20 ਸਾਲਾਂ ਤੋਂ ਬੱਸ ਅੱਡੇ ਨੂੰ ਦੇਖਣ ਲਈ ਤਰਸ ਰਹੇ ਨੇ ਇਥੋਂ ਦੇ ਲੋਕ, ਹੁਣ ਤਾਂ ਸਕੀਮਾਂ ਦੇ ਕਾਗਜ਼ਾਂ ਦੀ ਵੀ ਹੋਈ ਬਸ  (ਤਸ

Saturday, Jul 22, 2017 - 07:03 PM (IST)

20 ਸਾਲਾਂ ਤੋਂ ਬੱਸ ਅੱਡੇ ਨੂੰ ਦੇਖਣ ਲਈ ਤਰਸ ਰਹੇ ਨੇ ਇਥੋਂ ਦੇ ਲੋਕ, ਹੁਣ ਤਾਂ ਸਕੀਮਾਂ ਦੇ ਕਾਗਜ਼ਾਂ ਦੀ ਵੀ ਹੋਈ ਬਸ  (ਤਸ

ਸ਼ਾਮਚੁਰਾਸੀ(ਚੁੰਬਰ)— ਸ਼ਾਮਚੁਰਾਸੀ ਵਿਖੇ ਬੱਸ ਅੱਡਾ ਬਣਾਉਣ ਦੀਆਂ ਸਕੀਮਾਂ ਦੀ ਸਰਕਾਰੀ ਕਾਗਜ਼ਾਂ ਵਿਚ ਹੀ ਬਸ ਹੋ ਗਈ ਹੈ। ਇਸ ਸਬੰਧੀ ਨਗਰ ਕੌਂਸਲ ਸ਼ਾਮਚੁਰਾਸੀ ਦੇ ਪ੍ਰਧਾਨ ਭਗਤ ਰਾਮ, ਉਪ ਪ੍ਰਧਾਨ ਕੁਲਜੀਤ ਸਿੰਘ ਹੁੰਦਲ ਅਤੇ ਕੌਂਸਲਰ ਨਿਰਮਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਬੱਸ ਅੱਡੇ ਨੂੰ ਬਣਾਉਣ ਲਈ 20 ਸਾਲ ਪਹਿਲਾਂ ਮਕਾਨ ਉਸਾਰੀ ਅਤੇ ਪੇਂਡੂ ਵਿਕਾਸ ਮੰਤਰੀ ਸਵ. ਸਰੂਪ ਸਿੰਘ ਅਤੇ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਸਵ. ਅਰਜਨ ਸਿੰਘ ਜੋਸ਼ ਵੱਲੋਂ ਉਦਘਾਟਨੀ ਪੱਥਰ ਲਾਇਆ ਗਿਆ ਸੀ, ਜਿਸ ਤੋਂ ਬਾਅਦ ਇਹ ਪੱਥਰ ਸੱਚਮੁੱਚ ਲੋਕਾਂ ਲਈ ਪੱਥਰ ਹੀ ਬਣ ਕੇ ਰਹਿ ਗਿਆ ਅਤੇ ਉਨ੍ਹਾਂ ਨੂੰ ਇਥੇ ਬੱਸ ਅੱਡਾ ਦੇਖਣਾ ਨਸੀਬ ਨਹੀਂ ਹੋਇਆ। 
ਇਸ ਕਾਰਜਕਾਲ ਦੌਰਾਨ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਉਕਤ ਬੱਸ ਅੱਡੇ ਨੂੰ ਸਹੀ ਢੰਗ ਨਾਲ ਰੂਪ-ਰੇਖਾ ਦੇਣ ਵਿਚ ਕੋਈ ਵੀ ਕਾਮਯਾਬ ਨਹੀਂ ਹੋ ਸਕਿਆ। ਸ਼ਾਮਚੁਰਾਸੀ ਬਾਰਾਦਰੀ ਨਜ਼ਦੀਕ ਉਕਤ ਬੱਸ ਅੱਡਾ ਬਣਾਉਣ ਦੀ ਰੂਪ-ਰੇਖਾ ਕਾਗਜ਼ਾਂ ਵਿਚ ਹੀ ਦਮ ਤੋੜ ਗਈ ਅਤੇ ਇਸ ਸਹੂਲਤ ਨੂੰ ਸਰਕਾਰੇ-ਦਰਬਾਰੇ ਵੀ ਠੰਡੇ ਬਸਤੇ ਵਿਚ ਹੀ ਪਾਇਆ ਗਿਆ।
