ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

Friday, Feb 05, 2021 - 02:25 PM (IST)

ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

ਜਲੰਧਰ (ਸੁਧੀਰ)– ਪੜ੍ਹਾਈ ਦੇ ਤੌਰ ’ਤੇ ਕੈਨੇਡਾ ਜਾਣ ਦੇ ਇੱਛੁਕ ਭਾਰਤੀ ਵਿਦਿਆਰਥੀਆਂ ਨੂੰ ਹੁਣ ਬਿਨੈ-ਪੱਤਰ ਜਮ੍ਹਾ ਕਰਵਾਉਣ ਤੋਂ ਬਾਅਦ ਕਰੀਬ 4 ਤੋਂ 6 ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪਵੇਗਾ। ਕੈਨੇਡਾ ਸਰਕਾਰ ਨੇ ਕੋਵਿਡ-19 ਕਾਰਨ ਵੀਜ਼ਾ ਨਿਯਮਾਂ ’ਚ ਇਕ ਵਾਰ ਫਿਰ ਬਦਲਾਅ ਕੀਤਾ ਹੈ, ਜਿਸ ’ਚ ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਸਿਰਫ਼ 4 ਏਅਰਪੋਰਟਾਂ (ਵੈਨਕੂਵਰ, ਟੋਰਾਂਟੋ, ਕੈਲਗਰੀ, ਮਾਂਟਰੀਅਲ) ’ਤੇ ਹੀ ਲੈਂਡਿੰਗ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਹੀ ਕੈਨੇਡਾ ਪਹੁੰਚਣ ਵਾਲੇ ਹਰ ਵਿਦਿਆਰਥੀ ਨੂੰ ਏਅਰਪੋਰਟ ’ਤੇ ਹੀ ਆਪਣਾ ਕੋਰੋਨਾ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ।

ਕੋਰੋਨਾ ਟੈਸਟ ਦੇ ਬਾਅਦ ਸਰਕਾਰ ਵੱਲੋਂ ਤੈਅ ਸਥਾਨ ’ਤੇ ਬਿਤਾਉਣੇ ਪੈਣਗੇ ਤਿੰਨ ਦਿਨ
ਵੀਜ਼ਾ ਮਾਹਿਰ ਗੁਰਿੰਦਰ ਭੱਟੀ ਨੇ ਦੱਸਿਆ ਕਿ ਨਵੇਂ ਨਿਯਮਾਂ ਤਹਿਤ ਕੈਨੇਡਾ ਪਹੁੰਚਣ ਵਾਲੇ ਹਰੇਕ ਵਿਦਿਆਰਥੀ ਨੂੰ ਸਰਕਾਰ ਵੱਲੋਂ ਤੈਅ ਕੀਤੇ ਗਏ ਸਥਾਨ ’ਤੇ ਕਰੀਬ 3 ਦਿਨ ਬਿਤਾਉਣੇ ਪੈਣਗੇ। 3 ਦਿਨਾਂ ਬਾਅਦ ਵਿਦਿਆਰਥੀ ਦੀ ਕੋਰੋਨਾ ਰਿਪੋਰਟ ਆਵੇਗੀ। ਜੇ ਰਿਪੋਰਟ ਨੈਗੇਟਿਵ ਆਈ ਤਾਂ ਬਾਕੀ ਦੇ 11 ਦਿਨ ਵਿਦਿਆਰਥੀ ਆਪਣੇ ਘਰ ਪਹੁੰਚ ਕੇ ਕੁਆਰੰਟਾਈਨ ਹੋ ਸਕਦਾ ਹੈ। ਜੇ ਰਿਪੋਰਟ ਪਾਜ਼ੇਟਿਵ ਆਈ ਤਾਂ ਸਰਕਾਰ ਵੱਲੋਂ ਤੈਅ ਕੀਤੇ ਗਏ ਸਥਾਨ ’ਤੇ ਹੀ ਵਿਦਿਆਰਥੀ ਨੂੰ 14 ਦਿਨ ਕੁਆਰੰਟਾਈਨ ਹੋਣਾ ਪਵੇਗਾ। ਉਨ੍ਹਾਂ ਨੇ ਦੱਸਿਆ ਕਿ ਕੋਵਿਡ-19 ਕਾਰਣ ਭਾਰੀ ਗਿਣਤੀ ਵਿਚ ਅੰਬੈਸੀ ’ਚ ਵਿਦਿਆਰਥੀਆਂ ਦੇ ਬਿਨੈ-ਪੱਤਰਾਂ ਦੇ ਰਿਜ਼ਲਟ ਪੈਂਡਿੰਗ ਹਨ। ਅੱਜ ਹਰ ਕੋਈ ਵਿਦਿਆਰਥੀ ਵਿਦੇਸ਼ ਜਾਣ ਨੂੰ ਲੈ ਕੇ ਕਨਫਿਊਜ਼ ਹੈ ਕਿ ਉਹ ਕਿਹੜੇ ਇੰਟੇਕ ਵਿਚ ਅਪਲਾਈ ਕਰੇ।

