ਉਮੀਦਵਾਰੀ ਦੇ ਦਾਅਵੇਦਾਰਾਂ ਦੀ ਦੂਸਰੇ ਦਿਨ ਵੀ ਲੱਗੀ ਰਹੀ ਭੀੜ

Wednesday, Nov 29, 2017 - 03:57 AM (IST)

ਅੰਮ੍ਰਿਤਸਰ,  (ਮਹਿੰਦਰ)-  ਨਿਗਮ ਚੋਣਾਂ ਨੂੰ ਲੈ ਕੇ ਹੋਣ ਵਾਲੇ ਨੋਟੀਫਿਕੇਸ਼ਨ ਦੇ ਜਿਵੇਂ-ਜਿਵੇਂ ਦਿਨ ਨੇੜੇ ਆ ਰਹੇ ਹਨ, ਉਵੇਂ-ਉਵੇਂ ਵੱਖ-ਵੱਖ ਸਿਆਸੀ ਦਲਾਂ ਦੇ ਦਫਤਰਾਂ 'ਚ ਉਮੀਦਵਾਰੀ ਦੇ ਦਾਅਵੇਦਾਰਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਹੈ। ਸਾਰੇ ਇਕ ਦਿਨ ਪਹਿਲਾਂ ਸੋਮਵਾਰ ਨੂੰ ਸਥਾਨਕ ਭਾਜਪਾ ਦਫਤਰ ਖੰਨਾ ਸਮਾਰਕ ਵਿਚ ਚੋਣ ਟਿਕਟ ਹਾਸਲ ਕਰਨ ਦੇ ਇੱਛੁਕ 67 ਉਮੀਦਵਾਰਾਂ ਨੇ ਆਪਣੀਆਂ ਅਰਜ਼ੀਆਂ ਜਮ੍ਹਾ ਕਰਵਾਈਆਂ ਸਨ ਤੇ ਦੂਜੇ ਦਿਨ ਮੰਗਲਵਾਰ ਨੂੰ 53 ਹੋਰ ਪਾਰਟੀ ਵਰਕਰਾਂ ਨੇ ਉਮੀਦਵਾਰੀ ਲਈ ਅਰਜ਼ੀਆਂ ਜਮ੍ਹਾ ਕਰਵਾਈਆਂ ਹਨ। ਸਥਾਨਕ ਭਾਜਪਾ ਜ਼ਿਲਾ ਜਨਰਲ ਸਕੱਤਰ ਰਾਜੇਸ਼ ਕੰਧਾਰੀ ਨੇ ਦੱਸਿਆ ਕਿ ਹੁਣ ਤੱਕ ਭਾਜਪਾ ਦਫਤਰ ਵਿਚ ਕੁਲ 120 ਅਰਜ਼ੀਆਂ ਜਮ੍ਹਾ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਚੋਣ ਲੜਨ ਦਾ ਇੱਛੁਕ ਪਾਰਟੀ ਦਾ ਕੋਈ ਵੀ ਵਰਕਰ 30 ਨਵੰਬਰ ਤੱਕ ਆਪਣੀ ਅਰਜ਼ੀ ਭਾਜਪਾ ਦਫਤਰ ਖੰਨਾ ਸਮਾਰਕ ਵਿਚ ਜਮ੍ਹਾ ਕਰਵਾ ਸਕਦਾ ਹੈ।
ਇਸ ਮੌਕੇ ਭਾਜਪਾ ਜ਼ਿਲਾ ਪ੍ਰਧਾਨ ਰਾਜੇਸ਼ ਹਨੀ ਨੇ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਵਰਕਰਾਂ ਵੱਲੋਂ ਚੋਣ ਲੜਨ ਲਈ ਉਤਸ਼ਾਹ ਦਿਖਾਇਆ ਜਾ ਰਿਹਾ ਹੈ, ਉਸ ਨਾਲ ਇਹੀ ਪ੍ਰਮਾਣਿਤ ਹੁੰਦਾ ਹੈ ਕਿ ਨਿਗਮ ਚੋਣਾਂ ਨੂੰ ਲੈ ਕੇ ਹਰ ਪਾਸੇ ਭਾਜਪਾ ਦੀ ਲਹਿਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਮੌਜੂਦਾ ਸਰਕਾਰ ਹਰ ਮਾਮਲੇ ਵਿਚ ਫੇਲ ਸਾਬਿਤ ਹੋ ਰਹੀ ਹੈ। ਆਪਣੇ 9 ਮਹੀਨੇ ਦੇ ਕਾਰਜਕਾਲ ਵਿਚ ਕਾਂਗਰਸ ਪਾਰਟੀ ਚੋਣ ਵਾਅਦੇ ਅਨੁਸਾਰ ਨਾ ਤਾਂ ਕਿਤੇ ਵਿਕਾਸ ਕਾਰਜ ਕਰ ਰਹੀ ਹੈ, ਨਾ ਨੌਜਵਾਨਾਂ ਨੂੰ ਰੁਜ਼ਗਾਰ ਉਪਲਬਧ ਕਰਵਾ ਰਹੀ ਹੈ, ਨਾ ਉਨ੍ਹਾਂ ਨੂੰ ਬੇਰੁਜ਼ਗਾਰੀ ਭੱਤਾ ਤੇ ਸਮਾਰਟ ਫੋਨ ਹੀ ਉਪਲਬਧ ਕਰਵਾ ਸਕੀ ਹੈ।
ਕਿਸਾਨ ਕਰਜ਼ੇ ਤੋਂ ਦੁਖੀ ਹੋ ਕੇ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ, ਜਿਸ ਨੂੰ ਕੈਪਟਨ ਸਰਕਾਰ ਰੋਕਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਦਯੋਗਪਤੀਆਂ ਨੂੰ ਸਸਤੀ ਬਿਜਲੀ ਦੇਣ ਦਾ ਵਾਅਦਾ ਕਰਨ ਵਾਲੀ ਕਾਂਗਰਸ ਸਰਕਾਰ ਨੇ ਉਲਟਾ ਬਿਜਲੀ ਦੀਆਂ ਦਰਾਂ ਵਿਚ ਹੀ ਭਾਰੀ ਵਾਧਾ ਕਰ ਦਿੱਤਾ ਹੈ, ਜਿਸ ਕਾਰਨ ਸੂਬਾ ਸਰਕਾਰ ਪੰਜਾਬ ਵਿਚ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਨਾਲ ਗਵਾ ਚੁੱਕੀ ਹੈ, ਇਸ ਲਈ ਆਗਾਮੀ ਨਿਗਮ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਚੋਣ ਵਾਅਦਿਆਂ ਤੋਂ ਪਿੱਛੇ ਹਟਣ ਦਾ ਖਮਿਆਜ਼ਾ ਭੁਗਤਣਾ ਪਵੇਗਾ। ਹਨੀ ਨੇ ਦਾਅਵਾ ਕੀਤਾ ਕਿ ਆਗਾਮੀ ਨਿਗਮ ਚੋਣਾਂ 'ਚ ਸਾਰੇ ਸੂਬੇ ਵਿਚ ਭਾਜਪਾ ਦਾ ਹੀ ਝੰਡਾ ਲਹਿਰਾਏਗਾ ਅਤੇ ਅੰਮ੍ਰਿਤਸਰ ਵਿਚ ਸਥਾਨਕ ਭਾਜਪਾ ਲਗਾਤਾਰ ਤੀਸਰੀ ਵਾਰ ਆਪਣਾ ਮੇਅਰ ਬਣਾਏਗੀ।
ਇਹ ਲੋਕ ਵੀ ਸਨ ਮੌਜੂਦ
ਇਸ ਮੌਕੇ ਸਾਬਕਾ ਸਿਹਤ ਮੰਤਰੀ ਡਾ. ਬਲਦੇਵ ਰਾਜ ਚਾਵਲਾ, ਸੂਬਾ ਸਕੱਤਰ ਜੈਸ਼੍ਰੀ ਗੁਲਾਟੀ, ਸਾਬਕਾ ਚੇਅਰਪਰਸਨ ਰੀਨਾ ਜੇਤਲੀ, ਰਾਹੁਲ ਮਹੇਸ਼ਵਰੀ, ਸਾਹਿਲ ਸ਼ਰਮਾ, ਸੰਜੇ ਕੁੰਦਰਾ, ਮਨੂ ਗਰੋਵਰ, ਆਸ਼ੀਸ਼ ਚੋਪੜਾ, ਡਾ. ਰਾਮ ਚਾਵਲਾ, ਸਲਿਲ ਕਪੂਰ ਤੇ ਆਸ਼ੀਸ਼ ਮਹਾਜਨ ਵੀ ਮੌਜੂਦ ਸਨ।


Related News