ਕੈਪਟਨ ਦੇ ਰਾਜਹਠ 'ਤੇ ਭਾਰੂ ਹਨ ਸਿੱਧੂ ਦੇ ਸ਼ਬਦ-ਬਾਣ

05/16/2019 5:06:45 PM

ਜਲੰਧਰ : ਸਿਆਸੀ ਦੰਗਲ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਹਠ 'ਤੇ ਉਸ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਭਾਰੀ ਪੈਂਦੇ ਦਿਸ ਰਹੇ ਹਨ। ਕੈਪਟਨ ਜਿਥੇ ਪੰਜਾਬ ਦੀ ਸਿਆਸਤ 'ਚ ਹਠੀ ਕਿਸਮ ਦੇ ਇਨਸਾਨ ਮੰਨੇ ਜਾਂਦੇ ਹਨ, ਉਥੇ ਹੀ ਸਿੱਧੂ ਵੀ ਸ਼ਬਦ-ਬਾਣਾਂ ਦੇ ਸਿਰਤਾਜ ਕਹੇ ਜਾਣ ਲੱਗੇ ਹਨ। ਸੂਬੇ ਦੀ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੇ ਜਨਤਕ ਤੌਰ 'ਤੇ ਇਹ ਕਹਿ ਦਿੱਤਾ ਕਿ ਸਿੱਧੂ ਦੀ ਪੰਜਾਬ 'ਚ ਪ੍ਰਚਾਰ ਲਈ ਲੋੜ ਨਹੀਂ ਹੈ, ਜਿਸ 'ਤੇ ਸਿੱਧੂ ਵੀ ਨਹੀਂ ਖੁੰਝੇ ਅਤੇ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਇਸ਼ਾਰਾ ਕੀਤਾ ਕਿ ਉਹ ਬਿਨਾਂ ਬੁਲਾਏ ਦਰਬਾਰ ਸਾਹਿਬ ਅਤੇ ਮਾਤਾ ਰਾਣੀ ਦੇ ਦਰਬਾਰ ਤੋਂ ਇਲਾਵਾ ਕਿਤੇ ਵੀ ਨਹੀਂ ਜਾਂਦੇ। ਕੈਪਟਨ ਅਮਰਿੰਦਰ ਨੇ ਗੁਰਦਾਸਪੁਰ 'ਚ ਕਿਹਾ ਕਿ ਭਵਿੱਖ 'ਚ ਤੁਸੀਂ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਦੇ ਰੂਪ 'ਚ ਦੇਖੋਗੇ, ਇਸ ਗੱਲ ਨੂੰ ਲੈ ਕੇ ਵੀ ਅੰਦਰਖਾਤੇ ਸਿੱਧੂ ਨੂੰ ਟੀਸ ਪਹੁੰਚਣੀ ਸੁਭਾਵਿਕ ਹੈ ਕਿਉਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦਾ ਉਪ- ਮੁੱਖ ਮੰਤਰੀ ਬਣਨਾ ਤੈਅ ਮੰਨਿਆ ਜਾ ਰਿਹਾ ਸੀ। ਇਸ ਤੋਂ ਬਾਅਦ ਵੋਕਲ ਕਾਰਡ 'ਚ ਖਰਾਬੀ ਹੋਣ ਦੇ ਬਾਵਜੂਦ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਦੇ ਕਹਿਣ 'ਤੇ ਬਠਿੰਡਾ ਦੀ ਰੈਲੀ 'ਚ ਪਹੁੰਚੇ। ਜ਼ਾਹਿਰ ਹੈ ਕਿ ਸਿੱਧੂ ਦਾ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਡਾਇਰੈਕਟ ਕੁਨੈਕਸ਼ਨ ਹੈ।

