉਨ੍ਹਾਂ ਨੂੰ ਨਤਮਸਤਕ ਹੋਣ ਦੀ ਅਪੀਲ ਕੀਤੀ ਹੈ।
