2019 ਤਕ ਹਾਈਟੈੱਕ ਹੋਣਗੀਆਂ ਚੰਡੀਗੜ੍ਹ ਦੀਆਂ ਬੱਸਾਂ

Monday, Dec 11, 2017 - 08:07 AM (IST)

ਚੰਡੀਗੜ੍ਹ  (ਵਿਜੇ) - 1 ਜਨਵਰੀ 2019 ਨੂੰ ਚੰਡੀਗੜ੍ਹ 'ਚ ਟ੍ਰਾਂਸਪੋਰਟ ਸਿਸਟਮ ਪੂਰੀ ਤਰ੍ਹਾਂ ਬਦਲਿਆ ਨਜ਼ਰ ਆਏਗਾ, ਜਿਸਦੀਆਂ ਤਿਆਰੀਆਂ 1 ਜਨਵਰੀ 2018 ਤੋਂ ਸ਼ੁਰੂ ਹੋਣਗੀਆਂ। ਮੈਟਰੋ ਪ੍ਰਾਜੈਕਟ ਦੀਆਂ ਸੰਭਾਵਨਾਵਾਂ ਘੱਟ ਹੁੰਦੀਆਂ ਵੇਖ ਕੇ ਹੁਣ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ ਨੇ ਆਪਣੇ ਇਕ ਅਹਿਮ ਪ੍ਰਾਜੈਕਟ ਇੰਟੈਲੀਜੈਂਟ ਟ੍ਰਾਂਸਪੋਰਟੇਸ਼ਨ ਸਿਸਟਮ (ਆਈ. ਟੀ. ਐੱਸ.) ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਆਪਣੀਆਂ 558 ਬੱਸਾਂ ਨੂੰ ਆਈ. ਟੀ. ਐੱਸ. 'ਚ ਲਿਆਉਣ ਲਈ ਸੀ. ਟੀ. ਯੂ. ਵਲੋਂ ਸ਼ਨੀਵਾਰ ਨੂੰ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਜੀ. ਈ. ਐੱਫ. ਐਫੀਸ਼ੀਐਂਟ ਐਂਡ ਸਸਟੇਨਏਬਲ ਸਿਟੀ ਬੱਸ ਸਰਵਿਸਿਜ਼ ਨਾਂ ਦਿੱਤਾ ਗਿਆ ਹੈ।
ਸੀ. ਟੀ. ਯੂ. ਦੀ ਯੋਜਨਾ ਹੈ ਕਿ ਛੇਤੀ ਹੀ ਇਸ ਪ੍ਰਾਜੈਕਟ ਲਈ ਕੰਪਨੀ ਫਾਈਨਲ ਕਰਕੇ ਟ੍ਰਾਂਸਪੋਰਟ ਸਿਸਟਮ ਨੂੰ ਪੂਰੀ ਤਰ੍ਹਾਂ ਹਾਈਟੈੱਕ ਕਰ ਦਿੱਤਾ ਜਾਏਗਾ। ਆਪਣੇ ਮੁਸਾਫਿਰਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਨਾਲ-ਨਾਲ ਸੁਰੱਖਿਆ ਨੂੰ ਵੀ ਇਸ ਸਿਸਟਮ 'ਚ ਅਹਿਮੀਅਤ ਦਿੱਤੀ ਗਈ ਹੈ। ਇਹੋ ਕਾਰਨ ਹੈ ਕਿ ਆਨ ਬੋਰਡ ਸੀ. ਸੀ. ਟੀ. ਵੀ. ਕੈਮਰੇ ਜ਼ਰੀਏ ਯਾਤਰੀਆਂ ਦੀ ਸੁਰੱਖਿਆ ਆਨਲਾਈਨ ਚੈੱਕ ਕੀਤੀ ਜਾਏਗੀ। ਹਾਲਾਂਕਿ ਅਜੇ ਵੀ ਬੱਸਾਂ 'ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ ਪਰ ਨਵੇਂ ਸਿਸਟਮ ਨਾਲ ਬੱਸ ਦੇ ਅੰਦਰ ਦੀ ਲਾਈਵ ਇਮੇਜਿਸ ਤੇ ਵੀਡੀਓ ਸਿੰਗਲ ਕੰਟ੍ਰੋਲ ਯੂਨਿਟ (ਐੱਨ. ਸੀ. ਯੂ.) ਤਕ ਪਹੁੰਚੇਗੀ। ਰਿਕਾਰਡ ਕਾਇਮ ਰੱਖਣ ਲਈ 30 ਦਿਨ ਦੀ ਵੀਡੀਓ ਸਟੋਰ ਕੀਤੀ ਜਾ ਸਕੇਗੀ। ਆਈ. ਟੀ. ਐੱਸ. ਤਹਿਤ ਬੱਸਾਂ 'ਚ 3 ਜੀ. ਜਾਂ 4 ਜੀ ਦੀ ਸਹੂਲਤ ਦਿੱਤੀ ਜਾਏਗੀ। ਬੱਸਾਂ ਦੀ ਮੂਵਮੈਂਟ ਹੋਣ ਦੇ ਬਾਵਜੂਦ ਲਾਈਵ ਵੀਡੀਓ ਦੀ ਕੁਆਲਿਟੀ ਕਾਫੀ ਵਧੀਆ ਹੋਵੇਗੀ। ਬੱਸਾਂ ਨੂੰ ਜਿਓਗ੍ਰਾਫਿਕ ਇਨਫਾਰਮੇਸ਼ਨ ਸਿਸਟਮ ਜ਼ਰੀਏ ਟਰੈਕ ਕੀਤਾ ਜਾ ਸਕੇਗਾ।
ਖਾਸ ਗੱਲ ਇਹ ਹੈ ਕਿ ਐੱਸ. ਸੀ. ਯੂ. 'ਚ ਬੈਠਾ ਸਟਾਫ ਇਕੋ ਸਮੇਂ 'ਚ 25 ਵਾਹਨਾਂ ਦੀ ਆਨਲਾਈਨ ਵੀਡੀਓ 'ਤੇ ਨਜ਼ਰ ਰੱਖ ਸਕੇਗਾ। ਇਸ ਸਿਸਟਮ ਨੂੰ ਮੋਬਾਇਲ ਸਮਾਰਟ ਫੋਨ 'ਤੇ ਵੀ ਚੈੱਕ ਕੀਤਾ ਜਾ ਸਕੇਗਾ।
ਆਟੋਮੈਟਿਕ ਫੇਅਰ ਕੁਲੈਕਸ਼ਨ ਸਿਸਟਮ
ਸਿਟੀ ਬੱਸ ਸਰਵਿਸਿਜ਼ ਦੀ ਵਰਤੋਂ ਕਰਨ ਵਾਲੇ ਯਾਤਰੀਆਂ ਨੂੰ ਸਮਾਰਟ ਕਾਰਡ ਜਾਂ ਪੇਪਰ ਟਿਕਟ ਦੇ ਆਪਸ਼ਨ ਮਿਲਣਗੇ। ਬੱਸ 'ਚ ਚੜ੍ਹਨ ਤੋਂ ਬਾਅਦ ਯਾਤਰੀ ਟਿਕਟ ਖਰੀਦ ਸਕਣਗੇ, ਜਦੋਂਕਿ ਸਮਾਰਟ ਕਾਰਡ ਦੀ ਵਰਤੋਂ ਕਰਨ ਵਾਲੇ ਯਾਤਰੀਆਂ ਦਾ ਸਫਰ ਪੂਰਾ ਹੋਣ ਦੇ ਬਾਅਦ ਉਨ੍ਹਾਂ ਦੇ ਕਾਰਡ 'ਚੋਂ ਕੰਡਕਟਰ ਵਲੋਂ ਰਾਸ਼ੀ ਕੱਟ ਲਈ ਜਾਏਗੀ। ਇਲੈਕਟ੍ਰਾਨਿਕ ਟਿਕਟਿੰਗ ਮਸ਼ੀਨ 'ਚ ਸਿਰਫ ਟੈਪ ਕਰਕੇ ਹੀ ਇਹ ਪ੍ਰਾਸੈੱਸ ਪੂਰਾ ਹੋ ਜਾਏਗਾ। ਸਮਾਰਟ ਕਾਰਡ ਨੂੰ ਈ-ਸੰਪਰਕ ਸੈਂਟਰ ਦੇ ਕਾਊਂਟਰਾਂ/ਪੀ. ਓ. ਐੱਸ. ਜਾਂ ਇੰਟਰਨੈੱਟ ਤੋਂ ਰੀਚਾਰਜ ਕੀਤਾ ਜਾ ਸਕੇਗਾ।