ਜਾਣਕਾਰੀ ਦਿੰਦਿਆਂ ਪ੍ਰਧਾਨ ਭਗਤ ਰਾਮ ਨੇ ਦੱਸਿਆ ਕਿ ਪਿਛਲੀ ਸਰਕਾਰ ਨੇ ਬੱਸ ਸਟੈਂਡ ਬਣਾਉਣ ਦੀ ਮਨਜ਼ੂਰੀ ਵੀ ਦੇ ਦਿੱਤੀ ਸੀ ਅਤੇ ਇਥੇ ਕਰੀਬ ਢਾਈ ਕਨਾਲ ਜਗ੍ਹਾ 'ਤੇ ਬੱਸ ਸਟੈਂਡ ਬਣਾਉਣ ਦਾ ਸਕੈੱਚ ਵੀ ਪੀ. ਡਬਲਯੂ. ਡੀ. ਮਹਿਕਮੇ ਨੂੰ ਉਕਤ ਕਮੇਟੀ ਨੇ 15,000 ਦੀ ਰਕਮ ਲਾ ਕੇ ਦਿੱਤਾ। ਇਥੇ 7 ਲੱਖ ਨਾਲ ਬਾਰਾਦਰੀ ਦਾ ਕੁਝ ਹਿੱਸਾ ਪੂਰ ਕੇ ਮਿੱਟੀ ਪਾਉਣ ਦਾ ਟੈਂਡਰ ਵੀ ਪਾਇਆ ਗਿਆ ਸੀ ਪਰ ਇਸ ਨੂੰ ਅਕਾਲੀ ਸਰਕਾਰ ਦੀ ਕਮੇਟੀ ਵਿਚ ਸ਼ਮੂਲੀਅਤ ਨਾ ਹੋਣ ਕਰਕੇ ਮਨਜ਼ੂਰ ਨਹੀਂ ਹੋਣ ਦਿੱਤਾ ਗਿਆ। ਇਕਪਾਸੜ ਕਾਂਗਰਸੀ ਧੜੇ ਨੇ ਬੱਸ ਸਟੈਂਡ ਬਣਾਉਣ ਦਾ ਮੁੱਦਾ ਚੁੱਕਿਆ ਸੀ ਪਰ ਅਕਾਲੀ ਲੀਡਰਾਂ ਦੀ ਦਖਲਅੰਦਾਜ਼ੀ ਕਾਰਨ ਇਹ ਅਧੂਰਾ ਹੀ ਰਹਿ ਗਿਆ। 
ਸ਼ਾਮਚੁਰਾਸੀ ਦੇ ਮੌਜੂਦਾ ਵਿਧਾਇਕ ਪਵਨ ਕੁਮਾਰ ਆਦੀਆ ਨੇ ਉਕਤ ਸਥਾਨ ਦਾ ਮੌਕਾ ਵੀ ਦੇਖਿਆ ਅਤੇ ਜਲਦੀ ਹੀ ਇਸ ਅਧੂਰੇ ਪਏ ਕਾਰਜ ਨੂੰ ਕਿਸੇ ਠੋਸ ਵਿਧੀ ਨਾਲ ਪੂਰਾ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਸ਼ਾਮਚੁਰਾਸੀ ਨੂੰ ਬੱਸ ਸਟੈਂਡ ਵਰਗੀ ਸਹੂਲਤ ਦੇਣ ਦੇ ਨਾਲ-ਨਾਲ ਇਸ ਨੂੰ ਸਬ-ਤਹਿਸੀਲ ਬਣਾਉਣ ਲਈ ਵੀ ਯੋਗ ਉਪਰਾਲੇ ਕਰਨ ਦੀ ਗੱਲ ਕਹੀ। ਹੁਣ ਦੇਖਣਾ ਹੈ ਕਿ ਪਿਛਲੇ 20 ਸਾਲਾਂ ਵਿਚ ਤਾਂ ਇਸ ਬੱਸ ਸਟੈਂਡ ਲਈ ਕਿਸੇ ਨੇ ਵੀ ਯੋਗ ਸਟੈਂਡ ਨਹੀਂ ਲਿਆ। ਸ਼ਾਇਦ ਕੈਪਟਨ ਸਰਕਾਰ ਦੇ ਵਿਧਾਇਕ ਪਵਨ ਕੁਮਾਰ ਆਦੀਆ ਅਤੇ ਮੌਜੂਦਾ ਨਗਰ ਕੌਂਸਲ ਇਸ ਨੂੰ ਬਣਾਉਣ ਵਿਚ ਸਫਲ ਹੋ ਜਾਣ। ਜ਼ਿਕਰਯੋਗ ਹੈ ਕਿ ਅਜੇ ਤੱਕ ਤਾਂ ਬੋਹੜ ਚੌਕ ਨੂੰ ਹੀ ਬੱਸਾਂ, ਟੈਂਪੂਆਂ ਅਤੇ ਹੋਰ ਢੋਆ-ਢੁਆਈ ਦੇ ਵਾਹਨਾਂ ਨੇ ਬੱਸ ਸਟੈਂਡ ਬਣਾਇਆ ਹੋਇਆ ਹੈ, ਜਿਸ ਕਾਰਨ ਉਕਤ ਚੌਕ ਵਿਚ ਹਰ ਵੇਲੇ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਜੇਕਰ ਉਕਤ ਬੱਸ ਸਟੈਂਡ ਸਹੀ ਢੰਗ ਨਾਲ ਸਹੀ ਸਥਾਨ 'ਤੇ ਬਣਾ ਦਿੱਤਾ ਜਾਵੇ ਤਾਂ ਆਵਾਜਾਈ ਦੀ ਸਮੱਸਿਆ ਤੋਂ ਹਲਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।


Related News