ਬੱਸ ਸਟੈਂਡ ਗੋਲੀਕਾਂਡ: ਸੂਰਜ ਲਾਹੌਰੀਆ ਦੇ ਭਤੀਜੇ ਅਰਸ਼ ਲਾਹੌਰੀਆ ਨੇ ਕੋਰਟ ''ਚ ਕੀਤਾ ਸਰੰਡਰ
Friday, Sep 21, 2018 - 10:45 AM (IST)

ਜਲੰਧਰ, (ਜ. ਬ.)—ਬੱਸ ਸਟੈਂਡ ਗੋਲੀਕਾਂਡ 'ਚ ਲੋੜੀਂਦੇ ਸੂਰਜ ਲਾਹੌਰੀਆ ਦੇ ਭਤੀਜੇ ਅਰਸ਼ ਲਾਹੌਰੀਆ ਨੇ ਕੋਰਟ 'ਚ ਸਰੰਡਰ ਕਰ ਦਿੱਤਾ ਹੈ। ਸਰੰਡਰ ਕਰਨ ਤੋਂ ਬਾਅਦ ਪੁਲਸ ਨੇ ਅਰਸ਼ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਅਰਸ਼ ਝਗੜਾ ਹੋਣ ਤੋਂ ਪਹਿਲਾਂ ਆਪਣੇ 2 ਦੋਸਤਾਂ ਨੂੰ ਨਾਲ ਲੈ ਕੇ ਘਟਨਾ ਵਾਲੀ ਥਾਂ 'ਤੇ ਗਿਆ ਸੀ। ਇਸ ਕੇਸ 'ਚ ਸੂਰਜ ਲਾਹੌਰੀਆ ਵੀ ਨਾਮਜ਼ਦ ਹੈ।
ਥਾਣਾ ਨੰ. 6 ਦੇ ਮੁਖੀ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਚੌਕੀ ਬੱਸ ਸਟੈਂਡ ਦੇ ਇੰਚਾਰਜ ਸੇਵਾ ਸਿੰਘ ਨੇ ਗੋਲੀ ਕਾਂਡ 'ਚ ਨਾਮਜ਼ਦ ਕੀਤੇ ਸਾਰੇ ਲੋਕਾਂ 'ਤੇ ਕਾਫੀ ਦਬਾਅ ਬਣਾਇਆ ਹੋਇਆ ਸੀ, ਜਿਸ ਕਾਰਨ ਅਰਸ਼ ਲਾਹੌਰੀਆ ਨੇ ਕੋਰਟ 'ਚ ਸਰੰਡਰ ਕੀਤਾ। ਚੌਕੀ ਇੰਚਾਰਜ ਸੇਵਾ ਸਿੰਘ ਨੇ ਦੱਸਿਆ ਕਿ ਅਰਸ਼ ਕਾਫੀ ਸਮਾਂ ਜਸਕਰਨ ਨਾਲ ਰਿਹਾ ਤੇ ਬਾਅਦ 'ਚ ਕਦੇ ਆਪਣੇ ਰਿਸ਼ਤੇਦਾਰਾਂ ਕੋਲ ਰਿਹਾ ਤੇ ਕੁਝ ਧਾਰਮਕ ਸਥਾਨਾਂ 'ਤੇ ਵੀ ਗਿਆ।
ਪੁੱਛਗਿੱਛ 'ਚ ਅਰਸ਼ ਲਾਹੌਰੀਆ ਪੁੱਤਰ ਲਖਵਿੰਦਰ ਲਾਹੌਰੀਆ ਵਾਸੀ ਅਰਜੁਨ ਨਗਰ ਨੇ ਕਬੂਲਿਆ ਕਿ ਝਗੜਾ ਜਸਕਰਨ ਦਾ ਹੋਇਆ ਸੀ ਜਿਸ ਨੇ ਉਸ ਨੂੰ ਫੋਨ ਕਰ ਕੇ ਝਗੜਾ ਹੋਣ ਦੀ ਗੱਲ ਦੱਸੀ। ਉਹ ਇਸੇ ਸਮੇਂ ਆਪਣੇ ਦੋਸਤ ਅਭਿਲੋਚ ਤੇ ਸ਼ੁਭਮ ਨੂੰ ਨਾਲ ਲੈ ਕੇ ਝਗੜੇ ਵਾਲੀ ਜਗ੍ਹਾ 'ਤੇ ਪਹੁੰਚਿਆ, ਜਿਥੋਂ ਪਹਿਲਾਂ ਤੋਂ ਹੀ ਝਗੜਾ ਚਲ ਰਿਹਾ ਸੀ ਪਰ ਇਸੇ ਦੌਰਾਨ ਜਸਕਰਨ ਨੇ ਫਾਇਰਿੰਗ ਕਰ ਦਿੱਤੀ ਤੇ ਉਹ ਸਾਰੇ ਉਥੋਂ ਭੱਜ ਗਏ। ਜਸਕਰਨ ਪਹਿਲਾਂ ਹੀ ਸਰੰਡਰ ਕਰ ਚੁੱਕਾ ਹੈ, ਜਿਸ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਗੋਲੀ ਚਲਾਉਣ ਲਈ ਵਰਤੀ ਗਈ ਦੋਨਾਲੀ ਵੀ ਬਰਾਮਦ ਕਰ ਲਈ ਸੀ। ਚੌਕੀ ਬੱਸ ਸਟੈਂਡ ਦੇ ਇੰਚਾਰਜ ਸੇਵਾ ਸਿੰਘ ਨੇ ਕਿਹਾ ਕਿ ਅਰਸ਼ ਲਾਹੌਰੀਆ ਕੋਲੋਂ ਇਸ ਕੇਸ 'ਚ ਲੋੜੀਂਦੇ ਬਾਕੀ ਮੁਲਜ਼ਮਾਂ ਦੀ ਲੋਕੇਸ਼ਨ ਜਾਣਨ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।