ਜੋ ਰਾਹੁਲ-ਪ੍ਰਿਯੰਕਾ ਕਹਿੰਦੇ ਹਨ, ਮੈਂ ਕਰਦਾ ਹਾਂ
ਨਵਜੋਤ ਸਿੰਘ ਸਿੱਧੂ ਨੇ ਮੀਡੀਆ ਨੂੰ ਦਿੱਤੀ ਇਕ ਇੰਟਰਵਿਊ 'ਚ ਕਿਹਾ,''ਪ੍ਰਿਯੰਕਾ ਜੀ ਨਾਲ ਪੰਜਾਬ ਜਾ ਰਿਹਾ ਹਾਂ। ਪ੍ਰਿਯੰਕਾ, ਰਾਹੁਲ ਜੀ ਅਤੇ ਹਾਈਕਮਾਂਡ ਜੋ ਕਹਿੰਦਾ ਹੈ, ਕਰਦਾ ਹਾਂ। ਅਹਿਮਦ ਪਟੇਲ ਜੀ ਵਲੋਂ ਜਿਹੜਾ ਪ੍ਰੋਗਰਾਮ ਬਣਦਾ ਹੈ, ਉਸੇ ਤਰ੍ਹਾਂ ਕਰਦਾ ਹਾਂ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ''ਸ਼ਤਰੰਜ ਦੀ ਬਿਸਾਤ ਵਿਛੀ ਹੋਵੇ ਅਤੇ ਪਿਆਦਾ ਆਪਣੀ ਔਕਾਤ ਭੁੱਲ ਜਾਵੇ ਤਾਂ ਕੁਚਲਿਆ ਜਾਂਦਾ ਹੈ, ਇਸ ਲਈ ਜੋ ਹੁਕਮ ਹੁੰਦਾ ਹੈ, ਉਹ ਮੈਂ ਕਰ ਦਿੰਦਾ ਹਾਂ।'' ਉਨ੍ਹਾਂ ਨੇ ਲੋਕ ਸਭਾ ਚੋਣਾਂ 'ਚ ਕਾਂਗਰਸ ਹਾਈਕਮਾਂਡ ਦੇ ਕਹਿਣ 'ਤੇ ਇਕ ਸਟਾਰ ਪ੍ਰਚਾਰਕ ਵਜੋਂ ਮੈਂ 85 ਰੈਲੀਆਂ ਕੀਤੀਆਂ ਹਨ। ਪੰਜਾਬ 'ਚ ਵਿਵਾਦਾਂ ਕਾਰਨ ਉਨ੍ਹਾਂ ਦੇ ਚੋਣ ਪ੍ਰਚਾਰ 'ਚ ਹਿੱਸਾ ਨਾ ਲੈਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ, ਬਠਿੰਡਾ ਦੀ ਰੈਲੀ ਤੋਂ ਬਾਅਦ ਉਨ੍ਹਾਂ 'ਤੇ ਹੁਣ ਰੋਕ ਲੱਗ ਗਈ ਹੈ। 

