ਸਪੀਕਰ ਕੁਲਤਾਰ ਸੰਧਵਾਂ ਦੀ ਆਵਾਜ਼ ''ਚ ਕੀਤਾ ਫੋਨ, ਮੰਗੇ 27 ਹਜ਼ਾਰ, ਅਖ਼ੀਰ ਪੁਲਸ ਨੇ ਇੰਝ ਚੁੱਕਿਆ
Tuesday, Jul 09, 2024 - 03:00 PM (IST)
ਫ਼ਰੀਦਕੋਟ : ਕੋਟਕਪੂਰਾ ਦੇ ਇੱਕ ਵਪਾਰੀ ਨੂੰ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਆਵਾਜ਼ 'ਚ ਫੋਨ ਕਰਕੇ 27 ਹਜ਼ਾਰ ਰੁਪਏ ਦੀ ਮੰਗ ਕਰਨ ਵਾਲੇ 2 ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਮੁਲਜ਼ਮ ਹੁਸ਼ਿਆਰਪੁਰ ਜੇਲ੍ਹ 'ਚ ਬੰਦ ਸਨ ਅਤੇ ਉਨ੍ਹਾਂ ਵੱਲੋਂ ਉਥੋਂ ਫੋਨ ਕਰਕੇ ਇਸ ਧੋਖਾਧੜੀ ਨੂੰ ਅੰਜਾਮ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ 28 ਜੂਨ ਨੂੰ ਕੋਟਕਪੂਰਾ ਦੇ ਕਾਰੋਬਾਰੀ ਰਾਜਨ ਕੁਮਾਰ ਜੈਨ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਵਟਸਐਪ 'ਤੇ ਫੋਨ ਕੀਤਾ। ਉਸ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਆਵਾਜ਼ ਰਾਹੀਂ ਆਪਣੇ ਬੱਚੇ ਦੀ ਪੜ੍ਹਾਈ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਖ਼ਾਤੇ 'ਚ 27543 ਰੁਪਏ ਜਮ੍ਹਾਂ ਕਰਵਾਉਣ ਦੀ ਲਈ ਕਿਹਾ ਸੀ।
ਉਸ ਵੱਲੋਂ ਪਿੰਡ ਸੰਧਵਾਂ ਕੋਠੀ 'ਚ ਪੈਸੇ ਲੈਣ ਦੀ ਗੱਲ ਵੀ ਕੀਤੀ। ਉਕਤ ਕਾਰੋਬਾਰੀ ਨੇ ਜਦੋਂ ਇਸ ਸਬੰਧੀ ਸਪੀਕਰ ਸੰਧਵਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਅਜਿਹੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ। ਇਸ ਤੋਂ ਬਾਅਦ ਰਾਜਨ ਜੈਨ ਵੱਲੋਂ ਇਸ ਸਬੰਧੀ ਸ਼ਿਕਾਇਤ ਐੱਸ. ਐੱਸ. ਪੀ. ਨੂੰ ਦਿੱਤੀ ਗਈ। ਥਾਣਾ ਸਿਟੀ ਕੋਟਕਪੂਰਾ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਸ ਮਾਮਲੇ ਦੀ ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਕਾਲ ਹੁਸ਼ਿਆਰਪੁਰ ਜੇਲ੍ਹ 'ਚ ਬੰਦ 2 ਮੁਲਜ਼ਮਾਂ ਭਲਿੰਦਰ ਸਿੰਘ ਉਰਫ਼ ਜਸਰਾਜ ਸਹਿਗਲ ਅਤੇ ਸ਼ਵੇਤ ਠਾਕੁਰ ਵੱਲੋਂ ਕੀਤੀ ਗਈ ਸੀ।
ਇਹ ਵੀ ਪੜ੍ਹੋ : ਨਕਲੀ ਗੁਰਦੁਆਰਾ ਸਾਹਿਬ ਬਣਾ ਕੇ ਕਰਵਾ ਰਹੇ ਸੀ ਅਨੰਦ ਕਾਰਜ, ਮੌਕੇ 'ਤੇ ਪੁੱਜ ਗਏ ਨਿਹੰਗ ਸਿੰਘ
ਇਸ ਤੋਂ ਬਾਅਦ ਉਨ੍ਹਾਂ ਨੂੰ ਨਾਮਜ਼ਦ ਕਰ ਲਿਆ ਗਿਆ। ਡੀ. ਐੱਸ. ਪੀ. ਜਤਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਲੋਕਾਂ ਨੂੰ ਰਿਮਾਂਡ 'ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਸ ਫਰਜ਼ੀ ਕਾਲ ਲਈ ਵਰਤਿਆ ਗਿਆ ਮੋਬਾਇਲ ਫੋਨ ਸ਼ਵੇਤ ਠਾਕੁਰ ਦਾ ਸੀ ਅਤੇ ਫੋਨ ਕਾਲ ਭਲਿੰਦਰ ਸਿੰਘ ਨੇ ਕੀਤੀ ਸੀ। ਉਨ੍ਹਾਂ ਦੱਸਿਆ ਕਿ ਫੋਨ ਕਰਕੇ ਪੈਸੇ ਮੰਗਣ ਵਾਲਾ ਮੁਲਜ਼ਮ ਭਲਿੰਦਰ ਸਿੰਘ ਮੋਹਾਲੀ ਦਾ ਵਸਨੀਕ ਹੈ। ਇਸ ਤੋਂ ਇਲਾਵਾ ਉਹ ਮੁੰਬਈ ਅਤੇ ਉੱਤਰਾਖੰਡ ਖੇਤਰ 'ਚ ਵੀ ਰਹਿ ਚੁੱਕੇ ਹਨ। ਭਲਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ ਧੋਖਾਧੜੀ ਦੇ 13 ਕੇਸ ਦਰਜ ਹਨ ਅਤੇ 14ਵਾਂ ਕੇਸ ਕੋਟਕਪੂਰਾ 'ਚ ਦਰਜ ਕੀਤਾ ਗਿਆ ਹੈ। ਇਹ ਸਾਰੇ ਮਾਮਲੇ ਇੱਕ ਸਮਾਨ ਧੋਖਾਧੜੀ ਦੇ ਹਨ ਅਤੇ ਪੁਲਸ ਮੁਤਾਬਕ ਉਹ ਪਹਿਲਾਂ ਵੀ ਤਿੰਨ-ਚਾਰ ਵਿਧਾਇਕਾਂ ਦੇ ਨਾਂ 'ਤੇ ਪੈਸੇ ਮੰਗ ਕੇ ਲੋਕਾਂ ਨੂੰ ਠੱਗ ਚੁੱਕਾ ਹੈ। ਇਸ ਸਬੰਧੀ ਉਸ ਖ਼ਿਲਾਫ਼ ਥਾਣਾ ਫਤਿਹਗੜ੍ਹ ਸਾਹਿਬ ਵਿੱਚ ਵੀ ਕੇਸ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8