ਪੈਸੰਜਰ ਇਨਫਾਰਮੇਸ਼ਨ ਸਿਸਟਮ
ਪੀ. ਆਈ. ਐੱਸ. ਜ਼ਰੀਏ ਬੱਸ ਸਟਾਪ ਜਾਂ ਸਟੈਂਡ 'ਚ ਖੜ੍ਹੇ ਯਾਤਰੀਆਂ ਨੂੰ ਹਰ ਜਾਣਕਾਰੀ ਤੁਰੰਤ ਮਿਲ ਸਕੇਗੀ। ਅਗਲੀ ਬੱਸ ਕਦੋਂ ਆਏਗੀ ਤੇ ਰਵਾਨਗੀ ਦਾ ਟਾਈਮ ਕੀ ਹੋਵੇਗਾ, ਇਹ ਪੂਰੀ ਜਾਣਕਾਰੀ ਦਿੱਤੀ ਜਾਏਗੀ। ਟ੍ਰਾਂਜਿਸਟ ਮੈਨੇਜਮੈਂਟ ਸੈਂਟਰ 'ਚ ਬੈਠਾ ਸਟਾਫ ਐਮਰਜੈਂਸੀ ਪੈਣ 'ਤੇ ਹਰ ਹਾਲਾਤ ਤੋਂ ਯਾਤਰੀਆਂ ਨੂੰ ਜਾਣੂ ਕਰਵਾਉਂਦਾ ਰਹੇਗਾ। ਇਸਦੇ ਲਈ ਟਰਮੀਨਲਸ ਤੇ ਬੱਸ ਸਟਾਪ 'ਤੇ ਐੱਲ. ਈ. ਡੀ. ਡਿਸਪਲੇ ਪੈਨਲਜ਼ ਲਾਏ ਜਾਣਗੇ। ਬੱਸਾਂ 'ਚ ਵੀ ਐੱਲ. ਈ. ਡੀ. ਡਿਸਪਲੇ ਪੈਨਲ ਤੇ ਲਾਊਡ ਸਪੀਕਰ ਲੱਗਣਗੇ। ਵੈੱਬ ਪੋਰਟਲਸ ਨਾਲ ਸੂਚਨਾ ਮਿਲੇਗੀ, ਇੰਟਰੈਕਟਿਵ ਵਾਇਸ ਰਿਸਪਾਂਸ ਸਿਸਟਮ ਤੇ ਮੋਬਾਇਲ ਐਪਲੀਕੇਸ਼ਨ 'ਚ ਵੀ ਅੱਪਡੇਟ ਮਿਲਦੀ ਰਹੇਗੀ।
ਟ੍ਰਾਂਜਿਸਟ ਮੈਨੇਜਮੈਂਟ ਸੈਂਟਰ
ਇਹ ਸੈਂਟਰ ਸੂਚਨਾਵਾਂ ਅਦਾਨ-ਪ੍ਰਦਾਨ ਕਰਨ ਦਾ ਕੰਮ ਕਰੇਗਾ, ਜੋ ਵੀ ਸੂਚਨਾਵਾਂ ਏ. ਵੀ. ਐੱਲ. ਤੇ ਏ. ਐੱਫ. ਸੀ. ਐੱਸ. ਤੋਂ ਮਿਲਣਗੀਆਂ, ਨੂੰ ਪੀ. ਆਈ. ਐੱਸ. ਜ਼ਰੀਏ ਯਾਤਰੀਆਂ ਤਕ ਪਹੁੰਚਾਇਆ ਜਾਏਗਾ, ਜਿਸ 'ਚ ਵਹੀਕਲ ਪੋਜ਼ੀਸ਼ਨ, ਟਿਕਟਿੰਗ ਡਾਟਾ, ਪੈਸੰਜਰ ਡਾਟਾ, ਟ੍ਰੈਫਿਕ, ਵਹੀਕਲ ਐਂਡ ਡਰਾਈਵਰ ਪ੍ਰਫਾਰਮੈਂਸ ਆਦਿ ਸ਼ਾਮਲ ਹੋਣਗੇ ਜੇਕਰ ਕੋਈ ਬੱਸ ਆਪਣੇ ਸਮੇਂ ਤੋਂ ਦੇਰੀ ਨਾਲ ਪਹੁੰਚ ਰਹੀ ਹੈ ਤਾਂ ਇਸਦੀ ਸੂਚਨਾ ਯਾਤਰੀਆਂ ਨੂੰ ਸਹੀ ਸਮੇਂ 'ਤੇ ਮਿਲੇਗੀ ਤੇ ਇਸਦਾ ਕਾਰਨ ਵੀ ਦੱਸਿਆ ਜਾਏਗਾ।