ਪ੍ਰਿਯੰਕਾ ਜਿਥੇ ਕਹੇਗੀ, ਚੋਣ ਪ੍ਰਚਾਰ ਕਰਾਂਗਾ
ਬਠਿੰਡਾ 'ਚ ਹੋਈ ਰੈਲੀ 'ਚ ਸਿੱਧੂ ਨੇ ਇਹ ਵੀ ਕਹਿ ਦਿੱਤਾ ਕਿ ਉਨ੍ਹਾਂ ਨੂੰ ਪ੍ਰਿਯੰਕਾ ਗਾਂਧੀ ਜਿਥੇ ਵੀ ਚੋਣ ਪ੍ਰਚਾਰ ਨੂੰ ਕਹੇਗੀ, ਉਹ ਉਥੇ ਜਾਣਗੇ। ਭਾਵੇਂ ਸੀ. ਐੱਮ. ਕੈਪਟਨ ਨੇ ਮੀਡੀਆ ਦੇ ਇਕ ਸਵਾਲ ਦੇ ਜਵਾਬ 'ਚ ਇਹ ਵੀ ਕਿਹਾ ਸੀ ਕਿ ਸਿੱਧੂ ਦੀ ਕਿਸੇ ਵੀ ਉਮੀਦਵਾਰ ਨੂੰ ਚੋਣ ਪ੍ਰਚਾਰ ਲਈ ਲੋੜ ਹੋਵੇਗੀ ਤਾਂ ਉਹ ਉਨ੍ਹਾਂ ਨੂੰ ਬੁਲਾ ਸਕਦੇ ਹਨ। ਪੰਜਾਬ 'ਚ ਸਿੱਧੂ ਦੀ 16 ਮਈ ਤਕ ਕੋਈ ਰੈਲੀ ਨਹੀਂ ਸੀ ਅਤੇ 17 ਮਈ ਪ੍ਰਚਾਰ ਦਾ ਆਖਰੀ ਦਿਨ ਹੈ। ਪ੍ਰਿਯੰਕਾ ਤੇ ਰਾਹੁਲ ਦੇ ਇਕ ਇਸ਼ਾਰੇ 'ਤੇ ਗਲਾ ਖਰਾਬ ਹੋਣ ਦੇ ਬਾਵਜੂਦ ਪ੍ਰਚਾਰ ਕਰਨਾ ਆਪਣੇ ਆਪ 'ਚ ਬਹੁਤ ਮਾਇਨੇ ਰੱਖਦਾ ਹੈ ਕਿਉਂਕਿ ਜਦੋਂ ਤੋਂ ਸੂਬੇ 'ਚ ਕਾਂਗਰਸ ਦੀ ਸਰਕਾਰ ਬਣੀ ਹੈ, ਉਦੋਂ ਤੋਂ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਅਤੇ ਸਿੱਧੂ ਵਿਚਕਾਰ ਸੀਤ ਯੁੱਧ ਚੱਲ ਰਿਹਾ ਹੈ।

ਕੈਪਟਨ ਅਤੇ ਸਿੱਧੂ 'ਚ ਵਿਵਾਦ
2017 'ਚ ਕਾਂਗਰਸ ਦੇ ਸੱਤਾ ਵਿਚ ਆਉਣ ਤੋਂ ਬਾਅਦ ਨਵਜੋਤ ਸਿੱਧੂ ਅਤੇ ਕੈਪਟਨ ਆਹਮੋ-ਸਾਹਮਣੇ ਰਹੇ ਹਨ। ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਲੈ ਕੇ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਨਹੀਂ ਜਾਣਾ ਚਾਹੀਦਾ, ਇਸ ਦੇ ਬਾਵਜੂਦ ਉਹ ਪਾਕਿਸਤਾਨ ਗਏ। ਕਰਤਾਰਪੁਰ ਸਾਹਿਬ ਕਾਰੀਡੋਰ ਤੋਂ ਪਹਿਲਾਂ ਉਹ ਇਮਰਾਨ ਖਾਨ ਦੇ ਸਹੁੰ-ਚੁੱਕ ਸਮਾਗਮ 'ਚ ਗਏ ਤਾਂ ਉਥੇ ਸੈਨਾ ਮੁਖੀ ਨਾਲ ਗਲੇ ਮਿਲਣ ਦੇ ਮੁੱਦੇ 'ਤੇ ਕੈਪਟਨ ਨਾਰਾਜ਼ ਹੋ ਗਏ। ਇਸ ਤੋਂ ਬਾਅਦ 2018 'ਚ ਪੰਜ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਿੱਧੂ ਨੇ ਅਮਰਿੰਦਰ ਨੂੰ ਆਪਣਾ ਕੈਪਟਨ ਮੰਨਣ ਤੋਂ ਇਨਕਾਰ ਕਰ ਦਿੱਤਾ। ਇੰਨਾ ਕੁਝ ਹੋਣ ਦੇ ਬਾਵਜੂਦ ਉਨ੍ਹਾਂ ਨੇ ਕੈਪਟਨ ਤੋਂ ਮੁਆਫੀ ਤਾਂ ਮੰਗ ਲਈ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੀਤ ਯੁੱਧ ਅਜੇ ਵੀ ਜਾਰੀ ਹੈ।


Anuradha

Content Editor

Related News