 

ਇਹ ਵੀ ਪੜ੍ਹੋ : ਸੰਘਰਸ਼ ’ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਪ੍ਰਵਾਸੀ ਭਾਰਤੀਆਂ ਦਾ ਵਿਸ਼ੇਸ਼ ਉਪਰਾਲਾ

PunjabKesari

ਭੱਟੀ ਨੇ ਦੱਸਿਆ ਕਿ 15 ਜੁਲਾਈ 2020 ਨੂੰ ਕੈਨੇਡਾ ਸਰਕਾਰ ਨੇ ਕੋਵਿਡ-19 ਤਹਿਤ ਵੀਜ਼ਾ ਨਿਯਮਾਂ ’ਚ ਬਦਲਾਅ ਕਰਦੇ ਹੋਏ 2 ਸਟੈੱਪ ਵੀਜ਼ਾ ਨਿਯਮਾਂ ਦਾ ਐਲਾਨ ਕੀਤਾ ਸੀ, ਜਿਨ੍ਹਾਂ ’ਚ 15 ਸਤੰਬਰ 2020 ਤਕ ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀ ਆਪਣਾ ਬਿਨੈ-ਪੱਤਰ ਆਨਲਾਈਨ ਦੇ ਸਕਦੇ ਸਨ, ਜਿਸ ’ਚ ਦਸਤਾਵੇਜ਼ਾਂ ਦੀ ਪੂਰੀ ਜਾਂਚ ਹੋਣ ਤੋਂ ਬਾਅਦ ਵਿਦਿਆਰਥੀ ਨੂੰ ਪਹਿਲੇ ਸਟੈੱਪ ’ਚ (ਏ. ਆਈ. ਪੀ.) ਜਾਰੀ ਕੀਤੀ ਜਾਂਦੀ ਸੀ, ਜਿਸ ਤੋਂ ਬਾਅਦ ਵਿਦਿਆਰਥੀ ਵਿਦੇਸ਼ ਦੇ ਕਾਲਜ ਜਾਂ ਯੂਨੀਵਰਸਿਟੀਜ਼ ਵਿਚ ਆਨਲਾਈਨ ਪੜ੍ਹਾਈ ਕਰ ਸਕਦਾ ਸੀ।
 

ਇਸ ਤੋਂ ਬਾਅਦ ਦੂਸਰੇ ਸਟੈੱਪ ਵਿਚ ਵਿਦਿਆਰਥੀ ਦੇ ਫਿੰਗਰ ਪ੍ਰਿੰਟ ਅਤੇ ਮੈਡੀਕਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਅੰਬੈਸੀ ਵੱਲੋਂ ਵੀਜ਼ਾ ਦਿੱਤੇ ਜਾਣ ਦੇ ਨਿਯਮ ਲਾਗੂ ਕੀਤੇ ਗਏ ਸਨ, ਜਿਸ ਕਾਰਨ ਪੰਜਾਬ ਦੇ ਸੈਂਕੜੇ ਵਿਦਿਆਰਥੀਆਂ ਨੇ ਆਪਣੇ ਆਨਲਾਈਨ ਵੀਜ਼ਾ ਬਿਨੈ-ਪੱਤਰ ਅਪਲਾਈ ਕੀਤੇ, ਜਿਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਵੀਜ਼ਾ ਨਿਯਮਾਂ ’ਚ ਇਕ ਵਾਰ ਫਿਰ ਬਦਲਾਅ ਕਰਦੇ ਹੋਏ ਵਿਦਿਆਰਥੀਆਂ ਨੂੰ ਆਨਲਾਈਨ ਬਿਨੈ-ਪੱਤਰ ਅਪਲਾਈ ਕਰਨ ਦੌਰਾਨ ਬਿਨਾਂ ਏ. ਆਈ. ਪੀ. ਦੇ ਹੀ ਆਨਲਾਈਨ ਪੜ੍ਹਾਈ ਕਰਨ ਦੇ ਨਿਯਮ ਲਾਗੂ ਕੀਤੇ, ਜਿਸ ਗੱਲ ਦਾ ਪੰਜਾਬ ਵਿਚ ਕਈ ਟਰੈਵਲ ਏਜੰਟਾਂ ਨੇ ਖੂਬ ਫਾਇਦਾ ਉਠਾਇਆ ਅਤੇ ਵਿਦਿਆਰਥੀਆਂ ਨੂੰ ਆਨਲਾਈਨ ਸਟੱਡੀ ਦੇ ਨਾਂ ’ਤੇ ਕਈ ਪ੍ਰਾਈਵੇਟ ਕਾਲਜਾਂ ਵਿਚ ਦਾਖ਼ਲਾ ਦਿਵਾ ਕੇ ਆਪਣੀਆਂ ਜੇਬਾਂ ਗਰਮ ਕਰ ਲਈਆਂ।

