ਕੈਨੇਡਾ ਭੇਜਣ ਦੇ ਨਾਮ ''ਤੇ ਐਨ.ਆਰ.ਆਈ ਨਾਲ ਪੰਜ ਲੱਖ ਦੀ ਠੱਗੀ

03/30/2018 5:34:00 PM

ਮੋਗਾ (ਅਜ਼ਾਦ) : ਮੋਗਾ ਜ਼ਿਲੇ ਦੇ ਪਿੰਡ ਕਾਲੀਏ ਵਾਲਾ ਨਿਵਾਸੀ ਐੱਨ.ਆਰ.ਆਈ. ਅਵਤਾਰ ਸਿੰਘ ਨੇ ਟਰੈਵਲ ਏਜੰਟ ਮਾਂ-ਪੁੱਤਰ 'ਤੇ ਉਸ ਦੇ ਪੋਤਰੇ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ ਪੰਜ ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਅਤੇ ਥਾਣਾ ਐੱਨ.ਆਰ.ਆਈ. ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਅਵਤਾਰ ਸਿੰਘ ਪੁੱਤਰ ਕਰਤਾਰ ਸਿੰਘ ਨੇ ਕਿਹਾ ਕਿ ਉਹ ਪਰਿਵਾਰ ਸਮੇਤ ਬੀਤੇ 23 ਸਾਲਾ ਤੋਂ ਕੈਨੇਡਾ ਰਹਿ ਰਹੀ ਹੈ। ਕਥਿਤ ਦੋਸ਼ੀ ਟਰੈਵਲ ਏਜੰਟ ਰਜਿੰਦਰ ਕੌਰ ਅਤੇ ਉਸਦਾ ਪੁੱਤਰ ਪ੍ਰਿੰਸ ਚੋਪੜਾ ਨਿਵਾਸੀ ਵਿਸ਼ਣੂ ਗਾਰਡਨ ਨਵੀਂ ਦਿੱਲੀ ਅਕਸਰ ਮੈਂਨੂੰ ਦਿੱਲੀ ਮਿਲਦੇ ਰਹਿੰਦੇ ਸਨ, ਕਿਉਂਕਿ ਮੇਰਾ ਫਲੈਟ ਵੀ ਉਨ੍ਹਾਂ ਦੇ ਫਲੈਟ ਦੇ ਕੋਲ ਹੈ। ਉਨ੍ਹਾਂ ਮੈਨੂੰ ਕਿਹਾ ਕੀ ਅਸੀਂ ਵਿਦੇਸ਼ ਭੇਜਣ ਦਾ ਕੰਮ ਕਰਦੇ ਹਾਂ, ਜਿਸ 'ਤੇ ਮੈਂ ਸਾਲ 2015 'ਚ ਇੰਨਾਂ ਨਾਲ ਗੱਲਬਾਤ ਕੀਤੀ ਕਿ ਮੇਰਾ ਪੋਤਰਾ ਹਰਜੀਤ ਸਿੰਘ ਉਰਫ ਗੋਗੀ ਪੁੱਤਰ ਜਗਜੀਤ ਸਿੰਘ ਨਿਵਾਸੀ ਪਿੰਡ ਕਾਲੀਏ ਵਾਲਾ ਮੋਗਾ ਰਹਿੰਦਾ ਹੈ, ਉਸ ਨੂੰ ਕੈਨੇਡਾ ਭੇਜਣਾ ਹੈ। ਕਥਿਤ ਦੋਸ਼ੀਆਂ ਨੇ ਕਿਹਾ ਕਿ 10 ਲੱਖ ਰੁਪਏ ਖਰਚਾ ਆਵੇਗਾ, ਜਿਸ 'ਤੇ ਮੈਂ ਉਨ੍ਹਾਂ ਦੇ ਝਾਂਸੇ ਵਿਚ ਆ ਗਈ ਅਤੇ ਉਕਤ ਮਾਂ ਪੁੱਤਰ ਸਾਡੇ ਪਿੰਡ ਕਾਲੀਏ ਵਾਲਾ ਆ ਕੇ ਕੈਨੇਡਾ ਦਾ ਵੀਜ਼ਾ ਲਗਵਾਉਣ ਦੇ ਦਸਤਾਵੇਜ਼ ਤਿਆਰ ਕਰਨ ਲਈ ਪੰਜ ਲੱਖ ਰੁਪਏ ਨਕਦ ਲੈ ਗਏ, ਪਰ ਉਨ੍ਹਾਂ ਨਾ ਤਾਂ ਮੇਰੇ ਪੋਤਰੇ ਦਾ ਵੀਜ਼ਾ ਲਗਵਾਇਆ ਅਤੇ ਨਾ ਹੀ ਮੇਰੇ ਪੋਤਰੇ ਨੂੰ ਵਿਦੇਸ਼ ਭੇਜਿਆ। ਇਸ ਤਰ੍ਹਾਂ ਸਾਡੇ ਨਾਲ ਪੰਜ ਲੱਖ ਰੁਪਏ ਦਾ ਧੋਖਾ ਹੋਇਆ ਹੈ।
ਕੀ ਹੋਈ ਪੁਲਸ ਕਾਰਵਾਈ
ਉਕਤ ਮਾਮਲੇ ਦੀ ਜਾਂਚ ਅੰਗਰੇਜ਼ ਸਿੰਘ ਰੰਧਾਵਾਂ ਸੰਯੁਕਤ ਡਾਇਰੈਕਟਰ ਕਰਾਈਮ ਬਾਂ੍ਰਚ ਅਤੇ ਆਈ. ਜੀ. ਐਨ. ਆਰ. ਆਈ. ਪੰਜਾਬ ਵਲੋਂ ਏ.ਆਈ.ਜੀ. ਐਨ.ਆਰ.ਆਈ ਲੁਧਿਆਣਾ ਤੋਂ ਕਰਵਾਈ ਗਈ। ਜਾਂਚ ਸਮੇਂ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ਤੇ ਕਥਿਤ ਦੋਸ਼ੀ ਮਾਂ-ਪੁੱਤਰ ਖਿਲਾਫ ਥਾਣਾ ਸਦਰ ਮੋਗਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


Related News