ਨਾਭਾ ਦੇ ਪਿੰਡ ਕੈਦੂਪੁਰ ਵਿਖੇ ਕਾਰ ਅਤੇ ਬੱਸ ਦੀ ਟੱਕਰ ’ਚ ਇਕ ਦੀ ਮੌਤ ਪੰਜ ਜ਼ਖ਼ਮੀ
Tuesday, Feb 14, 2023 - 05:47 PM (IST)

ਨਾਭਾ (ਖੁਰਾਣਾ) : ਨਾਭਾ-ਭਾਦਸੋਂ ਸੜਕ ’ਤੇ ਸਥਿਤ ਪਿੰਡ ਕੈਦੂਪੁਰ ਨਜ਼ਦੀਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਅਨੁਸਾਰ ਇਨੋਵਾ ਕਾਰ ਸਵਾਰ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਕਾਰ ਸਵਾਰ ਜ਼ਖ਼ਮੀ ਹੋ ਗਏ। ਜਦੋਂ ਕਿ ਬੱਸ ਡਰਾਇਵਰ ਗੰਭੀਰ ਰੂਪ ਵਿਚ ਫੱਟੜ ਹੋ ਗਿਆ ਜੋ ਕਿ ਸਥਾਨਕ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਕੀ ਰੋਹਟੀ ਪੁਲ ਦੇ ਹੋਲਦਾਰ ਮਨਿੰਦਰ ਸਿੰਘ ਨੇ ਦੱਸਿਆ ਕਿ ਬੱਸ ਤੇ ਇਨੋਵਾ ਕਾਰ ਦੌਰਾਨ ਕੱਲ੍ਹ ਸ਼ਾਮ ਨੂੰ ਹਾਦਸਾ ਵਾਪਰਿਆ ਸੀ ਜਿਸ ਵਿਚ ਇਨੋਵਾ ਗੱਡੀ ਦੇ ਡਰਾਈਵਰ ਦੀ ਮੌਤ ਹੋ ਗਈ ਅਤੇ ਬੱਸ ਡਰਾਇਵਰ ਗੰਭੀਰ ਫੱਟੜ ਹੋ ਗਿਆ ਸੀ ਜਿਸ ਦਾ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਹੋਲਦਾਰ ਨੇ ਦੱਸਿਆ ਮ੍ਰਿਤਕ ਡਰਾਇਵਰ ਦੀ ਪਹਿਚਾਣ ਧਰਮਿੰਦਰ ਸਿੰਘ ਵਾਸੀ ਕੋਟਲਾ ਫ਼ਜ਼ਲ ਜ਼ਿਲ੍ਹਾ ਸ੍ਰੀ ਫਤਿਹਗਡ਼੍ਹ ਸਾਹਿਬ ਵਜੋਂ ਹੋਈ ਹੈ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਹਰਵਿੰਦਰ ਸਿੰਘ ਵਾਸੀ ਛੀਟਾਂਵਾਲਾ ਦੇ ਬਿਆਨਾ ’ਤੇ ਸਦਰ ਪੁਲਸ ਨੇ ਬੱਸ ਨੰਬਰ ਪੀ. ਬੀ. 03 - ਟੀ-7626 ਅਤੇ ਬੱਸ ਡਰਾਇਵਰ ਖ਼ਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
ਹਾਦਸੇ ਵਿਚ ਫੱਟੜ ਹੋਏ ਬੱਸ ਡਰਾਇਵਰ ਦਾ ਹਾਲ ਚਾਲ ਜਾਨਣ ਲਈ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਪਾਰਟੀ ਵਰਕਰਾਂ ਸਮੇਤ ਹਸਪਤਾਲ ਪਹੁੰਚੇ । ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਉਨ੍ਹਾਂ ਨੂੰ ਅਚਾਨਕ ਹੋਏ ਹਾਦਸੇ ਦਾ ਬਹੁਤ ਭਾਰੀ ਦੁੱਖ ਹੈ ਕਿਉਂਕਿ ਜੋ ਸ੍ਰੀ ਮੁਕਤਸਰ ਸਾਹਿਬ ਤੋਂ ਪਾਰਟੀ ਵਰਕਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਵਾਪਿਸ ਆਪਣੇ ਘਰ ਨੂੰ ਜਾ ਰਹੇ ਸਨ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਇਸ ਹਾਦਸੇ ਦੇ ਸਬੰਧ ਵਿਚ ਪੁਲਸ ਕਾਰਵਾਈ ਕਰ ਰਹੀ ਹੈ।