ਸਮਾਰਟ ਪਾਸ ਦੀ ਵੀ ਸਹੂਲਤ
ਇਸ ਤਹਿਤ ਮਹੀਨਾ ਤੇ ਹਫਤਾਵਾਰੀ ਪਾਸ ਮਿਲਣਗੇ। ਹਾਲਾਂਕਿ ਸਮਾਰਟ ਪਾਸ ਕੁਝ ਹੀ ਰੂਟਾਂ ਲਈ ਮੰਨਣਯੋਗ ਹੋਣਗੇ। ਕਾਰਡ ਬਣਨ ਦੇ ਨਾਲ ਹੀ ਉਸ 'ਚ ਟਾਈਮ ਦੀ ਵੀ ਲਿਮਟ ਆਏਗੀ। ਜਿਹੜੇ ਰੂਟ ਲਈ ਕਾਰਡ ਨਹੀਂ ਬਣੇ ਹਨ, ਉਨ੍ਹਾਂ 'ਚ ਟ੍ਰੈਵਲਿੰਗ ਕਰਨ ਲਈ ਯਾਤਰੀਆਂ ਨੂੰ ਵੱਖਰੀ ਟਿਕਟ ਖਰੀਦਣੀ ਹੋਵੇਗੀ। ਸਮਾਰਟ ਕਾਰਡ ਨੂੰ ਸਮਾਰਟ ਪਾਸ ਵਜੋਂ ਵੀ ਵਰਤਿਆ ਜਾ ਸਕੇਗਾ, ਹਾਲਾਂਕਿ ਇਸ 'ਚ ਕੁਝ ਤਬਦੀਲੀ ਕੀਤੀ ਜਾਏਗੀ।
ਇੰਝ ਕੰਮ ਕਰੇਗਾ ਸਮਾਰਟ ਕਾਰਡ
ਇਕ ਵਾਰ ਬੱਸ 'ਚ ਚੜ੍ਹਨ ਤੋਂ ਬਾਅਦ ਕੰਡਕਟਰ ਵਲੋਂ ਯਾਤਰੀ ਤੋਂ ਪੁੱਛਿਆ ਜਾਏਗਾ ਕਿ ਉਸਨੇ ਕਿਥੇ ਜਾਣਾ ਹੈ। ਇਹੋ ਡੈਸਟੀਨੇਸ਼ਨ ਇਲੈਕਟ੍ਰਾਨਿਕ ਟਿਕਟਿੰਗ ਮਸ਼ੀਨ (ਈ. ਟੀ. ਐੱਮ.) 'ਚ ਫੀਡ ਕੀਤੀ ਜਾਏਗੀ। ਮਸ਼ੀਨ 'ਚ ਸਮਾਰਟ ਕਾਰਡ ਟੈਪ ਕਰਨ 'ਤੇ ਪੂਰੀ ਡੀਟੇਲ ਆ ਜਾਏਗੀ। ਮਸ਼ੀਨ 'ਚ ਪੁਰਾਣੀ ਟ੍ਰੈਵਲਿੰਗ ਦਾ ਵੀ ਡਾਟਾ ਆ ਜਾਏਗਾ ਤੇ ਤੁਰੰਤ ਕੰਡਕਟਰ ਵਲੋਂ ਫੀਡ ਕੀਤੀ ਗਈ ਰਕਮ ਕੱਟੀ ਜਾਏਗੀ। ਸੀ. ਟੀ. ਯੂ. ਵਲੋਂ ਇੰਸਪੈਕਟਰਾਂ ਦੀ ਇਕ ਟੀਮ ਵੀ ਬਣਾਈ ਜਾਏਗੀ, ਜੋ ਕਿ ਲਗਾਤਾਰ ਸਮੇਂ-ਸਮੇਂ ਸਿਰ ਬੱਸ 'ਚ ਚੜ੍ਹ ਕੇ ਟਿਕਟਾਂ ਦੀ ਚੈਕਿੰਗ ਕਰੇਗੀ। ਇੰਸਪੈਕਟਰਾਂ ਨੂੰ ਵੀ ਵੱਖਰੇ ਤੌਰ 'ਤੇ ਮਸ਼ੀਨ ਦਿੱਤੀ ਜਾਏਗੀ।


Related News