ਮੁੱਖ ਮੰਤਰੀ ਨੂੰ ਖੁਸ਼ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੱਸਾਂ ਦਾ ਬਦਲਿਆ ਰੂਟ
Wednesday, Nov 06, 2019 - 02:08 PM (IST)
ਸੁਲਤਾਨਪੁਰ ਲੋਧੀ (ਅਸ਼ਵਨੀ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਸਰਕਾਰੀ ਪੱਧਰ 'ਤੇ ਆਰੰਭਤਾ ਕਰਨ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁਸ਼ ਕਰਨ ਵਾਸਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੱਸਾਂ ਦੇ ਰੂਟ ਨੂੰ ਤਾਂ ਬਦਲ ਕੇ ਰੱਖ ਦਿੱਤਾ ਪਰ ਪੈਦਲ ਚੱਲਣ ਵਾਲੀਆਂ ਸੰਗਤਾਂ ਵਾਸਤੇ ਇਕ ਵੀ 'ਈ-ਰਿਕਸ਼ਾ' ਦਾ ਪ੍ਰਬੰਧ ਨਹੀਂ ਕੀਤਾ ਗਿਆ।
ਨਤੀਜੇ ਵਜੋਂ ਸ੍ਰੀ ਗੋਇੰਦਵਾਲ ਸਾਹਿਬ-ਸੁਲਤਾਨਪੁਰ ਲੋਧੀ ਰੋਡ 'ਤੇ ਲਗਭਗ 10-11 ਕਿਲੋਮੀਟਰ ਤੱਕ ਬੱਸਾਂ ਦਾ ਜਾਮ ਵੇਖਣ ਨੂੰ ਮਿਲਿਆ ਤੇ ਨਾਲ ਹੀ ਪੈਦਲ ਯਾਤਰਾ ਕਰ ਕੇ ਮੱਥਾ ਟੇਕਣ ਆ ਰਹੀਆਂ ਹਜ਼ਾਰਾਂ ਸੰਗਤਾਂ ਨੂੰ ਜਾਮ ਕਾਰਨ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਪੁੱਡਾ ਕਾਲੋਨੀ 'ਚ ਸਮਾਗਮ ਪੰਡਾਲ ਜੋ ਕਿ ਗੋਇੰਦਵਾਲ-ਤਲਵੰਡੀ ਚੌਧਰੀਆਂ ਰੋਡ ਵਾਲੇ ਪਾਸੇ ਬਣਾਇਆ ਗਿਆ ਹੈ। ਦੂਜੇ ਪਾਸੇ ਐੱਸ. ਜੀ. ਪੀ. ਸੀ. ਵੱਲੋਂ ਲੋਹੀਆਂ ਰੋਡ ਵਾਲੇ ਪਾਸੇ ਪੰਜਾਬ ਸਰਕਾਰ ਤੋਂ ਵੱਖਰਾ ਪੰਡਾਲ ਗੁਰੂ ਨਾਨਕ ਸਟੇਡੀਅਮ ਵਿਖੇ ਬਣਾਇਆ ਗਿਆ ਹੈ। ਸਰਕਾਰੀ ਸਮਾਗਮਾਂ ਵਾਲੇ ਪਾਸੇ ਬੱਸਾਂ ਦਾ ਹੜ੍ਹ ਤਾਂ ਵੇਖਣ ਨੂੰ ਮਿਲਿਆ ਪਰ ਲੋਹੀਆਂ ਅਤੇ ਕਪੂਰਥਲਾ ਵਾਲੇ ਪਾਸੇ ਸੋਕੇ ਵਾਲੀ ਸਥਿਤੀ ਸੀ। ਇਥੇ ਹੀ ਬਸ ਨਹੀਂ ਬੱਸਾਂ ਦਾ ਸਰਕਾਰੀ ਸਮਾਗਮ ਦੇ ਲਾਗੇ ਪੁੱਡਾ ਕਾਲੋਨੀ 'ਚ ਬਣਾਈ ਗਈ ਆਰਜ਼ੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਉਥੋਂ ਅੱਗੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਮੱਥਾ ਟੇਕਣ ਜਾ ਰਹੀਆਂ ਸੰਗਤਾਂ ਨੂੰ ਸਰਕਾਰੀ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਦੇ ਮੁੱਖ ਪੰਡਾਲ ਵੱਲ ਮੋੜਿਆ ਜਾ ਰਿਹਾ ਸੀ।
ਉਧਰ ਸ਼ਾਹਕੋਟ, ਜ਼ੀਰਾ ਆਦਿ ਤੋਂ ਸੁਲਤਾਨਪੁਰ ਲੋਧੀ ਪਹੁੰਚਣ ਵਾਸਤੇ ਸਭ ਤੋਂ ਨੇੜਲਾ ਰੂਟ ਲੋਹੀਆਂ ਵਾਲੇ ਪਾਸੇ ਹੈ ਪਰ ਇਨ੍ਹਾਂ ਇਲਾਕਿਆਂ ਨਾਲ ਸਬੰਧਤ ਬੱਸਾਂ ਨੂੰ ਡਡਵਿੰਡੀ ਤੋਂ ਵਾਇਆ ਹਰਨਾਮਪੁਰ ਰੂਟ ਤੋਂ ਗਾਜ਼ੀਪੁਰ ਤੋਂ ਪੁੱਡਾ ਕਾਲੋਨੀ ਵਾਲੇ ਪਾਸੇ ਭੇਜਿਆ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਕਾਂਗਰਸੀ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਦੀ ਆਮਦ ਕਾਰਣ ਫ੍ਰੀ ਬੱਸ ਸੇਵਾ ਰਾਹੀਂ ਸੁਲਤਾਨਪੁਰ ਲੋਧੀ ਭੇਜਿਆ ਗਿਆ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਅੱਜ ਸੁਲਤਾਨਪੁਰ ਲੋਧੀ ਦੇ ਗੁਰ ਘਰਾਂ ਦੇ ਦਰਸ਼ਨਾਂ ਵਾਸਤੇ 5 ਲੱਖ ਤੋਂ ਵੱਧ ਸੰਗਤਾਂ ਪੁੱਜੀਆਂ ਹੋਈਆਂ ਸਨ। ਇਸੇ ਦੌਰਾਨ ਮੁੱਖ ਮੰਤਰੀ ਜਦੋਂ ਅਪਣੀ ਵਿਸ਼ੇਸ਼ ਗੱਡੀ ਰਾਹੀਂ ਸੁਰੱਖਿਆ ਦਸਤਿਆਂ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਵਾਪਸ ਪਰਤ ਰਹੇ ਸਨ ਤਾਂ ਸੜਕ ਦੇ ਦੋਵੇਂ ਪਾਸੇ ਖੜ੍ਹੇ ਲੋਕਾਂ ਵੱਲੋਂ ਹੱਥ ਜੋੜ ਕੇ ਸਵਾਗਤ ਕਰਨ ਦਾ ਵੀ ਨਜ਼ਾਰਾ ਵੱਖਰਾ ਹੀ ਵੇਖਣ ਨੂੰ ਮਿਲ ਰਿਹਾ ਸੀ।