ਟਰੇਨ ਅੱਗੇ ਆ ਕੇ ਕਾਰੋਬਾਰੀ ਨੇ ਕੀਤੀ ਖੁਦਕੁਸ਼ੀ, ਲਾਸ਼ ਦੇ ਉੱਡੇ ਚਿਥੜੇ
Thursday, Aug 08, 2024 - 12:06 AM (IST)
ਲੁਧਿਆਣਾ (ਰਾਜ) - ਢੰਡਾਰੀ ਰੇਲਵੇ ਸ਼ਟੇਸ਼ਨ ਦੇ ਨੇੜੇ ਇਕ ਵਿਅਕਤੀ ਨੇ ਟਰੇਨ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨਿਊ ਸ਼ਿਵਾਜੀ ਨਗਰ ਦਾ ਰਹਿਣ ਵਾਲਾ ਅਮਿਤ ਪਠਾਨੀਆ ਹੈ ਜੋ ਕਿ ਇਲੈਕਟ੍ਰਾਨਿਕ ਦੀ ਦੁਕਾਨ ਚਲਾਉਂਦਾ ਸੀ। ਸੂਚਨਾ ਤੋਂ ਬਾਅਦ ਮੌਕੇ ’ਤੇ ਪੁੱਜੀ ਜੀ.ਆਰ.ਪੀ. ਦੀ ਪੁਲਸ ਨੇ ਲਾਸ਼ ਨੂੰ ਕਬਜੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਈ। ਜਿਥੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।
ਜਾਣਕਾਰੀ ਦਿੰਦੇ ਹੋਏ ਸੰਜੇ ਨੇ ਦੱਸਿਆ ਕਿ ਮ੍ਰਿਤਕ ਅਮਿਤ ਪਠਾਨੀਆ ਉੁਸ ਦਾ ਵੱਡਾ ਭਰਾ ਸੀ। ਉਸ ਦੀ ਭਗਵਾਨ ਚੌਕ ਦੇ ਨੇੜੇ ਇਲੈਕਟ੍ਰਾਨਿਕ ਸਮਾਨ ਦੀ ਦੁਕਾਨ ਸੀ। ਉਹ ਮੋਬਾਈਲ ਵੀ ਵੇਚਦਾ ਸੀ। ਉਸਦੇ ਕੋਲ ਮੋਬਾਈਲ ਦਾ ਮਾਲ ਆਉਂਦਾ-ਜਾਂਦਾ ਰਹਿੰਦਾ ਸੀ। ਕੁਝ ਸਮੇਂ ਤੋਂ ਕੰਮ ਮੰਦਾ ਚੱਲ ਰਿਹਾ ਸੀ। ਇਸ ਲਈ ਪੈਸਿਆਂ ਦਾ ਲੈਣ-ਦੇਣ ਰੁਕ ਗਿਆ ਸੀ ਅਤੇ ਮੋਬਾਈਲ ਕੰਪਨੀਆਂ ਦੇ ਡਿਸਟੀਬਿਊਟਰ ਉਸ ਨੂੰ ਪੈਸਿਆਂ ਲਈ ਪ੍ਰੇਸ਼ਾਨ ਕਰ ਰਹੇ ਸਨ ਜਿਸ ਤੋਂ ਅਮਿਤ ਕਾਫੀ ਪਰੇਸ਼ਾਨ ਹੋ ਗਿਆ ਸੀ। ਅੱਜ ਉਹ ਘਰੋਂ ਦੁਕਾਨ ’ਤੇ ਜਾਣ ਲਈ ਨਿਕਲਿਆ ਸੀ ਪਰ ਦੁਕਾਨ ਨਹੀਂ ਪੁੱਜਾ। ਉਨ੍ਹਾਂ ਨੂੰ ਬਾਅਦ ’ਚ ਪਤਾ ਲੱਗਿਆ ਕਿ ਅਮਿਤ ਨੇ ਢੰਡਾਰੀ ਰੇਲਵੇ ਸਟੇਸ਼ਨ ਦੇ ਨੇੜੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ।
ਟਰੇਨ ਦੀ ਚਪੇਟ ’ਚ ਆਉਣ ਨਾਲ ਬਜ਼ੁਰਗ ਦੀ ਮੌਤ
ਇਕ ਹੋਰ ਮਾਮਲੇ ’ਚ ਲੁਧਿਆਣਾ-ਲਾਡੋਵਾਲ ਦੇ ਵਿਚ ਰੇਲਵੇ ਲਾਈਨਾਂ ’ਚ ਟਰੇਨ ਦੀ ਚਪੇਟ ’ਚ ਆ ਕੇ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਟਰੇਨ ਦੀ ਚਪੇਟ ’ਚ ਆਉਣ ਨਾਲ ਲਾਸ਼ ਦੇ ਚਿਥੜੇ ਉੱਡ ਗਏ। ਸੂਚਨਾ ਤੋਂ ਬਾਅਦ ਜੀ.ਆਰ.ਪੀ. ਥਾਣੇ ਦੀ ਪੁਲਸ ਮੌਕੇ ’ਤੇ ਪੁੱਜੀ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਇਸ ਲਈ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੌਰਚਰੀ ’ਚ ਰਖਵਾ ਦਿੱਤਾ ਹੈ।