ਕੈਨੇਡਾ ਦੇ ਸੁਫ਼ਨੇ ਵਿਖਾ ਲੁੱਟਿਆ ਮੁੰਡਾ, ਹੁਣ ਤੀਜਾ ਵਿਆਹ ਕਰਵਾਉਂਦੀ ਫੜੀ ਗਈ ਠੱਗ ਲਾੜੀ
Sunday, Sep 20, 2020 - 06:25 PM (IST)
ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਅਧੀਨ ਆਉਂਦੇ ਜਗਰਾਂਵ ਦੇ ਪਿੰਡ ਖਾੜੇ ਵਿਚ ਪੁਲਸ ਨੇ ਛਾਪਾਮਾਰੀ ਕਰਕੇ ਇਕ ਠੱਗ ਲਾੜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਉਸ ਦੇ ਪਹਿਲੇ ਪਤੀ ਦੇ ਪਿਤਾ ਪਿੰਡ ਤਲਵੰਡੀ ਮੱਲੀਆਂ ਦੇ ਬੇਅੰਤ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ। ਬੇਅੰਤ ਸਿੰਘ ਨੇ ਕਿਹਾ ਕਿ ਉਹ ਖੇਤੀ ਦਾ ਕੰਮ ਕਰਦੇ ਹਨ। ਉਸਦੇ ਕੋਲ ਕੰਬਾਈਨ 'ਤੇ ਤਰਸੇਮ ਸਿੰਘ ਚਾਲਕ ਨਿਵਾਸੀ ਗਾਲਿਬ ਰਣ ਸਿੰਘ (ਜਗਰਾਓਂ) ਲੱਗਾ ਹੋਇਆ ਸੀ, ਜਿਸ ਨੇ ਸਾਨੂੰ ਦੱਸਿਆ ਕਿ ਸਾਡੇ ਪਿੰਡ ਦੀ ਇਕ ਲੜਕੀ ਸਵਰਨਜੀਤ ਕੌਰ ਅਤੇ ਉਸਦੀ ਮਾਂ ਹਰਪਾਲ ਕੌਰ ਕੈਨੇਡਾ ਰਹਿੰਦੇ ਹਨ, ਜੇਕਰ ਤੂੰ ਆਪਣੇ ਬੇਟੇ ਗੁਰਭੇਜ ਸਿੰਘ ਨੂੰ ਕੈਨੇਡਾ ਭੇਜਣਾ ਹੈ ਤਾਂ ਗੱਲ ਕਰ ਲੈਂਦੇ ਹਾਂ, ਜਿਸ 'ਤੇ ਅਸੀਂ ਕੁੜੀ ਅਤੇ ਉਸਦੀ ਮਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਬੇਟੇ ਨੂੰ ਵਿਆਹ ਕਰਵਾ ਕੇ ਕੈਨੇਡਾ ਪੱਕੇ ਤੌਰ 'ਤੇ ਲੈ ਜਾਵਾਂਗੀ ਅਤੇ ਉਸਨੇ 35 ਲੱਖ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ 20 ਲੱਖ ਰੁਪਏ ਪਹਿਲਾਂ ਲਵਾਂਗੇ ਅਤੇ ਬਾਕੀ 15 ਲੱਖ ਰੁਪਏ ਲੜਕੇ ਦੇ ਕੈਨੇਡਾ ਪਹੁੰਚਣ 'ਤੇ ਲਵਾਂਗੇ, ਜਿਸ 'ਤੇ ਸਾਡੀ ਗੱਲਬਾਤ ਤੈਅ ਹੋ ਗਈ ਅਤੇ ਅਸੀਂ ਆਪਣੇ ਬੇਟੇ ਗੁਰਭੇਜ ਸਿੰਘ ਦਾ ਵਿਆਹ ਸਵਰਨਜੀਤ ਕੌਰ ਨਿਵਾਸੀ ਗਾਲਿਬ ਰਣ ਸਿੰਘ (ਜਗਰਾਓਂ) ਹਾਲ ਕੈਨੇਡਾ ਨਾਲ ਨਵੰਬਰ 2010 ਵਿਚ ਵਿਕਟੋਰੀਆ ਪੈਲੇਸ ਜਗਰਾਓਂ ਵਿਚ ਕੀਤਾ।
ਇਹ ਵੀ ਪੜ੍ਹੋ : ਹਰਸਿਮਰਤ ਦੇ ਅਸਤੀਫ਼ੇ 'ਤੇ ਪ੍ਰਕਾਸ਼ ਸਿੰਘ ਬਾਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ
ਅਸੀਂ ਕੁੜੀ ਵਾਲਿਆਂ ਨੂੰ 20 ਲੱਖ ਰੁਪਏ ਨਕਦ ਦੇ ਦਿੱਤੇ, ਵਿਆਹ ਤੋਂ ਬਾਅਦ ਸਵਰਨਜੀਤ ਕੌਰ ਕੈਨੇਡਾ ਵਾਪਸ ਚਲੀ ਗਈ ਪਰ ਉਸਨੇ ਉਥੇ ਜਾ ਕੇ ਨਾ ਤਾਂ ਮੇਰੇ ਬੇਟੇ ਨੂੰ ਬੁਲਾਇਆ ਅਤੇ ਨਾ ਹੀ ਕੋਈ ਗੱਲ ਸੁਣੀ। ਅਸੀਂ ਕਈ ਵਾਰ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਅੰਬੈਂਸੀ ਵਲੋਂ ਫਾਈਲ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਪਹਿਲਾਂ ਵੀ ਸਵਰਨਜੀਤ ਕੌਰ ਦਾ ਵਿਆਹ ਹੋ ਚੁੱਕਿਆ ਸੀ। ਅਸੀਂ ਪੰਚਾਇਤ ਦੇ ਰਾਹੀਂ ਮਾਂ-ਧੀ ਨਾਲ ਗੱਲਬਾਤ ਕੀਤੀ ਕਿ ਜੇਕਰ ਕੰਮ ਨਹੀਂ ਬਣਦਾ ਤਾਂ ਸਾਡੇ ਪੈਸੇ ਵਾਪਸ ਕਰ ਦਿਉ ਪਰ ਉਨ੍ਹਾਂ ਨਾ ਤਾਂ ਸਾਡੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਮੇਰੇ ਬੇਟੇ ਨੂੰ ਕੈਨੇਡਾ ਬੁਲਾਇਆ। ਇਸ ਤਰ੍ਹਾਂ ਮਾਂ-ਧੀ ਨੇ ਮਿਲੀਭੁਗਤ ਕਰ ਕੇ ਸਾਡੇ ਨਾਲ 20 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਇਨਸਾਫ਼ ਦਿਵਾਉਣ 'ਚ ਨਾਕਾਮ ਰਹੀ, ਮੈਨੂੰ ਮੁਆਫ਼ ਕਰ ਦਿਓ : ਹਰਸਿਮਰਤ
ਡੇਢ ਮਹੀਨੇ ਪਹਿਲਾਂ ਪਤਾ ਲੱਗਾ ਸਵਰਨਜੀਤ ਕੌਰ ਤੀਜਾ ਵਿਆਹ ਕਰ ਰਹੀ ਹੈ
ਸ਼ਿਕਾਇਤਕਰਤਾ ਨੇ ਦੱਸਿਆ ਕਿ ਡੇਢ ਮਹੀਨਾ ਪਹਿਲਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਵਰਨਜੀਤ ਕੌਰ ਪੰਜਾਬ ਆਈ ਹੈ। ਉਨ੍ਹਾਂ ਨੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦੇਣ ਦੇ ਨਾਲ-ਨਾਲ ਜਗਰਾਂਵ ਦੇ ਪਿੰਡ ਖਾੜੇ ਨਿਵਾਸੀ ਨੌਜਵਾਨ ਨੂੰ ਫਰਾਡ ਜਨਾਨੀ ਨਾਲ ਵਿਆਹ ਨਾ ਕਰਵਾਉਣ ਦੀ ਸਲਾਹ ਦਿੱਤੀ ਸੀ ਪਰ ਉਸ ਨੇ ਫਿਰ ਵੀ ਕਰ ਲਿਆ। ਜਿਸ 'ਤੇ ਅਸੀਂ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਸ਼ਿਕਾਇਤ ਪੱਤਰ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ।
ਇਹ ਵੀ ਪੜ੍ਹੋ : 'ਆਪ' ਦੇ ਚਾਰ ਬਾਗੀ ਵਿਧਾਇਕਾਂ ਨੇ ਘੜੀ ਨਵੀਂ ਵਿਉਂਤ, ਲਿਆ ਵੱਡਾ ਫ਼ੈਸਲਾ
ਕੀ ਹੋਈ ਪੁਲਸ ਕਾਰਵਾਈ
ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਡੀ. ਐੱਸ. ਪੀ. ਧਰਮਕੋਟ ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਤੋਂ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਸਵਰਨਜੀਤ ਕੌਰ ਪੁੱਤਰੀ ਸਵ. ਕਰਤਾਰ ਸਿੰਘ ਅਤੇ ਉਸਦੀ ਮਾਂ ਹਰਪਾਲ ਕੌਰ ਖ਼ਿਲਾਫ਼ ਥਾਣਾ ਅਜੀਤਵਾਲ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਦੋਸ਼ੀ ਸਵਰਨਜੀਤ ਕੌਰ ਨੂੰ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਪੁੱਛ-ਗਿੱਛ ਦੇ ਬਾਅਦ ਦੋਸ਼ਣ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਜਦਕਿ ਉਸਦੀ ਮਾਂ ਕੈਨੇਡਾ ਵਿਚ ਹੋਣ ਕਾਰਣ ਕਾਬੂ ਨਹੀਂ ਆ ਸਕੀ।
ਇਹ ਵੀ ਪੜ੍ਹੋ : ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ 'ਤੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਵੱਡਾ ਬਿਆਨ