ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਵਾਲੇ ਗਿਰੋਹ ਦਾ 1 ਮੈਂਬਰ ਪੁਲਸ ਵਲੋਂ ਗ੍ਰਿਫ਼ਤਾਰ
Thursday, Jul 18, 2024 - 04:33 PM (IST)
ਬਠਿੰਡਾ (ਵਿਜੇ ਵਰਮਾ) : ਕਾਰੋਬਾਰੀਆਂ ਨੂੰ ਫੋਨ 'ਤੇ ਫਿਰੋਤੀਆ ਦੀ ਮੰਗ ਕਰਨ ਵਾਲੇ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਵਿਚ ਕਾਰੋਬਾਰੀਆਂ ਨੂੰ ਜਾਨੋਂ ਮਾਰਣ ਦੀਆਂ ਧਮਕੀਆਂ ਦੇਣ ਵਾਲੇ ਇਕ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਦੀਪਕ ਪਾਰੀਕ ਆਈ. ਪੀ. ਐੱਸ ਐੱਸ.ਐੱਸ.ਪੀ ਬਠਿੰਡਾ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 14 ਜੁਲਾਈ ਨੂੰ ਇਕ ਵਿਅਕਤੀ ਨੂੰ ਕਿਸੇ ਨਾਮਲੂਮ ਵਿਅਕਤੀ ਵੱਲੋਂ ਧਮਕੀ ਭਰੀ ਕਾਲ ਆਈ ਅਤੇ 30 ਲੱਖ ਰੁਪਏ ਦੀ ਫਿਰੌਤੀ ਦੇਣ ਨੂੰ ਕਿਹਾ। ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਕਾਲਾਂ ਆਈਆਂ ਸਨ। ਇਸ 'ਤੇ ਮੁੱਦਈ ਵੱਲੋਂ ਇਸ ਬਾਰੇ ਤੁਰੰਤ ਬਠਿੰਡਾ ਪੁਲਸ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਇਸ ਤੋਂ ਇਲਾਵਾ ਇਕ ਹੋਰ ਵਿਅਕਤੀ ਜੋ ਕਿ ਬਠਿੰਡਾ ਸ਼ਹਿਰ ਦਾ ਹੀ ਵਸਨੀਕ ਹੈ, ਜਿਸ ਕੋਲੋ 10 ਲੱਖ ਰੁਪਏ ਦੀ ਫਿਰੌਤੀ ਦੇਣ ਸਬੰਧੀ ਧਮਕੀ ਭਰੀ ਕਾਲ ਆਈ ਅਜਿਹਾ ਨਾ ਕਰਨ ਦੀ ਸੂਰਤ ਵਿਚ ਉਸਦੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਵੀ ਦਿੱਤੀ।
ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਕੋਤਵਾਲੀ ਵਿਖੇ ਨਾਮਲੂਮ ਵਿਅਕਤੀ ਖ਼ਿਲਾਫ ਮੁਕੱਦਮਾ ਨੰਬਰ 87 ਮਿਤੀ 14.7.2024 ਅ/ਧ 308(4),351(3) ਬੀ.ਐੱਨ.ਐੱਸ ਥਾਣਾ ਕੋਤਵਾਲੀ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਮੁਕੱਦਮੇ ਵਿਚ ਦੋਸ਼ੀ ਦੀ ਭਾਲ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ। ਮੁਕੱਦਮੇ ਦੀ ਤਫਤੀਸ਼ ਟੈਕਨੀਕਲ ਪਹਿਲੂਆਂ ਰਾਹੀਂ ਆਰੰਭ ਕੀਤੀ ਗਈ। ਤਫਤੀਸ਼ ਦੌਰਾਨ ਜਿਹੜੇ ਮੋਬਾਈਲ ਨੰਬਰ ਤੋਂ ਦੋਵਾਂ ਵਿਅਕਤੀਆਂ ਨੂੰ ਧਮਕੀ ਭਰੀਆਂ ਫਿਰੌਤੀ ਮੰਗਣ ਸਬੰਧੀ ਕਾਲ ਕੀਤੀ ਗਈ ਸੀ, ਉਹ ਇਕ ਹੀ ਮੋਬਾਈਲ ਨੰਬਰ ਤੋਂ ਕੀਤੀ ਗਈ ਸੀ। ਧਮਕੀ ਭਰੀ ਇਹ ਕਾਲ ਵਿਨੈ ਕੁਮਾਰ ਪੁੱਤਰ ਮੁਰਾਰੀ ਵਾਸੀ ਨਾਮਦੇਵ ਨਗਰ ਬਠਿੰਡਾ ਉਕਤ ਨੇ ਕੀਤੀ ਸੀ। ਉਕਤ ਵਿਨੈ ਕੁਮਾਰ ਤੋਂ ਸਮੇਤ ਫਿਰੌਤੀ ਦੀਆਂ ਕਾਲਾਂ ਕਰਕੇ ਧਮਕੀਆਂ ਦੇਣ ਲਈ ਵਰਤੇ ਜਾਂਦੇ ਮੋਬਾਈਲ ਫੋਨ ਨੂੰ ਸੰਤਪੁਰਾ ਰੋਡ ਫਲਾਈਓਵਰ ਬਰਿੱਜ ਦੇ ਹੇਠ ਬਣੇ ਟੈਕਸੀ ਯੂਨੀਅਨ ਸਟੈਂਡ ਤੋਂ ਗ੍ਰਿਫਤਾਰ ਕੀਤਾ ਗਿਆ। ਉਕਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁੱਛਗਿੱਛ ਕੀਤੀ ਜਾ ਰਹੀ ਹੈ।