ਸੰਸਦ ਮੈਂਬਰ ਚੌਧਰੀ ਦੀ ਸਿਆਸੀ ਕੂਟਨੀਤੀ ''ਤੇ ਕੈਪਟਨ ਅਮਰਿੰਦਰ ਨੇ ਫੇਰਿਆ ਪਾਣੀ

03/01/2019 10:42:40 AM

ਜਲੰਧਰ  (ਚੋਪੜਾ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਸਿਆਸੀ ਕੂਟਨੀਤੀ 'ਤੇ ਉਸ ਸਮੇਂ ਪਾਣੀ ਫੇਰ ਦਿੱਤਾ ਜਦੋਂ ਸੰਸਦ ਮੈਂਬਰ ਚੌਧਰੀ ਡਿਵੈਲਪਮੈਂਟ ਦੇ ਹੋਰ ਕੰਮਾਂ ਵਾਂਗ ਕਾਲਜ ਬਣਾਉਣ ਦੀ ਮੰਗ ਨੂੰ ਪੂਰਾ ਕਰਵਾਉਣ ਦਾ ਸਿਹਰਾ ਵੀ ਖੁਦ ਲੈਣ ਲੱਗੇ। ਚਾਰਾ ਮੰਡੀ ਦੀ ਜ਼ਮੀਨ 'ਤੇ ਸਬਜ਼ੀ ਮੰਡੀ ਲਾਉਣ ਬਾਰੇ ਇਤਰਾਜ਼ ਜਤਾਉਣ ਲੱਗੇ, ਜਿਸ 'ਤੇ  ਉਨ੍ਹਾਂ ਲੋਕ ਸਭਾ ਚੋਣਾਂ ਵਿਚ ਟਿਕਟ ਦੇ ਦਾਅਵੇਦਾਰ ਤੇ ਵਿਧਾਇਕ ਸੁਸ਼ੀਲ ਰਿੰਕੂ ਦੇ ਮੰਚ 'ਤੇ ਬੋਲਣ ਉਪਰੰਤ ਸੰਸਦ ਮੈਂਬਰ ਚੌਧਰੀ ਨੂੰ ਮੌਕਾ ਦਿੱਤਾ ਗਿਆ। ਆਪਣੇ  ਮਜ਼ਬੂਤ ਸਿਆਸੀ ਵਿਰੋਧੀ ਦੇ ਤੌਰ 'ਤੇ ਉਭਰੇ ਦਲਿਤ ਆਗੂ ਤੇ ਵਿਧਾਇਕ  ਰਿੰਕੂ ਦੀ ਮਿਹਨਤ ਨੂੰ  ਅਣਡਿੱਠ ਕਰਦਿਆਂ ਸੰਸਦ ਮੈਂਬਰ ਚੌਧਰੀ ਨੇ ਖੁਦ ਦੇ ਸੋਹਲੇ ਗਾਉਣੇ   ਸ਼ੁਰੂ ਕਰ ਦਿੱਤੇ।  ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ ਕਿ ਉਥੇ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਜਗਦੀਸ਼ ਦੀਸ਼ਾ ਸਣੇ ਕੁਝ ਲੋਕ  ਪਹੁੰਚੇ ਤੇ ਉਨ੍ਹਾਂ ਤੁਰੰਤ ਅਧਿਕਾਰੀਆਂ ਨੂੰ ਨਿਰਦੇਸ਼ ਦੇ ਕੇ ਸਬਜ਼ੀ ਮੰਡੀ ਬੰਦ ਕਰਵਾਈ। ਫਿਰ ਕਾਲਜ ਦਾ  ਪ੍ਰਪੋਜ਼ਲ ਬਣਾ ਕੇ ਉਨ੍ਹਾਂ ਸਾਬਕਾ ਸਿੱਖਿਆ ਮੰਤਰੀ ਅਰੁਣਾ ਚੌਧਰੀ ਕੋਲ ਭੇਜਿਆ। ਜਿਸ ਤੋਂ  ਬਾਅਦ ਕਾਲਜ ਬਣਾਉਣ ਦੀ ਮੰਗ ਸੀ. ਐੱਮ. ਸਾਹਿਬ ਕੋਲ ਰੱਖੀ ਗਈ। ਸੰਸਦ ਮੈਂਬਰ ਸੰਤੋਖ  ਚੌਧਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦੇ ਕੀਤੇ ਉਹ ਪੂਰੇ ਕਰ ਵਿਖਾਏ ਜੋ  ਕਿ ਸਟਰੌਂਗ ਵਿਜ਼ਨ ਵਾਲਾ ਆਗੂ ਹੀ ਕਰ ਸਕਦਾ ਹੈ। ਇਸ ਤੋਂ ਇਲਾਵਾ ਸੰਸਦ ਮੈਂਬਰ ਚੌਧਰੀ  ਨੇ ਆਪਣੇ ਮੂੰਹ ਮੀਆਂ ਮਿੱਠੂ ਬਣਦਿਆਂ ਕਾਲਜ ਬਣਵਾਉਣ ਦਾ ਸਿਹਰਾ ਖੁਦ ਲੈਂਦਿਆਂ ਕਿਹਾ ਕਿ  ਵਿਧਾਇਕ ਰਿੰਕੂ ਵਲੋਂ ਮੁੱਖ ਮੰਤਰੀ ਸਾਹਮਣੇ ਮੈਡੀਕਲ ਕਾਲਜ ਤੇ 85ਵੀਂ ਸੰਵਿਧਾਨਕ ਸੋਧ  ਦੀ ਦੋਹਰਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਗੰਨਾ ਫਾਰਮ ਦੀ ਜ਼ਮੀਨ ਨੂੰ ਐਕਵਾਇਰ ਕਰਕੇ ਬਣਾਏ  ਗਏ ਪਿਮਸ ਮੈਡੀਕਲ ਕਾਲਜ ਦੀ ਲੀਜ਼ ਨੂੰ ਵੀ ਰੀਵਿਊ ਕੀਤਾ ਜਾਵੇ। ਜਲੰਧਰ ਇੰਡਸਟਰੀਅਲ ਹੱਬ  ਹੈ, ਸਰਕਾਰ ਨੇ 112 ਕਰੋੜ ਨਾਲ ਸਕਿੱਲ ਡਿਵੈਲਪਮੈਂਟ ਸੈਂਟਰ ਬਣਾਉਣ ਦਾ ਨਿੱਜੀ ਕੰਪਨੀ ਦੇ  ਨਾਲ ਐੈੱਮ. ਓ. ਯੂ. ਸਾਈਨ ਕੀਤਾ ਹੈ।

ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ  ਮੰਚ ਸੰਭਾਲਿਆ ਤਾਂ ਉਨ੍ਹਾਂ ਕਾਲਜ ਦੇ ਨਿਰਮਾਣ ਦਾ ਸਾਰਾ ਸਿਹਰਾ ਵਿਧਾਇਕ ਸੁਸ਼ੀਲ ਰਿੰਕੂ  ਨੂੰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਵਿਧਾਇਕ ਰਿੰਕੂ ਤੇ ਹੋਰਨਾਂ ਦੀਆਂ ਕੋਸ਼ਿਸ਼ਾਂ ਨਾਲ ਹੀ  ਕਾਲਜ ਦਾ ਨਿਰਮਾਣ ਸੰਭਵ ਹੋ ਸਕਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸਪਸ਼ਟਵਾਦੀ  ਲਹਿਜ਼ੇ ਤੇ  ਸੰਸਦ ਮੈਂਬਰ ਚੌਧਰੀ ਦੇ ਦਾਅਵੇ ਨੂੰ ਝੂਠਾ ਸਾਬਿਤ ਕਰਨ ਤੋਂ ਬਾਅਦ ਸਿਆਸੀ ਗਲਿਆਰਿਆਂ  ਵਿਚ ਅਨੇਕਾਂ ਚਰਚੇ ਚੱਲ ਰਹੇ ਹਨ ਕਿ ਆਖਿਰ ਸੰਸਦ ਮੈਂਬਰ ਚੌਧਰੀ ਨੂੰ ਕੀ ਲੋੜ ਸੀ ਕਿ ਅਜਿਹੇ ਮੰਚ 'ਤੇ ਜਿੱਥੇ ਮੁੱਖ ਮੰਤਰੀ ਖੁਦ ਮੌਜੂਦ ਸਨ ਉਥੇ ਵਿਧਾਇਕ ਰਿੰਕੂ ਨੂੰ  ਪਟਕਣੀ ਦੇਣ ਲਈ ਝੂਠੀ ਬਿਆਨਬਾਜ਼ੀ ਕਰਦੇ ਰਹੇ ਪਰ ਜੋ ਵੀ ਹੋਵੇ  ਮੁੱਖ ਮੰਤਰੀ ਦੇ ਕਥਨ ਤੋਂ  ਬਾਅਦ ਜਿੱਥੇ ਵਿਧਾਇਕ ਰਿੰਕੂ ਦਾ ਸਿਆਸੀ ਕੱਦ ਵਧਿਆ ਉਥੇ ਸੰਸਦ ਮੈਂਬਰ ਚੌਧਰੀ ਦਾ ਦਾਅ  ਉਲਟਾ ਪੈ ਗਿਆ। ਇਸ ਕਾਂਡ ਤੋਂ ਬਾਅਦ ਉਨ੍ਹਾਂ ਦੀ ਕਾਫੀ ਕਿਰਕਿਰੀ ਹੋਈ।


Shyna

Content Editor

Related News