ਝਬਾਲ ਦੀ ਟ੍ਰੈਫਿਕ ਸਮੱਸਿਆ ਦਾ ਬਲਦਵਾਂ ਹੱਲ ਕੱਢਿਆ ਜਾਵੇਗਾ : ਮਨਜੀਤ ਸਿੰਘ

Monday, Oct 16, 2017 - 07:19 AM (IST)

ਝਬਾਲ/ਬੀੜ ਸਾਹਿਬ,  (ਲਾਲੂਘੁੰਮਣ, ਬਖਤਾਵਰ, ਭਾਟੀਆ)-  ਦੁਕਾਨਦਾਰਾਂ, ਮਿੰਨੀ ਬੱਸ ਆਪ੍ਰੇਟਰਾਂ, ਆਟੋ ਰਿਕਸ਼ਾ ਤੇ ਟੈਕਸੀ ਚਾਲਕਾਂ ਨਾਲ ਜਲਦ ਮੀਟਿੰਗ ਕਰ ਕੇ ਅੱਡਾ ਝਬਾਲ ਦੀ ਟ੍ਰੈਫਿਕ ਸਮੱਸਿਆ ਦਾ ਬਲਦਵਾਂ ਹੱਲ ਕੱਢਿਆ ਜਾਵੇਗਾ। ਇਹ ਜਾਣਕਾਰੀ ਥਾਣਾ ਝਬਾਲ ਦੇ ਮੁੱਖ ਮੁਨਸ਼ੀ ਮਨਜੀਤ ਸਿੰਘ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਤਰਨਤਾਰਨ ਦਰਸ਼ਨ ਸਿੰਘ ਮਾਨ ਵੱਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਅੱਡਾ ਝਬਾਲ ਦੀ ਟ੍ਰੈਫਿਕ ਲਈ ਜੋ ਵੀ ਸਮੱਸਿਆ ਖੜ੍ਹੀ ਕਰ ਰਿਹਾ ਹੈ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਵੀ ਸ਼ਿਕਾਇਤਾਂ ਮਿਲੀਆਂ ਹਨ ਕਿ ਅੱਡਾ ਝਬਾਲ ਦੇ ਦੁਕਾਨਦਾਰਾਂ ਵੱਲੋਂ ਜਿੱਥੇ ਆਪਣਾ ਸਾਮਾਨ ਸੜਕੀ ਥਾਵਾਂ 'ਤੇ ਲਾਇਆ ਹੋਇਆ ਹੈ, ਉਥੇ ਹੀ ਦੁਕਾਨਾਂ ਅੱਗੇ ਰੇਹੜੀਆਂ-ਫੜ੍ਹੀਆਂ ਵੀ ਲਵਾਈਆਂ ਗਈਆਂ ਹਨ, ਜੋ ਟ੍ਰੈਫਿਕ 'ਚ ਵੱਡਾ ਵਿਘਨ ਪਾ ਰਹੀਆਂ ਹਨ। 
 ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਦੁਕਾਨਦਾਰਾਂ ਨਾਲ ਜਲਦ ਮੀਟਿੰਗ ਕਰ ਕੇ ਉਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਜਾਣਗੀਆਂ, ਜਦ ਕਿ ਸੜਕਾਂ ਕਿਨਾਰੇ ਬੇਤਰਤੀਬੇ ਵਾਹਨ ਖੜ੍ਹੇ ਲੋਕਾਂ ਦੇ ਵਾਹਨ ਵੀ ਪੁਲਸ ਵੱਲੋਂ ਥਾਣੇ ਬੰਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਮੈਡੀਕਲ ਸਟੋਰਾਂ ਵਾਲਿਆਂ ਨਾਲ ਵੀ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਮੈਡੀਕਲ ਨਸ਼ੇ ਨੂੰ ਬੰਦ ਕਰਵਾਇਆ ਜਾ ਸਕੇ। ਦੱਸਣਯੋਗ ਹੈ ਕਿ ਅੱਡਾ ਝਬਾਲ ਦੀ ਟ੍ਰੈਫਿਕ ਸਮੱਸਿਆ ਸਬੰਧੀ 'ਜਗ ਬਾਣੀ' ਵੱਲੋਂ ਐਤਵਾਰ ਨੂੰ ਪ੍ਰਮੁੱਖਤਾ ਨਾਲ ਖਬਰ ਪ੍ਰਕਾਸ਼ਿਤ ਕਰਦਿਆਂ ਜ਼ਿਲਾ ਪੁਲਸ ਮੁਖੀ ਦਾ ਇਸ ਪਾਸੇ ਵੱਲ ਧਿਆਨ ਦਿਵਾਇਆ ਗਿਆ ਸੀ, ਜਿਸ ਉਪਰੰਤ ਪੁਲਸ ਵੱਲੋਂ ਤੁਰੰਤ ਹਰਕਤ 'ਚ ਆ ਕੇ ਇਸ ਸਬੰਧੀ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਗਏ ਹਨ। ਇਸ ਮੌਕੇ ਪਰਮਜੀਤ ਸਿੰਘ ਮੁਨਸ਼ੀ ਤੇ ਜਸਪਾਲ ਸਿੰਘ ਹੌਲਦਾਰ ਆਦਿ ਵੀ ਹਾਜ਼ਰ ਸਨ।


Related News