ਇਹ ਵੀ ਪੜ੍ਹੋ : ਭੋਗਪੁਰ ਵਿਖੇ ਵਿਆਹ ਦੀ ਜਾਗੋ ’ਚ ਚੱਲੀਆਂ ਗੋਲੀਆਂ, ਫੈਲੀ ਦਹਿਸ਼ਤ

ਕੁਆਰੰਟਾਈਨ ਨਿਯਮਾਂ ਦੀ ਉਲੰਘਣਾ ਕਰਨ ’ਤੇ ਵਿਦਿਆਰਥੀ ਨੂੰ ਹੋ ਸਕਦੈ ਸਾਢੇ 7 ਲੱਖ ਡਾਲਰ ਜੁਰਮਾਨਾ 
ਇਮੀਗ੍ਰੇਸ਼ਨ ਇੰਡਸਟਰੀ ਦੇ ਵੀਜ਼ਾ ਮਾਹਿਰ ਗੁਰਿੰਦਰ ਭੱਟੀ ਨੇ ਦੱਸਿਆ ਕਿ ਕੋਵਿਡ-19 ਤਹਿਤ ਕੈਨੇਡਾ ਸਰਕਾਰ ਨੇ ਲੋਕਾਂ ਦੀ ਸੁਰੱਖਿਆ ਲਈ ਸਖਤ ਨਿਯਮ ਲਾਗੂ ਕੀਤੇ ਹਨ। ਕੈਨੇਡਾ ਪਹੁੰਚਣ ’ਤੇ ਵਿਦਿਆਰਥੀ ਨੂੰ ਕੋਵਿਡ ਟੈਸਟ ਦੇ ਨਾਲ ਹੀ 14 ਦਿਨ ਕੁਆਰੰਟਾਈਨ ਹੋਣਾ ਜ਼ਰੂਰੀ ਹੋਵੇਗਾ। ਕੁਆਰੰਟਾਈਨ ਦਾ ਮਤਲਬ ਸਰਕਾਰ ਵੱਲੋਂ ਤੈਅ ਕੀਤੇ ਗਏ ਸਥਾਨ ’ਤੇ ਸਿਰਫ਼ 1 ਕਮਰੇ ’ਚ ਕੁਆਰੰਟਾਈਨ। ਉਨ੍ਹਾਂ ਨੇ ਦੱਸਿਆ ਕਿ ਜੇ ਕੋਈ ਵੀ ਵਿਦਿਆਰਥੀ ਕੋਵਿਡ ਨਿਯਮਾਂ ਦੀ ਉਲੰਘਣਾ ਕਰਦਾ ਫੜਿਆ ਗਿਆ ਤਾਂ ਸਰਕਾਰ ਵੱਲੋਂ ਵਿਦਿਆਰਥੀ ਨੂੰ ਕਰੀਬ ਸਾਢੇ 7 ਲੱਖ ਡਾਲਰ ਜੁਰਮਾਨਾ, 6 ਮਹੀਨੇ ਦੀ ਕੈਦ ਜਾਂ ਸਰਕਾਰ ਵੱਲੋਂ ਉਸ ਨੂੰ ਭਾਰਤ ਡਿਪੋਰਟ ਕਰਨ ਦੇ ਨਾਲ-ਨਾਲ ਕਾਲਜ ਅਤੇ ਯੂਨੀਵਰਸਿਟੀ ਨੂੰ ਵੀ ਭਾਰੀ ਜੁਰਮਾਨਾ ਅਤੇ ਨਾਲ ਹੀ ਉਨ੍ਹਾਂ ਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕੈਨੇਡਾ ਜਾਣ ਦੇ ਇੱਛੁਕ ਟਰੈਵਲ ਕਰਨ ਤੋਂ ਪਹਿਲਾਂ ਭਾਰਤ ’ਚ ਹੀ 48 ਘੰਟੇ ਆਪਣਾ ਕੋਵਿਡ ਟੈਸਟ ਜ਼ਰੂਰ ਕਰਵਾ ਕੇ ਜਾਣ, ਤਾਂਕਿ ਉਨ੍ਹਾਂ ਨੂੰ ਉਥੇ ਪਹੁੰਚ ਕੇ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਟਰੈਵਲ ਦੌਰਾਨ 2 ਹਜ਼ਾਰ ਡਾਲਰ ਵੀ ਨਾਲ ਲਿਜਾਣੇ ਹੋਣਗੇ ਜ਼ਰੂਰੀ
ਨਵੇਂ ਨਿਯਮਾਂ ਤਹਿਤ ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਨੂੰ ਹੁਣ ਟਰੈਵਲਿੰਗ ਦੌਰਾਨ 2 ਹਜ਼ਾਰ ਡਾਲਰ ਵੀ ਨਾਲ ਲਿਜਾਣੇ ਜ਼ਰੂਰੀ ਹੋਣਗੇ, ਜਿਸ ਨੂੰ ਵਿਦਿਆਰਥੀ ਦੇ ਕੋਵਿਡ ਟੈਸਟ ਅਤੇ ਉਸ ਦੇ ਕੁਆਰੰਟਾਈਨ ਦਾ ਖ਼ਰਚਾ ਦੱਸਿਆ ਜਾ ਰਿਹਾ ਹੈ, ਤਾਂ ਕਿ ਜੇਕਰ ਵਿਦਿਆਰਥੀ ਦੀ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਸਰਕਾਰ ਵੱਲੋਂ ਤੈਅ ਕੀਤੇ ਗਏ ਸਥਾਨ ’ਤੇ ਹੀ ਵਿਦਿਆਰਥੀ ਦੇ ਕੋਲ ਓਨੇ ਦਿਨ ਬਿਤਾਉਣ ਲਈ ਕਰੀਬ 2 ਹਜ਼ਾਰ ਡਾਲਰ ਹੋਣੇ ਚਾਹੀਦੇ ਹਨ।

