ਪੰਜਾਬ ''ਚ ਅਨੋਖਾ ਮਾਮਲਾ: ਖ਼ੁਦ ਨੂੰ SHO ਦੱਸ ਵਿਅਕਤੀ ਨੂੰ ਕੀਤਾ ਡਿਜ਼ੀਟਲ ਅਰੈਸਟ, ਫਿਰ ਹੋਇਆ...
Saturday, Feb 01, 2025 - 12:02 PM (IST)
ਜਲੰਧਰ (ਵਰੁਣ)–ਜਲੰਧਰ ਸ਼ਹਿਰ ਦੇ ਸਪੋਰਟਸ ਗਾਰਮੈਂਟਸ ਕਾਰੋਬਾਰੀ ਨੂੰ ਪੁਲਸ ਅਧਿਕਾਰੀ ਬਣ ਅਤੇ ਬੇਟੇ ਨੂੰ ਅੱਤਵਾਦੀ ਸਰਗਰਮੀਆਂ ਵਿਚ ਫੜੇ ਜਾਣ ਦਾ ਕਹਿ ਕੇ ਉਸ ਨੂੰ ਡਿਜੀਟਲ ਅਰੈਸਟ ਕਰਕੇ ਨੌਸਰਬਾਜ਼ ਨੇ 6 ਲੱਖ ਰੁਪਏ ਟਰਾਂਸਫ਼ਰ ਕਰਵਾ ਲਏ। ਪੈਸੇ ਟਰਾਂਸਫ਼ਰ ਕਰਨ ਮਗਰੋਂ ਕਾਰੋਬਾਰੀ ਨੇ ਆਪਣੇ ਬੇਟੇ ਨੂੰ ਫੋਨ ਕੀਤਾ ਤਾਂ ਪਤਾ ਲੱਗਾ ਕਿ ਉਹ ਫੈਕਟਰੀ ਵਿਚ ਬੈਠ ਕੇ ਕੰਮ ਕਰ ਰਿਹਾ ਹੈ। ਤੁਰੰਤ ਬੈਂਕ ਨੂੰ ਸ਼ਿਕਾਇਤ ਦਿੱਤੀ ਗਈ ਪਰ ਉਦੋਂ ਤਕ ਨੌਸਰਬਾਜ਼ 5 ਲੱਖ ਰੁਪਏ ਕੱਢਵਾ ਚੁੱਕਾ ਸੀ ਪਰ ਬਾਕੀ ਦਾ ਇਕ ਲੱਖ ਰੁਪਈਆ ਫ੍ਰੀਜ਼ ਕਰਵਾ ਦਿੱਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਸਿਮਰਨਜੀਤ ਸਿੰਘ ਕੋਚਰ ਨਿਵਾਸੀ ਫਰੈਂਡਜ਼ ਕਾਲੋਨੀ ਜੀ. ਟੀ. ਬੀ. ਨਗਰ ਨੇ ਦੱਸਿਆ ਕਿ ਉਹ ਲੈਦਰ ਕੰਪਲੈਕਸ ਵਿਚ ਕੋਚਰ ਸਪੋਰਟਸ ਨਾਂ ਦੀ ਫੈਕਟਰੀ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਦਾਦੇ ਨੂੰ ਅਟੈਕ ਆਉਣ ਕਾਰਨ ਉਹ ਹਸਪਤਾਲ ਦਾਖ਼ਲ ਸਨ। ਉਨ੍ਹਾਂ ਦਾ ਪਤਾ ਲੈਣ ਲਈ ਸਿਮਰਨਜੀਤ ਸਿੰਘ ਦੇ ਪਿਤਾ ਕਮਲਜੀਤ ਸਿੰਘ ਕੋਚਰ ਹਸਪਤਾਲ ਗਏ ਸਨ ਅਤੇ ਉਸੇ ਦੌਰਾਨ ਉਨ੍ਹਾਂ ਨੂੰ ਇਕ ਫੋਨ ਆਇਆ। ਫੋਨ ਕਰਨ ਵਾਲਾ ਵਿਅਕਤੀ ਖ਼ੁਦ ਨੂੰ ਨਕੋਦਰ ਥਾਣੇ ਦਾ ਐੱਸ. ਐੱਚ. ਓ. ਦੱਸ ਰਿਹਾ ਸੀ, ਜਿਸ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਅੱਤਵਾਦੀ ਸਰਗਰਮੀਆਂ ਵਿਚ ਫੜਿਆ ਹੈ। ਇਸੇ ਦੌਰਾਨ ਉਨ੍ਹਾਂ ਆਪਣੇ ਬੇਟੇ ਨਾਲ ਗੱਲ ਕਰਵਾਉਣ ਨੂੰ ਕਿਹਾ ਪਰ ਜਦੋਂ ਗੱਲ ਕੀਤੀ ਤਾਂ ਰੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਅਤੇ ਰੋ ਕੇ ਗੱਲ ਕਰਨ ਵਾਲਾ ਵਿਅਕਤੀ ਖ਼ੁਦ ਨੂੰ ਛੁਡਵਾਉਣ ਦੀ ਗੱਲ ਕਰ ਰਿਹਾ ਸੀ।
ਇਹ ਵੀ ਪੜ੍ਹੋ :ਦਿੱਲੀ ਦੇ ਲੋਕਾਂ ਲਈ ਵੱਡੇ ਤੋਂ ਵੱਡੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਹਾਂ : ਭਗਵੰਤ ਮਾਨ
ਕਮਲਜੀਤ ਸਿੰਘ ਪਿਤਾ ਕਾਰਨ ਪਹਿਲਾਂ ਹੀ ਅਪਸੈੱਟ ਸਨ ਅਤੇ ਜਦੋਂ ਬੇਟੇ ਦੀ ਅਜਿਹੀ ਖ਼ਬਰ ਪਤਾ ਲੱਗੀ ਤਾਂ ਉਹ ਡਰ ਗਏ। ਫੋਨ ਕਰਨ ਵਾਲੇ ਵਿਅਕਤੀ ਨੇ ਕਮਲਜੀਤ ਸਿੰਘ ਨੂੰ ਬੇਟੇ ਨੂੰ ਛੱਡਣ ਬਦਲੇ ਤੁਰੰਤ 6 ਲੱਖ ਰੁਪਏ ਟਰਾਂਸਫ਼ਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਨਲਾਈਨ ਪੈਸੇ ਟਰਾਂਸਫ਼ਰ ਨਹੀਂ ਕਰਨੇ ਆਉਂਦੇ ਤਾਂ ਮੁਲਜ਼ਮ ਨੇ ਫੋਨ ਨਾ ਕੱਟ ਕੇ ਤੁਰੰਤ ਬੈਂਕ ਜਾ ਕੇ ਆਰ. ਟੀ. ਜੀ. ਐੱਸ. ਕਰਵਾਉਣ ਲਈ ਕਿਹਾ। ਉਸ ਨੇ ਬੈਂਕ ਅਕਾਊਂਟ ਦੀ ਡਿਟੇਲ ਵੀ ਭੇਜ ਦਿੱਤੀ। ਫੋਨ ਹੋਲਡ ’ਤੇ ਹੀ ਸੀ ਅਤੇ ਕਮਲਜੀਤ ਸਿੰਘ ਨੇ ਆਪਣੇ ਬੈਂਕ ਜਾ ਕੇ 6 ਲੱਖ ਰੁਪਏ ਟਰਾਂਸਫ਼ਰ ਕਰਵਾ ਦਿੱਤੇ। ਫੋਨ ਕੱਟਣ ਤੋਂ ਬਾਅਦ ਕਮਲਜੀਤ ਸਿੰਘ ਨੇ ਆਪਣੇ ਬੇਟੇ ਸਿਮਰਨਜੀਤ ਸਿੰਘ ਨੂੰ ਫੋਨ ਕੀਤਾ ਤਾਂ ਪਤਾ ਲੱਗਾ ਕਿ ਉਹ ਫੈਕਟਰੀ ਵਿਚ ਬੈਠਾ ਹੈ ਅਤੇ ਸਹੀ ਸਲਾਮਤ ਹੈ। ਜਦੋਂ ਉਕਤ ਨੰਬਰ ’ਤੇ ਦੁਬਾਰਾ ਫੋਨ ਕੀਤਾ ਤਾਂ ਉਹ ਬੰਦ ਹੋ ਚੁੱਕਾ ਸੀ। ਇਸ ਸਬੰਧੀ ਬੈਂਕ ਜਾ ਕੇ ਸ਼ਿਕਾਇਤ ਦਿੱਤੀ ਤਾਂ ਪਤਾ ਲੱਗਾ ਕਿ ਜਿਸ ਇੰਡੀਅਨ ਬੈਂਕ ਵਿਚ ਪੈਸੇ ਟਰਾਂਸਫ਼ਰ ਹੋਏ ਹਨ, ਉਹ ਵੈਸਟ ਬੰਗਾਲ ਦਾ ਹੈ ਅਤੇ ਉਸ ਵਿਚੋਂ 5 ਲੱਖ ਰੁਪਏ ਕੱਢਵਾ ਵੀ ਲਏ ਗਏ ਹਨ, ਹਾਲਾਂਕਿ ਬਾਕੀ ਦੇ ਇਕ ਲੱਖ ਰੁਪਏ ਫ੍ਰੀਜ਼ ਕਰ ਦਿੱਤੇ ਹਨ। ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ Alert, ਪਵੇਗਾ ਭਾਰੀ ਮੀਂਹ, ਕਿਸਾਨਾਂ ਲਈ ਐਡਵਾਈਜ਼ਰੀ ਜਾਰੀ
ਜ਼ਿਕਰਯੋਗ ਹੈ ਕਿ ਅਜਿਹੇ ਫੋਨ ਪਹਿਲਾਂ ਵੀ ਸ਼ਹਿਰ ਦੇ ਕਈ ਲੋਕਾਂ ਨੂੰ ਆਏ, ਜਿਸ ਵਿਚੋਂ ਕੁਝ ਤਾਂ ਬਚ ਜਾਂਦੇ ਹਨ ਪਰ ਵਧੇਰੇ ਡਰਦੇ ਮਾਰੇ ਪੈਸੇ ਟਰਾਂਸਫ਼ਰ ਕਰ ਦਿੰਦੇ ਹਨ। ਜੇਕਰ ਕਿਸੇ ਵਿਅਕਤੀ ਨੂੰ ਕੋਈ ਵੀ ਅਜਿਹਾ ਫੋਨ ਆਵੇ ਤਾਂ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦੇਣੀ ਚਾਹੀਦੀ ਹੈ ਅਤੇ ਥਾਣੇ ਵਿਚ ਬਿਠਾਉਣ ਜਾਂ ਫਿਰ ਅਗਵਾ ਕਰਨ ਦੀ ਗੱਲ ਕਰਨ ’ਤੇ ਤੁਰੰਤ ਆਪਣੇ ਬੇਟੇ ਜਾਂ ਕਿਸੇ ਵੀ ਰਿਸ਼ਤੇਦਾਰ ਨਾਂ ਲੈਣ ’ਤੇ ਉਸ ਨੂੰ ਤੁਰੰਤ ਫੋਨ ਕਰਨਾ ਚਾਹੀਦਾ ਹੈ ਤਾਂ ਕਿ ਸੱਚਾਈ ਦਾ ਪਤਾ ਲੱਗ ਸਕੇ।
ਇਹ ਵੀ ਪੜ੍ਹੋ : ਜਲੰਧਰ 'ਚ ਚੱਲੀ ਗੋਲ਼ੀ, ਮਿੰਟਾਂ 'ਚ ਪੈ ਗਈਆਂ ਭਾਜੜਾਂ, ਸੋਸ਼ਲ ਮੀਡੀਆ 'ਤੇ ਪੈ ਗਈ ਪੋਸਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e