ਮਜ਼ਦੂਰ ਆਪਣੀਆਂ ਹੱਕੀ ਮੰਗਾਂ ਲਈ 7 ਸਾਲ ਤੋਂ ਦਰ-ਦਰ ਖਾ ਰਹੇ ਹਨ ਠੋਕਰਾਂ

Sunday, Jul 29, 2018 - 09:41 PM (IST)

ਮਜ਼ਦੂਰ ਆਪਣੀਆਂ ਹੱਕੀ ਮੰਗਾਂ ਲਈ 7 ਸਾਲ ਤੋਂ ਦਰ-ਦਰ ਖਾ ਰਹੇ ਹਨ ਠੋਕਰਾਂ

ਬੁਢਲਾਡਾ (ਮਨਜੀਤ)— ਅਕਾਲੀ-ਭਾਜਪਾ ਸਰਕਾਰ ਸਮੇਂ ਪਿੰਡ ਗੋਬਿੰਦਪੁਰਾ ਦੀ ਉਪਜਾਊ ਜ਼ਮੀਨ ਥਰਮਲ ਪਲਾਂਟ ਲਾਉਣ ਲਈ 850 ਏਕੜ ਜਮੀਨ ਇਕਵਾਇਰ ਕੀਤੀ ਸੀ, ਪਰ ਨਾ ਉਸ ਸਮੇਂ ਦੀ ਸਰਕਾਰ ਅਤੇ ਮੌਜੂਦਾ ਸਰਕਾਰ ਨੇ ਬਿਜਲੀ ਥਰਮਲ ਪਲਾਂਟ ਲਾਉਣ ਲਈ ਕੋਈ ਵੀ ਕੰਮ ਆਰੰਭ ਨਹੀਂ ਕੀਤਾ। ਜਦੋਂ ਕਿ ਨਿਯਮਾਂ ਤਹਿਤ ਰਹਿੰਦੇ 88 ਮਜ਼ਦੂਰਾਂ ਨੂੰ ਪ੍ਰਤੀ ਪਰਿਵਾਰ ਤਿੰਨ ਲੱਖ ਰੁਪਏ ਉਜਾੜਾ ਭੱਤਾ ਅਤੇ ਜ਼ਮੀਨ ਦੇ ਮਾਲਕਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਕੀਤੇ ਵਾਅਦੇ ਤੋਂ ਸਰਕਾਰਾਂ ਭੱਜ ਰਹੀਆਂ ਹਨ। ਇਹ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਸਰਪੰਚ ਗੁਰਲਾਲ ਸਿੰਘ ਨੂੰ ਸੌਂਪਦਿਆਂ ਪੀੜਤ ਮਜ਼ਦੂਰਾਂ ਤੇ ਚਰਨਜੀਤ ਸਿੰਘ, ਹਰਵਿੰਦਰ ਸਿੰਘ ਪਵਨੀ, ਬੱਗਾ ਸਿੰਘ, ਭੋਲਾ ਸਿੰਘ, ਮੇਜਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਦੀ ਲੋੜਵੰਦ ਲੋਕਾਂ ਦੀਆਂ ਸਮੱਸਿਆਵਾਂ ਅਤੇ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਲਾਗੂ ਕਰਵਾਉਣ ਦੀ ਅਹਿਮ ਜਿੰਮੇਵਾਰੀ ਹੁੰਦੀ ਹੈ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਤੋਂ ਲੋਕਾਂ ਦੇ ਚੁਣੇ ਹੋਏ ਸਰਪੰਚ ਰਾਹੀਂ ਗੋਬਿੰਦਪੁਰਾ ਦੇ ਮਜ਼ਦੂਰਾਂ ਨੂੰ ਤਿੰਨ ਲੱਖ ਪ੍ਰਤੀ ਪਰਿਵਾਰ ਉਜਾੜਾ ਭੱਤਾ ਦਿੱਤਾ ਜਾਵੇ ਅਤੇ ਰਹਿੰਦੇ ਕੁਝ ਕੁ ਪਰਿਵਾਰਾਂ ਨੂੰ ਨੌਕਰੀਆਂ ਦੇਣ ਦੀ ਮੰਗ ਕਰਦੇ ਹਾਂ। ਪਿੰਡ ਦੇ ਸਰਪੰਚ ਗੁਰਲਾਲ ਸਿੰਘ ਨੇ ਕਿਹਾ ਕਿ ਭਾਵੇਂ ਇਹ ਮਾਮਲਾ ਮੁੱਖ ਮੰਤਰੀ ਲੈਵਲ ਦਾ ਹੈ ਪਰ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਇਹ ਮਾਮਲਾ ਹੱਲ ਕਰਾਉਣ ਲਈ ਹਲਕਾ ਸੇਵਾਦਾਰ ਬੀਬੀ ਰਣਜੀਤ ਕੋਰ ਭੱਟੀ ਅਤੇ ਜਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ ਨੂੰ ਨਾਲ ਲੈ ਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗਾ। ਬੀਬੀ ਭੱਟੀ ਨੇ ਕਿਹਾ ਕਿ ਮਜ਼ਦੂਰਾਂ ਦੇ ਬਣਦੇ ਹੱਕ ਦਿਵਾਉਣ ਲਈ ਉਹ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਨਗੇ।


Related News