ਇਹ ਵੀ ਪੜ੍ਹੋ :  ਅੰਮ੍ਰਿਤਸਰ ਵਿਚ ਡਿਊਟੀ ਦੌਰਾਨ ਗੋਲੀ ਲੱਗਣ ਨਾਲ ਏ. ਐੱਸ. ਆਈ. ਦੀ ਮੌਤ

ਅੰਬੈਸੀ ’ਚ ਪੈਂਡਿੰਗ ਪਈਆਂ ਭਾਰੀ ਤਾਦਾਦ ’ਚ ਫਾਈਲਾਂ
ਭੱਟੀ ਨੇ ਦੱਸਿਆ ਕਿ ਕੋਵਿਡ-19 ਕਾਰਣ ਭਾਰਤੀ ਵਿਦਿਆਰਥੀਆਂ ਦੀਆਂ ਭਾਰੀ ਤਾਦਾਦ ’ਚ ਫਾਈਲਾਂ ਅਜੇ ਵੀ ਅੰਬੈਸੀ ’ਚ ਪੈਂਡਿੰਗ ਪਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ 2019 ਵਿਚ 12ਵੀਂ ਪਾਸ ਕੀਤੀ ਸੀ, ਉਨ੍ਹਾਂ ਨੇ 2020 ਵਿਚ ਕੈਨੇਡਾ ਪੜ੍ਹਾਈ ਲਈ ਜਾਣਾ ਸੀ ਅਤੇ ਜਿਨ੍ਹਾਂ ਵਿਦਿਆਰਥੀਆਂ ਨੇ 2020 ਵਿਚ 12ਵੀਂ ਪਾਸ ਕੀਤੀ ਸੀ, ਉਨ੍ਹਾਂ ਨੇ ਵੀ 2020 ਇੰਟੇਕ ਲਈ ਕੈਨੇਡਾ ਜਾਣਾ ਸੀ ਪਰ ਕੋਵਿਡ-19 ਅਤੇ ਤਾਲਾਬੰਦੀ ਕਾਰਨ ਨਾ ਤਾਂ 2019 ਅਤੇ ਨਾ ਹੀ 2020 ਵਿਚ 12ਵੀਂ ਪਾਸ ਕਰਨ ਵਾਲੇ ਵਿਦਿਆਰਥੀ ਵਿਦੇਸ਼ ਜਾ ਸਕੇ।

