ਮੰਤਰੀ ਸਰਾਰੀ ਦਾ ਵਿਰੋਧੀ ਪਾਰਟੀਆਂ ’ਤੇ ਵੱਡਾ ਹਮਲਾ, ‘ਮੈਨੂੰ ਬਦਨਾਮ ਕਰਨ ਲਈ ਅਪਣਾਇਆ ਹਰ ਘਟੀਆ ਹੱਥਕੰਡਾ’

10/23/2022 8:53:27 PM

ਫ਼ਿਰੋਜ਼ਪੁਰ (ਕੁਮਾਰ) : ਪੰਜਾਬ ਦੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਅੱਜ ਫਿਰੋਜ਼ਪੁਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਉਨ੍ਹਾਂ ਨੂੰ ਬਦਨਾਮ ਕਰਨ ਲਈ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਉਨ੍ਹਾਂ ਦੇ ਖ਼ਿਲਾਫ਼ ਇਕ ਸਾਜ਼ਿਸ਼ ਤਹਿਤ ਘਟੀਆ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਚਪਨ ਤੋਂ ਹੀ ਪੂਰੀ ਈਮਾਨਦਾਰੀ ਨਾਲ ਕੰਮ ਕੀਤਾ ਹੈ ਅਤੇ ਹਮੇਸ਼ਾ ਸੱਚ ਨੂੰ ਸੱਚ ਅਤੇ ਗ਼ਲਤ ਨੂੰ ਗ਼ਲਤ ਕਿਹਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਭਾਰਤ ਦੇ ਮਰਹੂਮ ਰਾਸ਼ਟਰਪਤੀ ਅਬਦੁਲ ਕਲਾਮ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਆਦਰਸ਼ ਹਨ ਅਤੇ ਉਹ ਹਮੇਸ਼ਾ ਉਨ੍ਹਾਂ ਨੂੰ ਹੀ ਫਾਲੋ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ’ਤੇ ਭਾਰਤ ਦੀ ਜਿੱਤ ’ਤੇ ਬੋਲੇ CM ਮਾਨ, ਕਿਹਾ-ਭਾਰਤ ਵਾਸੀਆਂ ਨੂੰ ਦਿੱਤਾ ਦੀਵਾਲੀ ਦਾ ਵੱਡਾ ਤੋਹਫ਼ਾ

ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਕੋਲ ਬੋਲਣ ਲਈ ਕੋਈ ਮੁੱਦਾ ਨਹੀਂ ਹੈ ਅਤੇ ਆਪਣੀ ਰਾਜਨੀਤੀ ਚਮਕਾਉਣ ਲਈ ਇਨ੍ਹਾਂ ਪਾਰਟੀਆਂ ਦੇ ਆਗੂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ’ਤੇ ਝੂਠੇ ਦੋਸ਼ ਲਗਾ ਰਹੇ ਹਨ। ਸਰਾਰੀ ਨੇ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਹਨ ਅਤੇ ਆਪਣੀ ਤਨਖ਼ਾਹ ਤੋਂ ਹੀ ਉਨ੍ਹਾਂ ਆਪਣੀਆਂ ਧੀਆਂ ਨੂੰ ਪੜ੍ਹਾਇਆ-ਲਿਖਾਇਆ ਹੈ ਅਤੇ ਤਨਖ਼ਾਹ ਨਾਲ ਹੀ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਆ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਜੋ ਤਕਰੀਬਨ ਇਕ ਲੱਖ ਰੁਪਏ ਤਨਖਾਹ ਮਿਲਦੀ ਹੈ, ਉੁਹ ਵੀ ਗਰੀਬ ਲੋੜਵੰਦਾਂ ਨੂੰ ਵੰਡ ਦਿੰਦੇ ਹਨ ਅਤੇ ਆਪਣੀ ਪੈਨਸ਼ਨ ਨਾਲ ਹੀ ਆਪਣਾ ਘਰ ਚਲਾ ਰਹੇ ਹਨ। ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਉਨ੍ਹਾਂ ਕੋਲ ਚੋਣਾਂ ਲੜਨ ਲਈ ਪੈਸੇ ਨਹੀਂ ਸਨ ਅਤੇ ਉਨ੍ਹਾਂ ਦੀਆਂ ਧੀਆਂ ਨੇ ਪੁੱਤਰ ਬਣ ਕੇ ਉਨ੍ਹਾਂ ਦਾ ਚੋਣ ਪ੍ਰਚਾਰ ਕੀਤਾ ਅਤੇ ਵਿਧਾਨ ਸਭਾ ਹਲਕੇ ਦੇ ਲੋਕਾਂ, ਖਾਸ ਕਰਕੇ ਇਸ ਵਿਧਾਨ ਸਭਾ ਹਲਕੇ ਦੀਆਂ ਧੀਆਂ ਨੇ ਚੋਣਾਂ ਜਿੱਤ ਕੇ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਅਤੇ ਸੂਬੇ ’ਚ ਭੇਜਿਆ ਅਤੇ ਪੰਜਾਬ ਦਾ ਕੈਬਨਿਟ ਮੰਤਰੀ ਬਣਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਥਾਣੇ ’ਚੋਂ ਗਾਇਬ AK 47 ਰਾਈਫਲ ਤੇ ਕਾਰਬਾਈਨ ਹੋਮਗਾਰਡ ਜਵਾਨ ਦੇ ਘਰੋਂ ਬਰਾਮਦ

ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਇਕ ਸਾਜ਼ਿਸ਼ ਤਹਿਤ ਤਿਆਰ ਕਰਕੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਨਾਂ ਦੀ ਵਾਇਰਲ ਕੀਤੀ ਗਈ ਆਡੀਓ ਬਹੁਤ ਵੱਡੀ ਸਾਜ਼ਿਸ਼ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਬਹੁਤ ਵੱਡੀ ਕੋਸ਼ਿਸ਼ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਉਹ ਗ਼ਲਤ ਪਾਏ ਜਾਂਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰ ਰਹੀ ਹੈ ਅਤੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਤਿੰਨੋਂ ਵਿਰੋਧੀ ਪਾਰਟੀਆਂ ਬੌਖਲਾ ਗਈਆਂ ਹਨ ਅਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਘਟੀਆ ਹੱਥਕੰਡੇ ਅਪਣਾ ਰਹੀਆਂ ਹਨ।

ਮੰਤਰੀ ਸਰਾਰੀ ਨੇ ਕਿਹਾ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਜੀਵਨ ਪੰਜਾਬ ਨੂੰ ਸਮਰਪਿਤ ਹੈ ਅਤੇ ਉਹ ਅਤੇ ਉਨ੍ਹਾਂ ਦਾ ਪਰਿਵਾਰ ਕੇਜਰੀਵਾਲ ਅਤੇ  ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਪੰਜਾਬ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ’ਤੇ ਪੂਰਾ ਭਰੋਸਾ ਰੱਖਣ, ਉਹ ਕਦੇ ਵੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ  ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਨੂੰ ਟੁੱਟਣ ਨਹੀਂ ਦੇਣਗੇ। ਫੌਜਾ ਸਿੰਘ ਸਰਾਰੀ ਨੇ ਪੰਜਾਬ ਵਾਸੀਆਂ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ।


Manoj

Content Editor

Related News