ਕੈਨੇਡਾ ਦੇ ਚੱਕਰ ''ਚ ਇੱਕ ਹੋਰ ਪੰਜਾਬੀ ਨਾਲ ਠੱਗੀ, 25 ਲੱਖ ਖ਼ਰਚ ਵਿਦੇਸ਼ ਭੇਜੀ ਕੁੜੀ ਨੇ ਮੁੜ ਨਾ ਲਈ ਸਾਰ
Friday, Mar 12, 2021 - 05:57 PM (IST)
ਦਿੜ੍ਹਬਾ ਮੰਡੀ (ਅਜੈ): ਆਪਣੇ ਬੱਚਿਆਂ ਦੇ ਸੁਨਿਹਰੇ ਭਵਿੱਖ ਨੂੰ ਲੈ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਚਾਹਤ ਰੱਖਣ ਵਾਲੇ ਅਨੇਕਾਂ ਹੀ ਭੋਲੇ-ਭਾਲੇ ਮਾਤਾ-ਪਿਤਾ ਅਕਸਰ ਹੀ ਚਾਲਾਕ ਕਿਸਮ ਦੇ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਠੱਗੀ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਦਿਮਾਗੀ ਤੌਰ ’ਤੇ ਪਰੇਸ਼ਾਨ ਹੋਣ ਦੇ ਨਾਲ-ਨਾਲ ਲੱਖਾਂ ਰੁਪਏ ਦਾ ਹਰਜਾਨਾ ਭੁਗਤਣਾ ਪੈਂਦਾ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਦਿੜ੍ਹਬਾ ਸ਼ਹਿਰ ਵਿਖੇ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: ਬਠਿੰਡਾ ’ਚ ਪੁੱਤ ਬਣਿਆ ਕਪੁੱਤ, ਜ਼ਮੀਨ ਦੇ ਲਾਲਚ 'ਚ ਮਾਂ ਨੂੰ ਦਿੱਤੀ ਦਰਦਨਾਕ ਮੌਤ
ਇਸ ਮਾਮਲੇ ਸਬੰਧੀ ਥਾਣਾ ਦਿੜ੍ਹਬਾ ਦੇ ਐੱਸ.ਐੱਚ.ਓ. ਪ੍ਰਤੀਕ ਜਿੰਦਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਵਿੰਦਰ ਕੁਮਾਰ ਪੁੱਤਰ ਸਿਵ ਪਾਲ ਵਾਸੀ ਦਿੜ੍ਹਬਾ ਨੇ ਜ਼ਿਲ੍ਹਾ ਪੁਲਸ ਮੁਖੀ ਸ੍ਰੀ ਵਿਵੇਕਸ਼ੀਲ ਸੋਨੀ ਕੋਲ ਦਰਖ਼ਾਸਤ ਦਿੱਤੀ ਸੀ ਕਿ ਮੈਂ ਆਪਣੇ ਮੁੰਡੇ ਸੌਰਵ ਸਿੰਗਲਾ ਨੂੰ ਵਿਦੇਸ਼ ਭੇਜਣਾ ਸੀ ਅਤੇ ਇਸ ਲਈ ਅਸੀਂ ਆਈਲੈਂਟਸ ਕੀਤੀ ਕੁੜੀ ਦੀ ਭਾਲ ਕਰ ਰਹੇ ਸੀ ਤਾਂ ਇਸੇ ਦੌਰਾਨ ਅਖਬਾਰ ਵਿੱਚ ਲੱਗੇ ਇੱਕ ਇਸ਼ਤਿਹਾਰ ਰਾਹੀਂ ਅਸੀਂ ਆਈਲੈਂਟਸ ਕੀਤੀ ਹੋਈ ਕੁੜੀ ਦੇ ਪਿਤਾ ਦਰਸ਼ਨ ਕੁਮਾਰ ਅਤੇ ਮਾਤਾ ਨੀਨਾ ਗਰਗ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਸਾਰੀ ਗੱਲਬਾਤ ਪੱਕੀ ਹੋ ਗਈ ਅਤੇ ਆਪਣੇ ਮੁੰਡੇ ਸੌਰਵ ਸਿੰਗਲਾ ਦਾ ਵਿਆਹ ਫਿਜਾ ਗਰਗ ਨਾਲ ਕਰਵਾ ਦਿੱਤੀ ਅਤੇ ਤੈਅ ਹੋਇਆ ਕਿ ਫਿਜਾ ਗਰਗ ਬਾਹਰਲੇ ਦੇਸ਼ ਜਾ ਕੇ ਮੁੰਡੇ ਨੂੰ ਆਪਣੇ ਕੋਲ ਬੁਲਾ ਲਵੇਗੀ।
ਇਹ ਵੀ ਪੜ੍ਹੋ: ਕਰਜ਼ੇ ਨੇ ਉਜਾੜਿਆ ਹੱਸਦਾ ਖੇਡਦਾ ਪਰਿਵਾਰ, ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਇਸ ਤੋ ਬਾਅਦ ਅਸੀਂ ਸਾਰਾ ਖਰਚਾ ਕਰਕੇ ਫਿਜਾ ਗਰਗ ਨੂੰ ਕੈਨੇਡਾ ਭੇਜ ਦਿੱਤਾ, ਪਰ ਫਿਜਾ ਗਰਗ ਨੇ ਕੁਝ ਮਹੀਨੇ ਬਾਅਦ ਮੇਰੇ ਲੜਕੇ ਨੂੰ ਆਪਣੇ ਕੋਲ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕੁੜੀ ਦੇ ਮਾਤਾ-ਪਿਤਾ ਨੇ ਵੀ ਸਾਨੂੰ ਕੋਈ ਰਾਹ ਨਾ ਦਿੱਤਾ। ਇਸ ਤਰ੍ਹਾਂ ਸਾਜਿਸ਼ ਕਰਕੇ ਕੁੜੀ ਫਿਜਾ ਗਰਗ, ਪਿਤਾ ਦਰਸ਼ਨ ਕੁਮਾਰ ਅਤੇ ਮਾਤਾ ਨੀਨਾ ਗਰਗ ਨੇ ਸਾਡੇ ਨਾਲ 25 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ। ਥਾਣਾ ਮੁੱਖੀ ਨੇ ਅੱਗੇ ਦੱਸਿਆ ਕਿ ਐੱਸ.ਐਸ.ਪੀ. ਸੰਗਰੂਰ ਦੇ ਹੁਕਮ ਅਨੁਸਾਰ ਕਾਰਵਾਈ ਕਰਦੇ ਹੋਏ ਕੁੜੀ ਫਿਜਾ ਗਰਗ, ਪਿਤਾ ਦਰਸ਼ਨ ਕੁਮਾਰ ਅਤੇ ਮਾਤਾ ਨੀਨਾ ਗਰਗ ਤੇ 406, 420, 120-ਬੀ ਤਹਿਤ ਮਾਮਲਾ ਦਰਜ ਕਰਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਵਿਆਹੁਤਾ ਧੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ, ਅੱਗ ਲਾ ਕੇ ਕੀਤੀ ਖ਼ੁਦਕੁਸ਼ੀ