ਇਹ ਵੀ ਪੜ੍ਹੋ :  ਟਾਂਡਾ ’ਚ ਸੈਰ ਕਰ ਰਹੇ ਜੋੜੇ ਨੂੰ ਲੁਟੇਰਿਆਂ ਨੇ ਪਾਇਆ ਘੇਰਾ, ਗੋਲੀ ਚਲਾ ਕੀਤੀ ਲੁੱਟਖੋਹ

ਉਨ੍ਹਾਂ ਦੱਸਿਆ ਕਿ 2021 ਵਿਚ 12ਵੀਂ ਦੀ ਮਾਰਚ-ਅਪ੍ਰੈਲ ਵਿਚ ਹੋਣ ਵਾਲੀ ਪ੍ਰੀਖਿਆ ਦੇ ਨਤੀਜੇ ਅਜੇ ਆਉਣੇ ਬਾਕੀ ਹਨ। ਕੋਵਿਡ-19 ਤਹਿਤ 3 ਸਾਲ ਵਿਦਿਆਰਥੀ ਵਿਦੇਸ਼ ਨਹੀਂ ਜਾ ਸਕੇ, ਜਿਸ ਕਾਰਨ ਵਿਦਿਆਰਥੀਆਂ ਦੀ ਕਤਾਰ ਬਹੁਤ ਲੰਬੀ ਹੋ ਗਈ ਹੈ। ਜਿਹੜੇ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਜਾਣਾ ਚਾਹੁੰਦੇ ਹਨ, ਉਹ ਅੱਜ ਵੀ ਸਤੰਬਰ ਇੰਟੇਕ ਲਈ ਅਪਲਾਈ ਕਰ ਸਕਦੇ ਹਨ। ਤਾਲਾਬੰਦੀ ਦੌਰਾਨ ਜਿਨ੍ਹਾਂ-ਜਿਨ੍ਹਾਂ ਵਿਦਿਆਰਥੀਆਂ ਨੇ ਆਨਲਾਈਨ ਅਪਲਾਈ ਕੀਤਾ ਸੀ, ਉਨ੍ਹਾਂ ਦੀ ਆਨਲਾਈਨ ਵੀਜ਼ਾ ਅਪਰੂਵਲ ਆਉਣੀ ਸ਼ੁਰੂ ਹੋ ਚੁੱਕੀ ਹੈ। ਜਿਨ੍ਹਾਂ ਵਿਦਿਆਰਥੀਆਂ ਦੇ ਵੀਜ਼ੇ ਆ ਚੁੱਕੇ ਹਨ, ਉਹ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਕੇ ਟਰੈਵਲ ਕਰ ਸਕਦੇ ਹਨ। 2021 ਜਨਵਰੀ ਦੀ ਸ਼ੁਰੂਆਤ ’ਚ ਕੈਨੇਡਾ ਸਰਕਾਰ ਨੇ ਅਰਜ਼ੀਆਂ ਦਾ ਪ੍ਰੋਸੈਸਿੰਗ ਟਾਈਮ 36 ਹਫਤੇ ਰੱਖਿਆ ਸੀ, 31 ਜਨਵਰੀ ਨੂੰ 23 ਹਫਤੇ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ 13 ਤੋਂ 14 ਹਫਤੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖਦਸ਼ਾ ਜ਼ਾਹਰ ਕੀਤਾ ਕਿ ਵੈਕਸੀਨੇਸ਼ਨ ਕੰਪਲੀਟ ਹੋਣ ’ਤੇ ਮਾਰਚ-ਅਪ੍ਰੈਲ ਤੱਕ ਸਟਾਫ ਪੂਰਾ ਹੋਣ ’ਤੇ ਵਿਦਿਆਰਥੀਆਂ ਦੇ ਪੈੰਡਿੰਗ ਰਿਜ਼ਲਟ ਵਿਚ ਤੇਜ਼ੀ ਆ ਸਕਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਿਦਿਆਰਥੀਆਂ ਨੇ (2019-2020) ’ਚ 12ਵੀਂ ਪਾਸ ਕੀਤੀ, ਉਨ੍ਹਾਂ ਦੇ ਆਈਲੈੱਟਸ ਵਿਚ 6 ਬੈਂਡ ਹਨ, ਉਹ ਸਤੰਬਰ ਇੰਟੇਕ ਲਈ ਹੁਣ ਵੀ ਅਪਲਾਈ ਕਰ ਸਕਦੇ ਹਨ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News